ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਪੰਜ ਵਾਰ ਸਾਂਸਦ ਰਹਿ ਚੁੱਕੇ ਅਨੁਰਾਗ ਠਾਕੁਰ ਦੀ ਟਿੱਪਣੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਐਕਸ ਹੈਂਡਲ ‘ਤੇ ਆਪਣੇ ਭਾਸ਼ਣ ਦੀ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ
ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਵੱਲੋਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਖ਼ਿਲਾਫ਼ ਕੀਤੀ ਟਿੱਪਣੀ ਨੂੰ ਲੈ ਕੇ ਵਿਵਾਦ ਸ਼ਾਂਤ ਹੋਣ ਦੀ ਬਜਾਏ ਵਧਦਾ ਨਜ਼ਰ ਆ ਰਿਹਾ ਹੈ। ਕਾਂਗਰਸ ਨੇ ਅਨੁਰਾਗ ਠਾਕੁਰ ਦੇ ਭਾਸ਼ਣ ਦੀ ਤਾਰੀਫ ਕਰਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦੀ ਸ਼ਿਕਾਇਤ ਦਰਜ ਕਰਵਾਈ ਹੈ। ਜਲੰਧਰ ਤੋਂ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਦੇ ਸਕੱਤਰ ਜਨਰਲ ਨੂੰ ਸ਼ਿਕਾਇਤ ਸੌਂਪੀ ਹੈ।
ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਪੰਜ ਵਾਰ ਸਾਂਸਦ ਰਹਿ ਚੁੱਕੇ ਅਨੁਰਾਗ ਠਾਕੁਰ ਦੀ ਟਿੱਪਣੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਐਕਸ ਹੈਂਡਲ ‘ਤੇ ਆਪਣੇ ਭਾਸ਼ਣ ਦੀ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ, ‘ਮੇਰੇ ਨੌਜਵਾਨ ਅਤੇ ਊਰਜਾਵਾਨ ਸਾਥੀ ਦਾ ਇਹ ਭਾਸ਼ਣ ਜ਼ਰੂਰ ਸੁਣਿਆ ਜਾਵੇ। ਤੱਥਾਂ ਅਤੇ ਹਾਸੇ-ਮਜ਼ਾਕ ਦਾ ਇੱਕ ਸੰਪੂਰਨ ਮਿਸ਼ਰਣ, ਜੋ INDIA ਗਠਜੋੜ ਦੀ ਗੰਦੀ ਰਾਜਨੀਤੀ ਦਾ ਪਰਦਾਫਾਸ਼ ਕਰਦਾ ਹੈ।
ਚਰਨਜੀਤ ਸਿੰਘ ਚੰਨੀ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਅਨੁਰਾਗ ਠਾਕੁਰ ਨੇ ਆਪਣੇ ਭਾਸ਼ਣ ਦੌਰਾਨ ‘ਕਈ ਇਤਰਾਜ਼ਯੋਗ ਟਿੱਪਣੀਆਂ’ ਕੀਤੀਆਂ, ਜਿਨ੍ਹਾਂ ਨੂੰ ਸਪੀਕਰ ਨੇ ਬਾਅਦ ‘ਚ ਰਿਕਾਰਡ ‘ਚੋਂ ਕੱਢ ਦਿੱਤਾ। ਹਾਲਾਂਕਿ, ਪੀਐਮ ਮੋਦੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਅਨੁਰਾਗ ਠਾਕੁਰ ਦੇ ਭਾਸ਼ਣ ਦਾ ਪੂਰਾ ਹਿੱਸਾ ਟਵੀਟ ਕੀਤਾ। ਇਹ ਲੋਕ ਸਭਾ ਦੇ ਨਿਯਮਾਂ ਦੀ ਉਲੰਘਣਾ ਹੈ।
ਕੱਲ੍ਹ ਵਿਰੋਧੀ ਪਾਰਟੀਆਂ ਨੇ ਅਨੁਰਾਗ ਠਾਕੁਰ ਵੱਲੋਂ ਰਾਹੁਲ ਗਾਂਧੀ ਖ਼ਿਲਾਫ਼ ਕੀਤੀ ਟਿੱਪਣੀ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ। ਕੁਰਸੀ ‘ਤੇ ਬੈਠੇ ਭਾਜਪਾ ਦੇ ਸੀਨੀਅਰ ਸੰਸਦ ਮੈਂਬਰ ਜਗਦੰਬਿਕਾ ਪਾਲ ਨੇ ਭਰੋਸਾ ਦਿੱਤਾ ਸੀ ਕਿ ਕਾਰਵਾਈ ਦੇ ਰਿਕਾਰਡ ਤੋਂ ਟਿੱਪਣੀਆਂ ਨੂੰ ਹਟਾ ਦਿੱਤਾ ਜਾਵੇਗਾ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ, ‘ਕਾਰਵਾਈ ਤੋਂ ਹਟਾਈਆਂ ਗਈਆਂ ਟਿੱਪਣੀਆਂ ਨੂੰ ਵੀ ਐਡਿਟ ਕੀਤਾ ਜਾਂਦਾ ਹੈ ਅਤੇ ਆਨਲਾਈਨ ਅਪਲੋਡ ਕੀਤੇ ਗਏ ਵੀਡੀਓਜ਼ ਤੋਂ ਹਟਾਇਆ ਜਾਂਦਾ ਹੈ। ਪਰ ਸੰਸਦ ਟੀਵੀ ਨੇ ਇਸ ਮਾਮਲੇ ਵਿੱਚ ਅਨੁਰਾਗ ਠਾਕੁਰ ਦੇ ਭਾਸ਼ਣ ਨੂੰ ਬਿਨਾਂ ਐਡਿਟ ਕੀਤੇ ਅਪਲੋਡ ਕਰ ਦਿੱਤਾ। ਭਾਰਤ ਦੇ ਸੰਸਦੀ ਇਤਿਹਾਸ ਵਿੱਚ ਇਹ ਇੱਕ ਸ਼ਰਮਨਾਕ ਘਟਨਾ ਹੈ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਸ ਮੁੱਦੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਦਨ ‘ਚ ਜਾਤੀ ‘ਤੇ ਵਿਅੰਗ ਕਰਨਾ ਠੀਕ ਨਹੀਂ ਹੈ। ਸਦਨ ਵਿੱਚ ਜਾਤ ਨਹੀਂ ਪੁੱਛੀ ਜਾਂਦੀ। ਭਾਜਪਾ ਜਾਣਦੀ ਹੈ ਕਿ ਰਾਹੁਲ ਕਿਸ ਜਾਤੀ ਨਾਲ ਸਬੰਧਤ ਹਨ। ਉਨ੍ਹਾਂ (Anurag Thakur) ਨੇ ਸਿਰਫ਼ ਅਪਮਾਨਿਤ ਕਰਨ ਲਈ ਅਜਿਹਾ ਬਿਆਨ ਦਿੱਤਾ ਹੈ। ਭਾਜਪਾ ਦੇ ਵੱਡੇ ਨੇਤਾਵਾਂ ਨੇ ਅੰਤਰਜਾਤੀ ਵਿਆਹ ਕਰਵਾਏ ਹਨ। ਇਸ ਲਈ ਪਹਿਲਾਂ ਉਸਨੂੰ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖਣਾ ਚਾਹੀਦਾ ਹੈ। ਜਾਤ ਨੂੰ ਲੈ ਕੇ ਬਿਆਨਬਾਜ਼ੀ ਕਰਨਾ ਗਲਤ ਹੈ। ਪ੍ਰਧਾਨ ਮੰਤਰੀ ਨੇ ਵੀ ਟਵੀਟ ਕੀਤਾ। ਪ੍ਰਧਾਨ ਮੰਤਰੀ ਨੂੰ ਅਜਿਹਾ ਕਰਨ ਦੀ ਕੀ ਲੋੜ ਸੀ?