ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ(Punjab) ਹੁਣ ਸੂਰਜੀ ਊਰਜਾ ਦੇ ਖੇਤਰ ਵਿੱਚ ਆਤਮ ਨਿਰਭਰ ਬਣ ਜਾਵੇਗਾ।
ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ 20 ਹਜ਼ਾਰ ਖੇਤੀ ਟਿਊਬਵੈੱਲ ਸੂਰਜੀ ਊਰਜਾ ‘ਤੇ ਚਲਾਏ ਜਾਣਗੇ ,ਇਸ ਦੀ ਟੈਂਡਰ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਜਲਦੀ ਹੀ ਸਰਕਾਰ ਪੋਰਟਲ ਖੋਲ੍ਹੇਗੀ ਅਤੇ ਲੋਕ ਇਸ ਲਈ ਅਪਲਾਈ ਕਰ ਸਕਣਗੇ। ਵੀਰਵਾਰ ਨੂੰ ਸੁਨਾਮ ਵਿਖੇ ਪ੍ਰੈਸ ਕਲੱਬ ਦੇ ਦਫ਼ਤਰ ਵਿਸ਼ੇਸ਼ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ(Aman Arora) ਨੇ ਕਿਹਾ ਕਿ ਸੂਰਜੀ ਅਤੇ ਪੌਣ ਊਰਜਾ ਹਰੀ ਊਰਜਾ ਦੀ ਸ਼੍ਰੇਣੀ ਵਿੱਚ ਆਉਂਦੀ ਹੈ ਅਤੇ ਹਰੀ ਊਰਜਾ ਵਿਸ਼ਵ ਦਾ ਭਵਿੱਖ ਹੈ। ਪੰਜਾਬ ਨੇ 2030 ਤੱਕ ਮੌਜੂਦਾ ਸੂਰਜੀ ਊਰਜਾ ਦੀ ਸਮਰੱਥਾ ਨੂੰ ਦੁੱਗਣਾ ਕਰਨ ਦਾ ਟੀਚਾ ਮਿੱਥਿਆ ਹੈ। ਸਰਕਾਰ ਤਾਪ ਊਰਜਾ ਨੂੰ ਘਟਾਉਣ ਲਈ ਗੰਭੀਰ ਹੈ ਜੋ ਪ੍ਰਦੂਸ਼ਣ ਦਾ ਕਾਰਨ ਬਣਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 333 ਪਾਵਰ ਗਰਿੱਡਾਂ ਦੀ ਚੋਣ ਕੀਤੀ ਗਈ ਹੈ ਅਤੇ ਇਸ ਗਰਿੱਡ ’ਤੇ 4-4 ਮੈਗਾਵਾਟ ਦੇ 66 ਪ੍ਰਾਜੈਕਟ ਸਥਾਪਤ ਕੀਤੇ ਜਾਣਗੇ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ(Punjab) ਹੁਣ ਸੂਰਜੀ ਊਰਜਾ ਦੇ ਖੇਤਰ ਵਿੱਚ ਆਤਮ ਨਿਰਭਰ ਬਣ ਜਾਵੇਗਾ। ਪੰਜਾਬ ਵਿੱਚ ਵੱਧ ਰਹੀ ਬਿਜਲੀ ਦੀ ਖਪਤ ਅਤੇ ਹਜ਼ਾਰਾਂ ਕਰੋੜ ਰੁਪਏ ਦੀਆਂ ਸਬਸਿਡੀਆਂ ਨੂੰ ਕਾਬੂ ਕਰਨ ਲਈ ਸਰਕਾਰ ਦਾ ਸਾਰਾ ਧਿਆਨ ਸੂਰਜੀ ਊਰਜਾ ‘ਤੇ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਪੰਜਾਬ ਨੂੰ ਮੋਹਰੀ ਸੂਬਿਆਂ ਵਿੱਚ ਸ਼ੁਮਾਰ ਕਰਨ ਲਈ ਯਤਨਸ਼ੀਲ ਹੈ, ਇਸ ਮੌਕੇ ‘ਆਪ’ ਆਗੂ ਸਾਹਿਬ ਸਿੰਘ, ਬਲਵੀਰ ਸਿੰਘ ਲੰਮਾ , ਲਾਡੀ ਸਿੰਘ ਆਦਿ ਹਾਜ਼ਰ ਸਨ।