ਤਿੰਨ ਰੋਜ਼ਾ ਸਾਲਾਨਾ ਉਰਸ ਜੋ ਸਤੰਬਰ ਤੋਂ ਰੋਜ਼ਾ ਸ਼ਰੀਫ ਵਿਖੇ ਸ਼ੁਰੂ ਹੋਵੇਗਾ, ਵਿਚ ਸ਼ਿਰਕਤ ਕਰਨ ਲਈ ਇਸ ਵਾਰ 75 ਦੇ ਕਰੀਬ ਸ਼ਰਧਾਲੂ ਪਾਕਿਸਤਾਨ ਤੋ ਆ ਰਹੇ ਹਨ। ਇਨ੍ਹਾਂ ਸ਼ਰਧਾਲੂਆਂ ਟਰੇਨ ਰਾਹੀ ਵੀਰਵਾਰ ਦੇਰ ਰਾਤ ਸਰਹਿੰਦ ਰੇਲਵੇ ਸਟੇਸ਼ਨ ਤੇ ਪੁੱਜਣਗੇ, ਜਿੱਥੇ ਜਿਲ੍ਹਾ ਪ੍ਰਸ਼ਾਸ਼ਨ ਵੱਲੋ ਇਨ੍ਹਾ ਸ਼ਰਧਾਲੂਆਂ ਦਾ ਸਵਾਗਤ ਕੀਤਾ ਜਾਵੇਗਾ।
ਰੋਜ਼ਾ ਸ਼ਰੀਫ ਉਰਸ ਦੌਰਾਨ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਹਜ਼ਰਤ ਸ਼ੇਖ ਅਹਿਮਦ ਫਾਰੂਕੀ ਸਰਹਿੰਦੀ ਮੁਜਦ ਅਲਫਸਾਨੀ ਦੀ ਦਰਗਾਹ ‘ਤੇ ਨਤਮਸਤਕ ਹੋਣਗੇ ਅਤੇ ਨਮਾਜ਼ ਅਦਾ ਕਰਨਗੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਉਰਸ ਸਬੰਧੀ ਸੁਰੱਖਿਆ ਸਮੇਤ ਬੁਨਿਆਦੀ ਸਹੂਲਤਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਵਿੱਚ ਮੈਡੀਕਲ, ਬਿਜਲੀ, ਪਾਣੀ, ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਅਤੇ ਲੋਕਾਂ ਦੀ ਹਰ ਸੰਭਵ ਸਹੂਲਤ ਦਾ ਧਿਆਨ ਰੱਖਿਆ ਜਾਵੇਗਾ।
ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੋਈ ਮੀਟਿੰਗ ਦੌਰਾਨ ਡੀਸੀ ਪ੍ਰਨੀਤ ਕੌਰ ਸ਼ੇਰਗਿੱਲ ਨੇ ਸਬੰਧਤ ਅਧਿਕਾਰੀਆਂ ਨੂੰ ਰੋਜ਼ਾ ਸ਼ਰੀਫ਼ ਦੌਰਾਨ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਕਿਹਾ ਹੈ। ਰੋਜ਼ਾ ਸ਼ਰੀਫ ਕੰਪਲੈਕਸ ਅਤੇ ਇਸ ਦੇ ਬਾਹਰ ਬਾਜ਼ਾਰ ਵੀ ਲੱਗਣੇ ਸ਼ੁਰੂ ਹੋ ਗਏ ਹਨ। ਸਾਲਾਨਾ ਉਰਸ ਲਈ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਸ਼ਰਧਾਲੂ ਆਉਣਗੇ ।
ਰੋਜ਼ਾ ਸ਼ਰੀਫ਼ ਦੇ ਖ਼ਲੀਫ਼ਾ ਸੱਯਦ ਮੁਹੰਮਦ ਸਦੀਕ ਰਜ਼ਾ ਮੁਜੱਦੀ ਨੇ ਦੱਸਿਆ ਕਿ ਸਾਲਾਨਾ ਉਰਸ ਵਿੱਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਦੀ ਰਿਹਾਇਸ਼ ਅਤੇ ਲੰਗਰ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਰਸ ਦੌਰਾਨ, ਭਾਰਤ ਦੇ ਨਾਲ-ਨਾਲ ਪਾਕਿਸਤਾਨ, ਬੰਗਲਾਦੇਸ਼ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਭਾਈਚਾਰੇ ਦੇ ਲੋਕ ਨਮਸਕਾਰ ਕਰਨ ਲਈ ਹਜ਼ਰਤ ਸ਼ੇਖ ਅਹਿਮਦ ਫਾਰੂਕੀ ਸਰਹਿੰਦੀ ਅਲਫਸਾਨੀ ਦੀ ਦਰਗਾਹ ‘ਤੇ ਜਾਂਦੇ ਹਨ।
ਰੋਜ਼ਾ ਸ਼ਰੀਫ ਦੇ ਖਲੀਫਾ ਸਈਅਦ ਮੁਹੰਮਦ ਸਦੀਕ ਰਜ਼ਾ ਮੁਜੱਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਦੇਰ ਰਾਤ ਪਾਕਿਸਤਾਨ ਤੋਂ ਕਰੀਬ 75 ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ। ਜਿਨ੍ਹਾਂ ਦੀ ਰਿਹਾਇਸ਼, ਖਾਣਾ, ਮੈਡੀਕਲ ਸਹੂਲਤਾਂ ਅਤੇ ਹੋਰ ਸਾਰੇ ਪ੍ਰਬੰਧ ਰੋਜ਼ਾ ਸ਼ਰੀਫ਼ ਦੇ ਪ੍ਰਬੰਧਕਾਂ ਵੱਲੋਂ ਮੁਕੰਮਲ ਕਰ ਲਏ ਗਏ ਹਨ।
ਫਤਹਿਗੜ੍ਹ ਸਾਹਿਬ ਪੁਲਿਸ ਵੱਲੋ 200 ਤੋ ਵੱਧ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਉਰਸ ਦੌਰਾਨ ਤਾਇਨਾਤ ਕੀਤਾ ਜਾਵੇਗਾ। ਅੱਜ ਉੁਰਸ ਲਈ ਸੁਰੱਖਿਆ ਪ੍ਰਬੰਧਾਂ ਦਾ ਫਤਹਿਗੜ੍ਹ ਸਾਹਿਬ ਦੀ ਐਸਐਸਪੀ ਡਾ ਰਵਜੋਤ ਕੌਰ ਗਰੇਵਾਲ, ਐਸਪੀ ਰਾਕੇਸ਼ ਯਾਦਵ, ਡੀਐਸਪੀ ਸ਼ਹਿਨਾਜ਼ ਸਿੰਘ, ਐਸਐਚਓ ਮਨਪ੍ਰੀਤ ਸਿੰਘ ਨੇ ਜਾਇਜ਼ਾ ਲਿਆ।