ਪੰਜਾਬੀ ਯੂਨੀਵਰਸਿਟੀ ਦਾ ਕੰਪਿਊਟਰ ਸਾਇੰਸ ਵਿਭਾਗ ਪੰਜਾਬੀ ਦੀ ਲਾਜ਼ਮੀ ਪੜ੍ਹਾਈ ਤੋਂ ਪਾਸਾ ਵੱਟ ਗਿਆ ਹੈ।
ਪੰਜਾਬੀ ਯੂਨੀਵਰਸਿਟੀ ਦਾ ਕੰਪਿਊਟਰ ਸਾਇੰਸ ਵਿਭਾਗ ਪੰਜਾਬੀ ਦੀ ਲਾਜ਼ਮੀ ਪੜ੍ਹਾਈ ਤੋਂ ਪਾਸਾ ਵੱਟ ਗਿਆ ਹੈ। ਵਿਭਾਗ ਵੱਲੋਂ ਪੰਜਾਬੀ ਨੂੰ ਬੀਸੀਏ ਦੇ ਸਾਰੇ ਸਮੈਸਟਰਾਂ ਵਿਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਅਕਾਦਮਿਕ ਕੌਂਸਲ ਦੇ ਫੈਸਲੇ ਨੂੰ ਲਾਗੂ ਕਰਨ ਦੀ ਬਜਾਏ ਪੰਜਾਬੀ ਨੂੰ ਲਾਗੂ ਕਰਨ ਬਾਰੇ ਹੁਣ ਕਾਲਜਾਂ ਤੋਂ ਸੁਝਾਅ ਮੰਗੇ ਜਾ ਰਹੇ ਹਨ। ਕੰਪਿਊਟਰ ਸਾਇੰਸ ਵਿਭਾਗ ਮੁਖੀ ਨੇ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਸਮੂਹ ਰੀਜਨਲ ਸੈਂਟਰ, ਐਫੀਲੇਟਿਡ ਕਾਲਜ ਅਤੇ ਕਾਂਸਟੀਚਿਊਟ ਕਾਲਜਾਂ ਵਿੱਚ ਬੀਏਸੀਏ ਕੋਰਸ ਕਰਵਾਉਣ ਵਾਲੇ ਕਾਲਜਾਂ ਨੂੰ ਚਿੱਠੀ ਜਾਰੀ ਕੀਤੀ ਹੈ। ਚਿੱਠੀ ਰਾਹੀਂ ਬੀਸੀਏ ਭਾਗ ਦੂਜਾ ਤੇ ਤੀਜਾ ਵਿੱਚ ਪੰਜਾਬੀ ਵਿਸ਼ਾ ਲਾਗੂ ਕੀਤੇ ਜਾਣ ਸਬੰਧੀ ਰਾਏ ਮੰਗੀ ਗਈ ਹੈ। ਸਮੂਹ ਕਾਲਜਾਂ ਦੇ ਪ੍ਰਿੰਸੀਪਲ ਤੇ ਡਾਇਰੈਕਟਰਾਂ ਨੂੰ ਵਿਭਾਗ ਦੀ ਈਮੇਲ ਰਾਹੀਂ ਆਪਣੇ ਸੁਝਾਅ ਭੇਜਣ ਲਈ ਕਿਹਾ ਹੈ। ਵਿਭਾਗ ਮੁਖੀ ਦਾ ਕਹਿਣਾ ਹੈ ਕਿ ਕਾਲਜਾਂ ਵੱਲੋਂ ਪ੍ਰਾਪਤ ਸੁਝਾਵਾਂ ਦੇ ਆਧਾਰ ’ਤੇ ਹੀ ਬੋਰਡ ਆਫ ਸਟਡੀਜ ਦੀ ਇਕੱਤਰਤਾ ਸੱਦ ਕੇ ਬੀਸੀਏ ਕੋਰਸ ਵਿਭਾਗ ਦੂਜਾ ਅਤੇ ਤੀਜਾ ਵਿੱਚ ਪੰਜਾਬੀ ਵਿਸ਼ਾ ਲਾਗੂ ਕਰਨ ਸਬੰਧੀ ਫੈਸਲਾ ਲਿਆ ਜਾਵੇਗਾ।
ਪੰਜਾਬੀ ਭਾਸ਼ਾ ਪ੍ਰੇਮੀ ਡਾ. ਲਖਵਿੰਦਰ ਸਿੰਘ ਜੌਹਲ ਦੱਸਦੇ ਹਨ ਕਿ ਪੰਜਾਬੀ ਵਿਭਾਗ ਵੱਲੋਂ ਅਕਾਦਮਿਕ ਕੌਂਸਲ ਦੇ ਆਦੇਸ਼ ਅਨੁਸਾਰ ਪਾਠਕ੍ਰਮ ਬਣਾ ਕੇ ਭੇਜ ਵੀ ਦਿੱਤੇ ਗਏ ਹਨ, ਜੋ ਯੂਨੀਵਰਸਿਟੀ ਦੀ ਵੈੱਬਸਾਈਟ ਉੱਪਰ ਵੀ ਉਪਲਬੱਧ ਹਨ ਪਰ ਯੂਨੀਵਰਸਿਟੀ ਦੇ ਕੰਪਿਊਟਰ ਵਿਭਾਗ ਵੱਲੋਂ ਯੂਨੀਵਰਸਿਟੀ ਵੈੱਬਸਾਈਟ ’ਤੇ ਬੀਸੀਏ ਕੋਰਸ ਦੀ ਸਕੀਮ ਵਿਚ ਪੰਜਾਬੀ ਲਾਜ਼ਮੀ ਦਾ ਵਿਸ਼ਾ ਪਹਿਲੇ ਦੋ ਸਮੈਸਟਰਾਂ ਵਿਚ ਹੀ ਲਾਗੂ ਦਿਖਾਇਆ ਗਿਆ ਹੈ। ਅਕਾਦਮਿਕ ਕੌਂਸਲ ਦੇ ਫ਼ੈਸਲੇ ਅਨੁਸਾਰ ਬੀਸੀਏ ਦੇ ਸਾਰੇ ਸਮੈਸਟਰਾਂ ਵਿਚ ਪੰਜਾਬੀ ਲਾਜ਼ਮੀ ਦਾ ਵਿਸ਼ਾ ਪੜ੍ਹਾਉਣਾ ਲਾਜ਼ਮੀ ਹੈ। ਇਸ ਤਰ੍ਹਾਂ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਅਕਾਦਮਿਕ ਕੌਂਸਲ ਦੇ ਫ਼ੈਸਲੇ ਦੀ ਸਰਾਸਰ ਉਲੰਘਣਾ ਕੀਤੀ ਜਾ ਰਹੀ ਹੈ।