12 ਸਾਲ ਪੁਰਾਣੀ ਹੈ ਐੱਨਓਸੀ, 6 ਸਾਲ ਪਹਿਲਾਂ ਪਾਸ ਹੋਇਆ ਨਕਸ਼ਾ
ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਨੇ ਦੱਸਿਆ ਕਿ ਪ੍ਰਾਪਤ ਹੋਈ ਐੱਨਓਸੀ ਸਾਲ 2012-13 ’ਚ ਜਾਰੀ ਕੀਤੇ ਗਏ ਨੰਬਰਾਂ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 12 ਸਾਲ ਪੁਰਾਣੀ ਐੱਨਓਸੀ ਦੇ ਆਧਾਰ ’ਤੇ 6 ਸਾਲ ਪਹਿਲਾਂ ਨਕਸ਼ੇ ਪਾਸ ਕਰਵਾਏ ਗਏ ਸਨ।
ਇਹ ਨਕਸ਼ੇ ਸਾਲ 2018 ’ਚ ਪਾਸ ਕੀਤੇ ਗਏ ਸਨ। ਇਹ ਕਿਵੇਂ ਸੰਭਵ ਹੋਇਆ ਤੇ ਇਸ ’ਚ ਕੌਣ ਸ਼ਾਮਲ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਕਈ ਲੋਕ ਕਾਰਵਾਈ ਦੇ ਘੇਰੇ ’ਚ ਆਉਣਗੇ।
ਕਮਿਸ਼ਨਰ ਨੇ ਕਿਹਾ ਕਿ ਇਸ ਮਾਮਲੇ ’ਚ ਜਲਦਬਾਜ਼ੀ ਕਰਨ ਨਾਲ ਕੇਸ ਕਮਜ਼ੋਰ ਹੋ ਸਕਦਾ ਹੈ। ਇਸ ਲਈ ਅਸੀਂ ਸਾਰੇ ਵਿਭਾਗਾਂ ਤੋਂ ਰਿਕਾਰਡ ਇਕੱਠਾ ਕਰਾਂਗੇ।
ਗ੍ਰੀਨ ਕਾਉਂਟੀ ਮਾਮਲੇ ’ਚ ਏਟੀਪੀ ਤੇ ਇੰਸਪੈਕਟਰ ’ਤੇ ਕਾਰਵਾਈ ਹੋਵੇਗੀ
ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਨੇ ਕਿਹਾ ਕਿ ਗ੍ਰੀਨ ਕਾਊਂਟੀ ’ਚ ਵਿਲਾ ਨਿਰਮਾਣ ਮਾਮਲੇ ’ਚ ਏਟੀਪੀ ਸੁਖਪ੍ਰੀਤ ਤੇ ਇੰਸਪੈਕਟਰ ਅਜੇ ਕੁਮਾਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਹ ਦੋਵਾਂ ਨੂੰ ਚਾਰਜਸ਼ੀਟ ਕਰਨ ਲਈ ਰਿਪੋਰਟ ਸਰਕਾਰ ਨੂੰ ਭੇਜ ਰਹੇ ਹਨ।
ਚਾਰਜਸ਼ੀਟ ਕਰਨ ਦੀ ਕਾਰਵਾਈ ਸਰਕਾਰ ਕਰੇਗੀ। ਗਰੀਨ ਕਾਊਂਟੀ, ਲੱਧੇਵਾਲੀ ’ਚ ਓਪਨ ਸਪੇਸ ’ਚ ਚਾਰ ਵਿਲਾ ਬਣਾਏ ਗਏ ਹਨ। ਜਦੋਂ ਕਿ ਨਕਸ਼ੇ ’ਤੇ ਚਾਰ ਵਿਲਾ ਬਣਾਏ ਗਏ ਹਨ ਜੋ ਕਾਫੀ ਪੁਰਾਣੇ ਹਨ ਤੇ ਇਨ੍ਹਾਂ ਨੂੰ ਰਿਨਿਉ ਕਰਵਾਉਣਾ ਜ਼ਰੂਰੀ ਸੀ। ਏਟੀਪੀ ਸੁਖਪ੍ਰੀਤ ਕੌਰ ਤੇ ਇੰਸਪੈਕਟਰ ਅਜੇ ਕੁਮਾਰ ਨੇ ਇਸ ਉਸਾਰੀ ਨੂੰ ਨਹੀਂ ਰੋਕਿਆ।
ਟਰਾਂਸਪੋਰਟ ਨਗਰ ’ਚ ਬਿਲਡਿੰਗ ਸੀਲ
ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਨੇ ਟਰਾਂਸਪੋਰਟ ਨਗਰ ’ਚ ਬਿਨਾਂ ਮਨਜ਼ੂਰੀ ਤੋਂ ਬਣੀ ਇਮਾਰਤ ਨੂੰ ਸੀਲ ਕੀਤਾ ਹੈ। ਟਰਾਂਸਪੋਰਟ ਨਗਰ ਤੋਂ ਪਠਾਨਕੋਟ ਚੌਕ ਸੜਕ ’ਤੇ ਵੱਡੀ ਬਾਉਂਡਰੀ ਦੀ ਆੜ ’ਚ ਬਿਲਡਿੰਗ ਤਿਆਰ ਕਰ ਲਈ ਗਈ। ਨਿਗਮ ਕਮਿਸ਼ਨਰ ਦੇ ਹੁਕਮਾਂ ’ਤੇ ਏਟੀਪੀ ਰਾਜਕੁਮਾਰ ਨੇ ਸੋਮਵਾਰ ਨੂੰ ਬਿਲਡਿੰਗ ਨੂੰ ਸੀਲ ਕਰ ਦਿੱਤਾ।