ਹੁਣ ਪੁਲਿਸ ਨੇ ਜਾਂਚ ਦੇ ਨਾਂ ‘ਤੇ ਅਦਾਲਤ ‘ਚ ਫੌਜਦਾਰੀ ਰਿਵੀਜ਼ਨ ਅਪੀਲ ਦਾਇਰ ਕੀਤੀ ਹੈ, ਜਿਸ ‘ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਣੀ ਹੈ।
ਵੱਖਵਾਦੀ ਵਿਚਾਰਧਾਰਾ ਵਾਲੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਤੇ ਉਸ ਦੇ ਸਾਥੀ ਲਵਪ੍ਰੀਤ ਸਿੰਘ ਦੇ ਪੁਲਿਸ ਰਿਮਾਂਡ ‘ਤੇ ਸ਼ੁੱਕਰਵਾਰ ਨੂੰ ਅਦਾਲਤ ‘ਚ ਫੈਸਲਾ ਲਿਆ ਜਾਵੇਗਾ। ਪੁਲਿਸ ਨੇ ਦੋਵਾਂ ਮੁਲਜ਼ਮਾਂ ਕੋਲੋਂ ਚਾਰ ਗ੍ਰਾਮ ਆਈਸ ਤੇ ਇਲੈਕਟ੍ਰਾਨਿਕ ਸਕੇਲ ਬਰਾਮਦ ਕੀਤੇ ਸਨ। 11 ਜੁਲਾਈ ਨੂੰ ਪੁਲਿਸ ਕਾਰਵਾਈ ਤੋਂ ਬਾਅਦ ਹਰਪ੍ਰੀਤ ਤੇ ਲਵਪ੍ਰੀਤ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਹੁਣ ਪੁਲਿਸ ਨੇ ਜਾਂਚ ਦੇ ਨਾਂ ‘ਤੇ ਅਦਾਲਤ ‘ਚ ਫੌਜਦਾਰੀ ਰਿਵੀਜ਼ਨ ਅਪੀਲ ਦਾਇਰ ਕੀਤੀ ਹੈ, ਜਿਸ ‘ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਣੀ ਹੈ। ਫਿਲੌਰ ਪੁਲਿਸ ਨੇ ਇਸ ਡਰੱਗ ਰੈਕੇਟ ਨਾਲ ਜੁੜੇ ਮਨੀਸ਼ ਮਰਵਾਹਾ ਵਾਸੀ ਆਤਮਾ ਨਗਰ, ਲੁਧਿਆਣਾ ਨੂੰ ਅਦਾਲਤ ‘ਚ ਪੇਸ਼ ਕੀਤਾ,ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਮਨੀਸ਼ ਦਾ ਹੀ ਸਾਥੀ ਲੁਧਿਆਣਾ ਵਾਸੀ ਸੰਦੀਪ ਅਰੋੜਾ ਜੇਲ੍ਹ ‘ਚ ਬੰਦ ਹੈ। ਆਈਸ ਤੇ ਸੜੇ ਹੋਏ ਵੀਹ-ਵੀਹ ਦੇ ਨੋਟਾਂ ਨਾਲ ਫੜੇ ਗਏ ਹਰਪ੍ਰੀਤ ਸਿੰਘ ਉਰਫ਼ ਹੈਪੀ ਤੇ ਲਵਪ੍ਰੀਤ ਵੀ ਜੇਲ੍ਹ ‘ਚ ਹਨ। ਪੁਲਿਸ ਦਾ ਤਰਕ ਹੈ ਕਿ ਉਹ ਇਸ ਗੱਲ ਦੀ ਜਾਂਚ ਕਰਨਾ ਚਾਹੁੰਦੀ ਹੈ ਕਿ ਦੋਵੇਂ ਮੁਲਜ਼ਮ ਕਿੰਨੇ ਸਮੇਂ ਤੋਂ ਨਸ਼ਾ ਲੈ ਰਹੇ ਸਨ ਅਤੇ ਉਹ ਨਸ਼ੇ ਕਿੱਥੋਂ ਲੈ ਕੇ ਆਏ ਸਨ, ਨਸ਼ੇ ਲਈ ਪੈਸੇ ਦੀ ਆਦਾਨ-ਪ੍ਰਦਾਨ ਕਿਵੇਂ ਕੀਤੀ ਗਈ ਸੀ। ਦੋਵੇਂ ਮੁਲਜ਼ਮਾਂ ਨੂੰ 11 ਜੁਲਾਈ ਨੂੰ ਫਿਲੌਰ ਵਿੱਚ ਕ੍ਰੇਟਾ ਕਾਰ ਵਿੱਚ ਨਸ਼ੇ ਦੀ ਹਾਲਤ ਵਿੱਚ ਪੁਲਿਸ ਨੇ ਫੜਿਆ ਸੀ। ਕਾਰਵਾਈ ਦੌਰਾਨ ਪੁਲਿਸ ਨੇ ਨਵੇਂ ਨਿਯਮਾਂ ਅਨੁਸਾਰ ਵੀਡੀਓਗ੍ਰਾਫੀ ਕੀਤੀ ਸੀ।