ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਕੀਤਾ ਗਿਆ ਸ਼ਿਫਟ
ਕੇਰਲ ਦੇ ਵਾਇਨਾਡ ‘ਚ ਮੰਗਲਵਾਰ ਨੂੰ ਜ਼ਮੀਨ ਖਿਸਕਣ ਕਾਰਨ ਢਹਿ-ਢੇਰੀ ਘਰਾਂ, ਨਦੀਆਂ ‘ਚ ਪਾਣੀ ਅਤੇ ਉਖੜੇ ਹੋਏ ਦਰੱਖਤਾਂ ਦਾ ਮੰਜਰ ਦੇਖਿਆ ਗਿਆ। ਜ਼ਮੀਨ ਖਿਸਕਣ ਵਾਲੇ ਪ੍ਰਭਾਵਿਤ ਇਲਾਕਿਆਂ ‘ਚ ਫੌਜ ਪਹੁੰਚ ਗਈ ਹੈ। NDRF ਸਮੇਤ ਕਈ ਟੀਮਾਂ ਬਚਾਅ ਕੰਮ ‘ਚ ਲੱਗੀਆਂ ਹੋਈਆਂ ਹਨ ਤੇ ਬਚਾਅ ਕਾਰਜ ਜਾਰੀ ਹਨ।
ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ
ਕੇਰਲ ਦੇ ਵਾਇਨਾਡ ‘ਚ ਜ਼ਮੀਨ ਖਿਸਕਣ ਤੋਂ ਬਾਅਦ ਭਾਰਤੀ ਫੌਜ ਨੇ ਬਚਾਅ ਕਾਰਜ ਤੇਜ਼ ਕਰ ਦਿੱਤੇ ਹਨ। ਪ੍ਰਭਾਵਿਤ ਖੇਤਰਾਂ ਤੋਂ 1,000 ਤੋਂ ਵੱਧ ਲੋਕਾਂ ਨੂੰ ਸਫਲਤਾਪੂਰਵਕ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਬੁੱਧਵਾਰ ਸਵੇਰ ਤੱਕ ਲਗਭਗ 70 ਪੀੜਤਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ।
ਜ਼ਖਮੀਆਂ ਦਾ ਇਲਾਜ ਕਰ ਰਹੇ ਡਾਕਟਰ
ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਇਲਾਕਿਆਂ ‘ਚ ਜ਼ਖਮੀ ਲੋਕਾਂ ਦਾ ਇਲਾਜ ਕਰਨ ਲਈ ਡਾਕਟਰਾਂ ਦੀਆਂ ਟੀਮਾਂ ਲਗਾਤਾਰ ਪਹੁੰਚ ਰਹੀਆਂ ਹਨ। ਲੋਕਾਂ ਦਾ ਇਲਾਜ ਕਰ ਰਹੇ ਡਾਕਟਰਾਂ ਵਿੱਚੋਂ ਇਕ ਹਸਨਾ ਨੇ ਕਿਹਾ, ‘ਮੈਂ ਇਸ ਰਾਹਤ ਕੈਂਪ ਵਿਚ ਇਸ ਲਈ ਆਈ ਹਾਂ ਕਿਉਂਕਿ ਸਵੇਰੇ ਕੈਂਪ ਵਿਚ ਬਹੁਤ ਸਾਰੇ ਲੋਕਾਂ ਨੂੰ ਕੁਝ ਪਰੇਸ਼ਾਨੀ ਮਹਿਸੂਸ ਹੋਈ। ਜ਼ਿਆਦਾਤਰ ਲੋਕਾਂ ਨੂੰ ਸਿਰ ਦਰਦ, ਹਾਈ ਬੀਪੀ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ, ਜੋ ਤਣਾਅ ਦੀ ਵਜ੍ਹਾ ਨਾਲ ਹੈ। ਅਸੀਂ ਉਨ੍ਹਾਂ ਨੂੰ ਦਵਾਈਆਂ ਦੇ ਰਹੇ ਹਾਂ। ਉਸ ਨੇ ਅੱਗੇ ਕਿਹਾ, “ਲੋਕ ਸਦਮੇ ਵਿੱਚ ਹਨ, ਇਸ ਲਈ ਅਸੀਂ ਪਹਿਲੇ 3 ਦਿਨਾਂ ਤੱਕ ਬਹੁਤਾ ਕੁਝ ਨਹੀਂ ਕਰ ਸਕਦੇ, ਜਦੋਂ ਉਹ ਆਮ ਹੋ ਜਾਣਗੇ ਤਾਂ ਅਸੀਂ ਅੱਗਿਓਂ ਇਲਾਜ ਕਰਾਂਗੇ।”
ਹੁਣ ਤਕ 158 ਲੋਕਾਂ ਦੀ ਮੌਤ
ਜ਼ਮੀਨ ਖਿਸਕਣ ਦੇ ਇਕ ਦਿਨ ਬਾਅਦ ਵੀ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਬੁੱਧਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ 158 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ 98 ਲੋਕ ਲਾਪਤਾ ਹਨ।
ਕੇਰਲ ਦੀ ਸਿਹਤ ਮੰਤਰੀ ਸੜਕ ਹਾਦਸੇ ਦਾ ਸ਼ਿਕਾਰ
ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਦੀ ਕਾਰ ਮਲਪੁਰਮ ਜ਼ਿਲ੍ਹੇ ਦੇ ਮੰਜੇਰੀ ਨੇੜੇ ਮਾਮੂਲੀ ਹਾਦਸੇ ਦਾ ਸ਼ਿਕਾਰ ਹੋ ਗਈ। ਉਹ ਵਾਇਨਾਡ ਜਾ ਰਹੀ ਸੀ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਸ ਦਾ ਮੰਜਰੀ ਮੈਡੀਕਲ ਕਾਲਜ ਵਿੱਚ ਇਲਾਜ ਚੱਲ ਰਿਹਾ ਹੈ।
ਪ੍ਰਭਾਵਿਤ ਇਲਾਕਿਆਂ ‘ਚ ਬਚਾਅ ਕਾਰਜ ਜਾਰੀ
ਫੌਜ ਦੀ 122ਵੀਂ ਇਨਫੈਂਟਰੀ ਬਟਾਲੀਅਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀ ਹੋਈ ਹੈ। ਫੌਜ ਦੇ ਜਵਾਨ ਪ੍ਰਭਾਵਿਤ ਇਲਾਕਿਆਂ ‘ਚ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਹਨ। ਇਸ ਦੇ ਨਾਲ ਹੀ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਚਾਉਣਾ ਫੌਜ ਦੀ ਪਹਿਲੀ ਤਰਜੀਹ ਬਣ ਗਈ ਹੈ।