61 ਹੋਰ ਲੋਕਾਂ ਦੀ ਪਛਾਣ ਕਰ ਕੇ ਫੜਿਆ ਜਾਣਾ ਹੈ
ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਹਾਲੀਆ ਬੰਗਲਾਦੇਸ਼ੀ ਕਿਡਨੀ ਟਰਾਂਸਪਲਾਂਟੇਸ਼ਨ ਗਿਰੋਹ ਨੂੰ ਫੜਨ ਤੋਂ ਬਾਅਦ ਇਕ ਹੋਰ ਰੈਕੇਟ ਦਾ ਖ਼ੁਲਾਸਾ ਕਰ ਕੇ ਸਰਗਨਾ ਸਮੇਤ 15 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਅੰਤਰਰਾਜੀ ਕਿਡਨੀ ਟਰਾਂਸਪਲਾਂਟੇਸ਼ਨ ਗਿਰੋਹ ਦਿੱਲੀ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਤੇ ਗੁਜਰਾਤ ਆਦਿ ਸੂਬਿਆਂ ’ਚ ਸਰਗਰਮ ਸੀ। ਇਨ੍ਹਾਂ ਸੂਬਿਆਂ ਦੇ 11 ਵੱਡੇ ਹਸਪਤਾਲਾਂ ’ਚ ਗਿਰੋਹ 34 ਮਰੀਜ਼ਾਂ ਦੀ ਕਿਡਨੀ ਟਰਾਂਸਪਲਾਂਟ ਕਰਾ ਚੁੱਕਾ ਹੈ। ਇਨ੍ਹਾਂ ਹਸਪਤਾਲਾਂ ’ਚ ਐੱਨਸੀਆਰ ਦੇ ਪੰਜ, ਗੁਜਰਾਤ ਦਾ ਇਕ, ਪੰਜਾਬ ਤੇ ਹਰਿਆਣਾ ਦੇ ਦੋ-ਦੋ ਤੇ ਮੱਧ ਭਾਰਤ ਦਾ ਇਕ ਹਸਪਤਾਲ ਸ਼ਾਮਲ ਹੈ।
ਐਡੀਸ਼ਨਲ ਪੁਲਿਸ ਕਮਿਸ਼ਨਰ ਕ੍ਰਾਈਮ ਬ੍ਰਾਂਚ ਸੰਜੇ ਭਾਟੀਆ ਦਾ ਕਹਿਣਾ ਹੈ ਕਿ ਨਾਜਾਇਜ਼ ਤਰੀਕੇ ਨਾਲ ਮਨੁੱਖੀ ਅੰਗ ਟਰਾਂਸਪਲਾਂਟੇਸ਼ਨ ਕਰਾਉਣ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੁਲਿਸ ਨੇ ਕਿਡਨੀ ਲੈਣ ਤੇ ਦੇਣ ਵਾਲਿਆਂ, ਦਲਾਲਾਂ, ਟਰਾਂਸਪਲਾਂਟ ਕਰਨ ਵਾਲਿਆਂ ਜਾਂ ਕਿਸੇ ਵੀ ਰੂਪ ’ਚ ਸ਼ਾਮਲ ਹਰ ਵਿਅਕਤੀ ਨੂੰ ਮੁਕੱਦਮੇ ’ਚ ਮੁਲਜ਼ਮ ਬਣਾਉਣ ਦਾ ਫ਼ੈਸਲਾ ਕੀਤਾ ਹੈ। ਗ੍ਰਿਫ਼ਤਾਰ 15 ਮੁਲਜ਼ਮਾਂ ’ਚ ਅੱਠ ਰੈਕੇਟ ਨਾਲ ਜੁੜੇ ਮੈਂਬਰ ਹਨ। ਹੋਰ ਸੱਤ ਡੋਨਰ ਜਾਂ ਰਿਸੀਵਰ ਹਨ। ਭਾਟੀਆ ਮੁਤਾਬਕ, 34 ਮਰੀਜ਼ਾਂ ਦੀ ਕਿਡਨੀ ਟਰਾਂਸਪਲਾਂਟ ਲਈ 34 ਲੋਕਾਂ ਦੀਆਂ ਕਿਡਨੀਆਂ ਲਈਆਂ ਗਈਆਂ। ਹਾਲੇ ਤੱਕ ਇਨ੍ਹਾਂ ’ਚੋਂ ਸੱਤ ਦੀ ਹੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 61 ਹੋਰ ਲੋਕਾਂ ਦੀ ਪਛਾਣ ਕਰ ਕੇ ਫੜਿਆ ਜਾਣਾ ਹੈ। ਉਨ੍ਹਾਂ ਕਿਹਾ ਕਿ ਫ਼ਰਜ਼ੀ ਦਸਤਾਵੇਜ਼ ਦੇ ਸਹਾਰੇ ਕਿਡਨੀ ਟਰਾਂਸਪਲਾਂਟ ਕਰਾਉਣ ਕਾਰਨ ਇਨ੍ਹਾਂ ਦੀ ਪਛਾਣ ’ਚ ਜ਼ਿਆਦਾ ਸਮਾਂ ਲੱਗ ਸਕਦਾ ਹੈ। ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਜਿਨ੍ਹਾਂ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ, ਉਨ੍ਹਾਂ ’ਚ ਪੰਜ ਤੋਂ 10 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਹੈ। ਮੁਲਜ਼ਮਾਂ ’ਚ ਕੁਝ ਪਹਿਲਾਂ ਸ਼ਹਿਰ ਦੇ ਮਸ਼ਹੂਰ ਹਸਪਤਾਲਾਂ ’ਚ ਟਰਾਂਸਪਲਾਂਟ ਕੋਆਰਡੀਨੇਟਰ ਵਜੋਂ ਨੌਕਰੀ ਕਰ ਚੁੱਕੇ ਸਨ, ਜਿਸ ਨਾਲ ਉਨ੍ਹਾਂ ਨੂੰ ਪੂਰੀ ਪ੍ਰਕਿਰਿਆ ਦੀ ਜਾਣਕਾਰੀ ਸੀ। ਉਹ ਦਿੱਲੀ, ਫਰੀਦਾਬਾਦ, ਮੋਹਾਲੀ, ਪੰਚਕੂਲਾ, ਆਗਰਾ, ਇੰਦੌਰ ਤੇ ਗੁਜਰਾਤ ਦੇ ਵੱਖ-ਵੱਖ ਹਸਪਤਾਲਾਂ ’ਚ ਮਰੀਜ਼ਾਂ ਦੀ ਪਛਾਣ ਕਰ ਕੇ ਉਨ੍ਹਾਂ ਨਾਲ ਸੰਪਰਕ ਕਰ ਕੇ ਕਿਡਨੀ ਟਰਾਂਸਪਲਾਂਟ ਕਰਨ ਦੀ ਆਫਰ ਦਿੰਦੇ ਸਨ।
ਰਿਸੀਵਰ ਤੋਂ ਲੈਂਦੇ ਸਨ 35-40 ਲੱਖ, ਡੋਨਰ ਨੂੰ ਦਿੰਦੇ ਸਨ ਪੰਜ ਲੱਖ
ਡੀਸੀਪੀ ਅਮਿਤ ਗੋਇਆਲ ਮੁਤਾਬਕ, ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਕਿਡਨੀ ਡੋਨਰ ਨਾਲ ਸੰਪਰਕ ਕਰ ਕੇ ਉਨ੍ਹਾਂ ਦੇ ਕਮਜ਼ੋਰ ਆਰਥਿਕ ਪਿਛੋਕੜ ਦਾ ਫ਼ਾਇਦਾ ਚੁੱਕ ਕੇ ਉਨ੍ਹਾਂ ਨੂੰ ਕਿਡਨੀ ਵੇਚਣ ਲਈ ਤਿਆਰ ਕਰਦੇ ਸਨ। ਇਹ ਲੋਕ ਡੋਨਰ ਨੂੰ ਪੰਜ ਤੋਂ ਛੇ ਲੱਖ ਰੁਪਏ ਦਿੰਦੇ ਸਨ। ਦੋਵਾਂ ਨੂੰ ਕਰੀਬੀ ਰਿਸ਼ਤੇਦਾਰ ਦਿਖਾਉਣ ਲਈ ਜਾਅਲੀ ਦਸਤਾਵੇਜ਼ ਤਿਆਰ ਕਰਾਉਂਦੇ ਸਨ, ਕਿਉਂਕਿ ਇਹ ਲਾਜ਼ਮੀ ਵਿਵਸਥਾ ਹੈ। ਫ਼ਰਜ਼ੀ ਦਸਤਾਵੇਜ਼ ਦਾ ਕਿਸੇ ਨੂੰ ਸ਼ੱਕ ਨਾ ਹੋਵੇ, ਇਸ ਤੋਂ ਬਚਣ ਲਈ ਡੋਨਰ ਤੇ ਰਿਸੀਵਰ ਨੂੰ ਦੂਜੇ ਸੂਬੇ ਦਾ ਵਾਸੀ ਦਿਖਾਇਆ ਜਾਂਦਾ ਸੀ। ਜਾਅਲੀ ਦਸਤਾਵੇਜ਼ ਦੇ ਆਧਾਰ ’ਤੇ ਉਨ੍ਹਾਂ ਦੀ ਮੁੱਢਲੀ ਜਾਂਚ ਕੀਤੀ ਜਾਂਦੀ ਸੀ ਤੇ ਵੱਖ-ਵੱਖ ਹਸਪਤਾਲਾਂ ’ਚ ਟਰਾਂਸਪਲਾਂਟ ਅਥਾਰਟੀ ਕਮੇਟੀ ਦੀ ਜਾਂਚ ’ਚ ਪਾਸ ਹੋਣ ਦੀ ਵਿਵਸਥਾ ਕੀਤੀ ਜਾਂਦੀ ਸੀ। ਕਿਡਨੀ ਟਰਾਂਸਪਲਾਂਟ ਕਰਾਉਣ ਵਾਲਿਆਂ ਤੋਂ ਗਿਰੋਹ ਦੇ ਮੈਂਬਰ 35 ਤੋਂ 40 ਲੱਖ ਰੁਪਏ ਵਸੂਲਦੇ ਸਨ। ਮੁਲਜ਼ਮਾਂ ਦੇ ਕਬਜ਼ੇ ’ਚੋਂ ਟਿਕਟ, ਵੱਖ-ਵੱਖ ਅਥਾਰਟੀਆਂ ਦੀਆਂ ਮੋਹਰਾਂ, ਵੱਖ ਵੱਖ ਹਸਪਤਾਲਾਂ ਤੇ ਲੈਬਾਂ ਦੇ ਕਾਗਜ਼ਾਤ, ਮਰੀਜ਼ਾਂ ਤੇ ਕਿਡਨੀ ਟਰਾਂਸਪਲਾਂਟ ਦੇ ਡੋਨਰ ਦੀਆਂ ਜਾਅਲੀ ਫਾਈਲਾਂ ਤੇ ਮਹੱਤਵਪੂਰਨ ਜਾਅਲੀ ਦਸਤਾਵੇਜ਼ਾਂ ਸਮੇਤ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ।