ਪੱਛਮੀ ਏਸ਼ੀਆ ’ਚ ਵਧਦੇ ਤਣਾਅ ਕਾਰਨ ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ ਤਲ ਅਵੀਵ (ਇਜ਼ਰਾਈਲ) ਆਉਣ-ਜਾਣ ਵਾਲੀਆਂ ਆਪਣੀਆਂ ਉਡਾਣਾਂ ਨੂੰ ਅੱਠ ਅਗਸਤ ਤੱਕ ਰੋਕ ਦਿੱਤਾ ਹੈ।
ਪੱਛਮੀ ਏਸ਼ੀਆ ’ਚ ਵਧਦੇ ਤਣਾਅ ਕਾਰਨ ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ ਤਲ ਅਵੀਵ (ਇਜ਼ਰਾਈਲ) ਆਉਣ-ਜਾਣ ਵਾਲੀਆਂ ਆਪਣੀਆਂ ਉਡਾਣਾਂ ਨੂੰ ਅੱਠ ਅਗਸਤ ਤੱਕ ਰੋਕ ਦਿੱਤਾ ਹੈ। ਟਾਟਾ ਸਮੂਹ ਦੀ ਇਹ ਏਅਰਲਾਈਨ ਦਿੱਲੀ ਤੋਂ ਤਲ ਅਵੀਵ ਲਈ ਹਫਤੇ ’ਚ ਪੰਜ ਉਡਾਣਾਂ ਦਾ ਸੰਚਾਲਨ ਕਰਦੀ ਹੈ।
ਏਅਰ ਇੰਡੀਆ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਪੱਛਮੀ ਏਸ਼ੀਆ ਦੇ ਇਕ ਹਿੱਸੇ ਦੇ ਹਾਲਾਤ ਕਾਰਨ ਅਸੀਂ ਤਲ ਅਵੀਵ ਆਉਣ-ਜਾਣ ਵਾਲੀਆਂ ਉਡਾਣਾਂ ਦੇ ਸੰਚਾਲਨ ’ਤੇ ਅੱਠ ਅਗਸਤ ਤੱਕ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਹੈ।
ਅਸੀਂ ਲਗਾਤਾਕ ਹਾਲਾਤ ’ਤੇ ਨਜ਼ਰ ਰੱਖ ਰਹੇ ਹਾਂ। ਏਅਰਲਾਈਨ ਨੇ ਇਹ ਵੀ ਕਿਹਾ ਕਿ ਇਸ ਮਿਆਦ ’ਚ ਤਲ ਅਵੀਵ ਜਾਣ ਤੇ ਆਉਣ ਵਾਲੀਆਂ ਕਨਫਰਮ ਬੁਕਿੰਗ ਵਾਲੇ ਯਾਤਰੀਆਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਰੀਸ਼ਡਿਊਲਿੰਗ ਤੇ ਰੱਦ ਕਰਨ ’ਚ ਇਕ ਵਾਰ ਦੀ ਛੋਟ ਦਿੱਤੀ ਜਾ ਰਹੀ ਹੈ। ਏਅਰਲਾਈਨ ਨੇ ਕਿਹਾ ਕਿ ਯਾਤਰੀਆਂ ਤੇ ਚਾਲਕ ਟੀਮ ਦੇ ਮੈਂਬਰਾਂ ਦੀ ਸੁਰੱਖਿਆ ਉਸਦੀ ਸਰਵਉੱਚ ਪਹਿਲ ਹੈ।
ਏਅਰ ਇੰਡੀਆ ਦੀ ਤਰ੍ਹਾਂ ਜਰਮਨ ਏਅਰਲਾਈਨ ਲੁਫਤਾਂਸਾ, ਇਟਲੀ ਦੀ ਆਈਟੀਏ ਤੇ ਅਮਰੀਕਾ ਦੀ ਯੂਨਾਈਟਿਡ ਏਅਰਲਾਈਨ ਤੇ ਡੈਲਟਾ ਏਅਰਲਾਈਨ ਨੇ ਵੀ ਤਲ ਅਵੀਵ ਦੀਆਂ ਉਡਾਣਾਂ ਟਾਲ ਦਿੱਤੀਆਂ ਹਨ। ਉਥੇ ਹੀ, ਸਿੰਗਾਪੁਰ, ਤਾਈਵਾਨ ਦੀ ਈਵੀਏ ਏਅਰ ਤੇ ਚਾਈਨਾ ਏਅਰਲਾਈਨ ਨੇ ਆਪਣੀਆਂ ਉਡਾਣਾਂ ਲਈ ਇਰਾਨੀ ਹਵਾਈ ਖੇਤਰ ਦੀ ਵਰਤੋਂ ਬੰਦ ਕਰ ਦਿੱਤੀ ਹੈ।
ਇਹ ਏਅਰਲਾਈਨਜ਼ ਹੁਣ ਬਦਲਵੇਂ ਹਵਾਈ ਮਾਰਗਾਂ ਦੀ ਵਰਤੋਂ ਕਰ ਰਹੀਆਂ ਹਨ। ਸਿੰਗਾਪੁਰ ਏਅਰਲਾਈਨ ਦੀ ਲੰਡਨ ਜਾਣ ਵਾਲੀ ਉਡਾਣ ਨੇ ਵੀਰਵਾਰ ਤੇ ਸ਼ੁੱਕਰਵਾਰ ਨੂੰ ਤੁਰਕਮੇਨਿਸਤਾਨ ਤੇ ਅਜ਼ਰਬਾਇਜਾਨ ਦੇ ਰਾਹ ਉਡਾਣ ਭਰੀ।
ਹਾਲਾਂਕਿ ਹਾਲੇ ਵੀ ਕਈ ਏਅਰਲਾਈਨਜ਼ ਈਰਾਨ ਦੇ ਉੱਪਰੋਂ ਉਡਾਣ ਭਰ ਰਹੀਆਂ ਹਨ, ਜਿਨ੍ਹਾਂ ’ਚ ਯੂਏਈ ਦੀ ਇਤਿਹਾਦ, ਐਮੀਰੇਟਸ ਤੇ ਫਲਾਈ ਦੁਬਈ ਦੇ ਨਾਲ ਨਾਲ ਕਤਰ ਏਅਰਵੇਜ਼ ਤੇ ਤੁਰਕਿਸ਼ ਏਅਰਲਾਈਨ ਸ਼ਾਮਲ ਹਨ।