ਕੇਜਰੀਵਾਲ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ‘ਚ ਦਿੱਲੀ ਦੇ ਮੁੱਖ ਮੰਤਰੀ ਨੂੰ ਲੈ ਕੇ ਮੰਥਨ ਤੇਜ਼ ਹੋ ਗਿਆ ਹੈ।
ਇਸ ਦੌਰਾਨ ਦਿੱਲੀ ਦੇ ਸਾਬਕਾ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ (manish Sisodia) ਅੱਜ ਅਰਵਿੰਦ ਕੇਜਰੀਵਾਲ ਦੇ ਘਰ ਜਾਣਗੇ। ਕੇਜਰੀਵਾਲ ਦੇ ਅਸਤੀਫੇ ਦੇ ਐਲਾਨ ਤੋਂ ਬਾਅਦ ਦੋਵਾਂ ਦੀ ਇਹ ਪਹਿਲੀ ਮੁਲਾਕਾਤ ਹੈ।
ਮੰਨਿਆ ਜਾ ਰਿਹਾ ਹੈ ਕਿ ਦੋਹਾਂ ਨੇਤਾਵਾਂ ਦੀ ਮੁਲਾਕਾਤ ਦੌਰਾਨ ਦਿੱਲੀ ਦੇ ਨਵੇਂ ਮੁੱਖ ਮੰਤਰੀ ਦੇ ਨਾਂ ‘ਤੇ ਚਰਚਾ ਹੋ ਸਕਦੀ ਹੈ। ਹਾਲਾਂਕਿ ਐਤਵਾਰ ਨੂੰ ਆਪਣੇ ਸੰਬੋਧਨ ‘ਚ ਕੇਜਰੀਵਾਲ ਨੇ ਸਪੱਸ਼ਟ ਕੀਤਾ ਸੀ ਕਿ ਨਵੇਂ ਸੀਐੱਮ ‘ਤੇ ਫੈਸਲਾ 17 ਸਤੰਬਰ ਨੂੰ ਵਿਧਾਇਕ ਦਲ ਦੀ ਬੈਠਕ ‘ਚ ਲਿਆ ਜਾਵੇਗਾ।
ਸਿਸੋਦੀਆ ਨਹੀਂ ਬਣਨਗੇ ਮੁੱਖ ਮੰਤਰੀ
ਕੇਜਰੀਵਾਲ ਨੇ ਐਤਵਾਰ ਨੂੰ ਆਪਣੇ ਸੰਬੋਧਨ ਦੌਰਾਨ ਸਪੱਸ਼ਟ ਕੀਤਾ ਸੀ ਕਿ ਮਨੀਸ਼ ਸਿਸੋਦੀਆ (manish Sisodia) ਮੁੱਖ ਮੰਤਰੀ ਦੀ ਭੂਮਿਕਾ ‘ਚ ਨਹੀਂ ਰਹਿਣਗੇ।
ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ ਦਿੱਲੀ ‘ਚ ਸਿਆਸੀ ਤਾਪਮਾਨ ਪਾਰਾ ਕਾਫ਼ੀ ਚੜ੍ਹ ਗਿਆ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਕੇਜਰੀਵਾਲ ਨੇ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਦਾ ਏਜੰਡਾ ਤੈਅ ਕਰ ਲਿਆ ਹੈ।
ਆਤਿਸ਼ੀ ਦਾ ਨਾਂ ਸਭ ਤੋਂ ਉੱਪਰ
ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਨਵੇਂ ਮੁੱਖ ਮੰਤਰੀ ਦੇ ਨਾਂ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਉਮੀਦ ਹੈ ਕਿ ਕੇਜਰੀਵਾਲ ਸਿੱਖਿਆ ਮੰਤਰੀ ਆਤਿਸ਼ੀ (Atishi) ਜਾਂ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ (Kailash Gehlot) ‘ਤੇ ਦਾਅ ਲਗਾ ਸਕਦੇ ਹਨ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਮੁੱਖ ਮੰਤਰੀ ਦੇ ਅਹੁਦੇ ਲਈ ਕੁਝ ਹੈਰਾਨੀਜਨਕ ਨਾਂਵਾਂ ’ਤੇ ਵੀ ਮੋਹਰ ਲਾ ਸਕਦੀ ਹੈ।