ਵਿਨੇਸ਼ ਫੋਗਾਟ ਅੱਜ ਪੈਰਿਸ ਤੋਂ ਭਾਰਤ ਪਹੁੰਚੀ ਹੈ। ਦਿੱਲੀ ਏਅਰਪੋਰਟ ‘ਤੇ ਵਿਨੇਸ਼ ਫੋਗਾਟ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਵਿਨੇਸ਼ ਫੋਗਾਟ ਅੱਜ ਪੈਰਿਸ ਤੋਂ ਭਾਰਤ ਪਹੁੰਚੇ ਹਨ। ਵਿਨੇਸ਼ ਫੋਗਾਟ ਪੈਰਿਸ ਓਲੰਪਿਕ ਲਈ ਕਈ ਦਿਨਾਂ ਤੋਂ ਪੈਰਿਸ ‘ਚ ਸੀ। ਭਾਰਤ ਪਰਤਣ ‘ਤੇ ਆਈਜੀਆਈ ਏਅਰਪੋਰਟ ‘ਤੇ ਉਨ੍ਹਾਂ ਦਾ ਫੁੱਲਾਂ ਅਤੇ ਹਾਰਾਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਬਜਰੰਗ ਪੂਨੀਆ, ਸਾਕਸ਼ੀ ਮਲਿਕ ਵਰਗੇ ਦਿੱਗਜ ਵੀ ਉਨ੍ਹਾਂ ਦਾ ਸਵਾਗਤ ਕਰਨ ਲਈ ਏਅਰਪੋਰਟ ਪਹੁੰਚੇ , ਜਿਨ੍ਹਾਂ ਨੂੰ ਦੇਖ ਕੇ ਉਹ ਬਹੁਤ ਭਾਵੁਕ ਹੋ ਗਏ। ਵਿਨੇਸ਼ ਫੋਗਾਟ ਏਅਰਪੋਰਟ ਤੋਂ ਬਾਹਰ ਆਉਂਦੇ ਹੀ ਸ਼ਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਦੇ ਗਲ ਲੱਗ ਕਾਫੀ ਭਾਵੁਕ ਹੋ ਗਏ।
ਇਸ ਮੌਕੇ ਕਾਂਗਰਸ ਸਾਂਸਦ ਦੀਪੇਂਦਰ ਹੁੱਡਾ ਵੀ ਏਅਰਪੋਰਟ ‘ਤੇ ਸਵਾਗਤ ਲਈ ਪਹੁੰਚੇ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਵੀ ਉਨ੍ਹਾਂ ਦਾ ਸਵਾਗਤ ਕਰਨ ਪਹੁੰਚੇ।
ਜ਼ਿਕਰਯੋਗ ਹੈ ਕਿ ਫਾਈਨਲ ਤੋਂ ਪਹਿਲਾਂ ਪੈਰਿਸ ਓਲੰਪਿਕ ਵਿੱਚ ਭਾਰਤ ਦੀ ਵਿਨੇਸ਼ ਫੋਗਾਟ 50 ਕਿਲੋ ਕੁਸ਼ਤੀ ਵਰਗ ਵਿੱਚ ਫਾਈਨਲ ਵਿੱਚ ਪਹੁੰਚੀ ਸੀ। ਪਰ ਜਦੋਂ ਮੈਚ ਤੋਂ ਪਹਿਲਾਂ ਉਸਦਾ ਵਜ਼ਨ ਕੀਤਾ ਗਿਆ ਤਾਂ ਇਹ 100 ਗ੍ਰਾਮ ਵੱਧ ਨਿਕਲਿਆ। ਇਸ ਤੋਂ ਬਾਅਦ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ ਸੀ।
ਫਾਈਨਲ ਮੈਚ ‘ਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਨੇ CAS ‘ਚ ਚਾਂਦੀ ਦੇ ਤਗਮੇ ਲਈ ਅਪੀਲ ਕੀਤੀ ਸੀ। ਪਰ 14 ਅਗਸਤ ਨੂੰ ਉਸ ਦੀ ਇਹ ਅਪੀਲ ਰੱਦ ਕਰ ਦਿੱਤੀ ਗਈ ਅਤੇ ਉਸ ਨੂੰ ਚਾਂਦੀ ਦਾ ਤਮਗਾ ਨਹੀਂ ਦਿੱਤਾ ਗਿਆ। ਇਸ ਫੈਸਲੇ ਤੋਂ ਬਾਅਦ ਭਾਰਤੀ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ।
ਪੂਰੀ ਦੁਨੀਆ ਦੀਆਂ ਨਜ਼ਰਾਂ ਵਿਨੇਸ਼ ਫੋਗਾਟ ‘ਤੇ ਟਿਕੀਆਂ ਹੋਈਆਂ ਸਨ। ਭਾਰਤੀ ਮਹਿਲਾ ਪਹਿਲਵਾਨ ਨੇ ਜੋ ਕੀਤਾ ਉਹ ਭਾਰਤੀ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਸੀ। ਉਹ ਭਾਰਤ ਲਈ ਓਲੰਪਿਕ ਫਾਈਨਲ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਸੀ। ਹਾਲਾਂਕਿ ਵਿਨੇਸ਼ ਨੇ ਹੁਣ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਹੈ।
ਫਾਈਨਲ ‘ਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਸੀ ਕਿ ਮੈਂ ਹਾਰ ਗਈ…ਮਾਫ ਕਰਨਾ… ਤੁਹਾਡਾ ਸੁਪਨਾ, ਮੇਰੀ ਹਿੰਮਤ ਸਭ ਟੁੱਟ ਚੁੱਕੇ, ਇਸ ਤੋਂ ਵੱਧ ਤਾਕਤ ਨਹੀਂ ਰਹੀ ਹੁਣ। ਅਲਵਿਦਾ ਕੁਸ਼ਤੀ 2001-2024, ਆਪ ਸਭ ਦੀ ਸਦਾ ਰਿਣੀ ਰਹਾਂਗੀ।