ਕਾਂਗਰਸ ਦੇ ਯੂਥ ਵਰਕਰ ਅੱਜ ਦਿੱਲੀ ਤੋਂ ਜੈਪੁਰ ਤੱਕ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਰਾਜ ਸਭਾ ਮੈਂਬਰ ਅਤੇ ਮੰਤਰੀ ਰਵਨੀਤ ਬਿੱਟੂ ਵੱਲੋਂ ਦਿੱਤੇ ਬਿਆਨ ‘ਤੇ ਪੰਜਾਬ ਅਤੇ ਦੇਸ਼ ਭਰ ‘ਚ ਸਿਆਸਤ ਭੱਖ ਗਈ ਹੈ। ਅੱਜ ਪੂਰੇ ਸੂਬੇ ‘ਚ ਕਾਂਗਰਸ ਰਵਨੀਤ ਬਿੱਟੂ ਖਿਲਾਫ਼ ਪ੍ਰਦਰਸ਼ਨ ਕਰ ਰਹੀ ਹੈ।
ਕਾਂਗਰਸੀ ਵਰਕਰਾਂ ਨੇ ਕਈ ਥਾਵਾਂ ‘ਤੇ ਰਵਨੀਤ ਬਿੱਟੂ ਦੇ ਪੁਤਲੇ ਫੂਕੇ ਹਨ ਅਤੇ ਕਈ ਥਾਵਾਂ ਤੇ ਬਿੱਟੂ ਦਾ ਵੱਡਾ ਵਿਰੋਧ ਹੋ ਰਿਹਾ ਹੈ।ਚੰਡੀਗੜ੍ਹ ਅਤੇ ਦਿੱਲੀ ਭਾਜਪਾ ਦਫ਼ਤਰ ਅੱਗੇ ਪ੍ਰਦਰਸ਼ਨ ਵੀ ਕੀਤਾ ਹੈ।
ਇਸ ਵਿੱਚ ਯੂਥ ਕਾਂਗਰਸ ਦੇ ਵਰਕਰ ਵੱਡੀ ਗਿਣਤੀ ਵਿੱਚ ਭਾਗ ਲੈ ਰਹੇ ਹਨ। ਦੱਸ ਦਈਏ ਕਿ ਕੇਂਦਰੀ ਮੰਤਰੀ ਬਿੱਟੂ ਨੇ ਰਾਹੁਲ ਗਾਂਧੀ ਦੇ ਅਮਰੀਕਾ ‘ਚ ਦਿੱਤੇ ਬਿਆਨ ‘ਤੇ ਸਵਾਲ ਖੜ੍ਹੇ ਕੀਤੇ ਸਨ। ਇਸ ਤੋਂ ਬਾਅਦ ਇੱਕ ਹੋਰ ਭਾਜਪਾ ਆਗੂ ਨੇ ਰਵਨੀਤ ਬਿੱਟੂ ਦੇ ਬਿਆਨ ਦਾ ਸਮਰਥਨ ਕੀਤਾ ਹੈ।
ਕਾਂਗਰਸ ਦੇ ਯੂਥ ਵਰਕਰ ਅੱਜ ਦਿੱਲੀ ਤੋਂ ਜੈਪੁਰ ਤੱਕ ਰੋਸ ਪ੍ਰਦਰਸ਼ਨ ਕਰ ਰਹੇ ਹਨ। ਰੋਸ ਵਜੋਂ ਵਰਕਰਾਂ ਨੇ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਵੀ ਫੂਕਿਆ।
ਦਿੱਲੀ ਵਿੱਚ ਵੀ ਵਿਰੋਧ ਪ੍ਰਦਰਸ਼ਨ ਦੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਏ ਹਨ। ਰਵਨੀਤ ਸਿੰਘ ਬਿੱਟੂ ਵਿਰੁੱਧ ਦਿੱਲੀ, ਜੈਪੁਰ, ਹੈਦਰਾਬਾਦ, ਮਹਾਰਾਸ਼ਟਰ, ਚੰਡੀਗੜ੍ਹ ਅਤੇ ਹੋਰ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ ਹਨ। ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੰਗ ਹੈ ਕਿ ਰਵਨੀਤ ਸਿੰਘ ਆਪਣੇ ਬਿਆਨ ਲਈ ਮੁਆਫ਼ੀ ਮੰਗਣ।
ਕਾਂਗਰਸ ਦਿੱਲੀ ਦੇ ਪ੍ਰਧਾਨ ਦੇਵੇਂਦਰ ਯਾਦਵ ਨੇ ਕਿਹਾ ਕਿ ਅਸੀਂ ਰਾਹੁਲ ਗਾਂਧੀ ਦੇ ਦਰਸਾਏ ਮਾਰਗ ‘ਤੇ ਚੱਲ ਕੇ ਸੰਵਿਧਾਨ ਦੀ ਰੱਖਿਆ ਲਈ ਲੜ ਰਹੇ ਹਾਂ। ਅਸੀਂ ਭਾਜਪਾ ਤੋਂ ਨਹੀਂ ਡਰਦੇ। ਕਾਂਗਰਸ ਦਾ ਹਰ ਵਰਕਰ ਰਾਹੁਲ ਗਾਂਧੀ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।
ਕਈ ਥਾਵਾਂ ‘ਤੇ ਹੋ ਰਿਹਾ ਪ੍ਰਦਰਨਸ਼
ਕਾਂਗਰਸ ਦੇ ਯੂਥ ਪ੍ਰਧਾਨ ਸ੍ਰੀਨਿਵਾਸ ਬੀਵੀ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੇ ਜੋ ਵੀ ਕਿਹਾ ਹੈ, ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਮਾਨਸਿਕਤਾ ਅਸੰਤੁਲਿਤ ਹੋ ਚੁੱਕੀ ਹੈ। ਉਸ ਨੂੰ ਮਾਨਸਿਕ ਇਲਾਜ ਦੀ ਲੋੜ ਹੈ ਅਤੇ ਯੂਥ ਕਾਂਗਰਸ ਉਸ ਦੇ ਦਿਮਾਗ਼ ਦੇ ਇਲਾਜ ਲਈ ਕੰਮ ਕਰੇਗੀ।
ਕਾਂਗਰਸ ਨੇਤਾ ਨੇ ਅੱਗੇ ਕਿਹਾ ਕਿ ਉਹ ਆਪਣੇ ਕੁਝ ਨੇਤਾਵਾਂ ਨੂੰ ਖੁਸ਼ ਕਰਨ ਅਤੇ ਭਾਜਪਾ ਦੀਆਂ ਗਲਤੀਆਂ ਜਿਵੇਂ ਕਿ ਮਹਿੰਗਾਈ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਪੇਪਰ ਲੀਕ ਸਮੇਤ ਹੋਰ ਮਹੱਤਵਪੂਰਨ ਮਾਮਲਿਆਂ ਨੂੰ ਮੋੜਨ ਲਈ ਵਾਰ-ਵਾਰ ਅਜਿਹੇ ਬਿਆਨ ਦੇ ਰਹੇ ਹਨ।
ਸਾਡਾ ਸਵਾਲ ਹੈ ਕਿ ਕੀ ਪ੍ਰਧਾਨ ਮੰਤਰੀ ਮੋਦੀ ਅਜਿਹੇ ਬਿਆਨਾਂ ਦਾ ਸਮਰਥਨ ਕਰ ਰਹੇ ਹਨ? ਭਾਜਪਾ ਆਗੂ ਨੂੰ ਆਪਣੇ ਆਪ ਤੇ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਖ਼ਿਲਾਫ਼ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ।
ਰਵਨੀਤ ਸਿੰਘ ਬਿੱਟੂ ਨੇ ਕੀ ਕਿਹਾ?
ਕੇਂਦਰੀ ਮੰਤਰੀ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਅੱਤਵਾਦੀ ਕਿਹਾ ਸੀ। ਉਸ ਨੇ ਕਿਹਾ ਸੀ ਕਿ ਉਹ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਹੈ। ਜੇਕਰ ਕੋਈ ਏਜੰਸੀ ਕਿਸੇ ਦੇ ਖਿਲਾਫ ਸਭ ਤੋਂ ਪਹਿਲਾਂ ਕਾਰਵਾਈ ਕਰੇ ਤਾਂ ਉਹ ਰਾਹੁਲ ਗਾਂਧੀ ਹੈ।
ਉਹ ਦੇਸ਼ ਲਈ ਖਤਰਾ ਬਣ ਗਿਆ ਹੈ। ਇਨ੍ਹਾਂ ‘ਤੇ ਨਕੇਲ ਕੱਸਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਰਘੂਰਾਜ ਸਿੰਘ ਨੇ ਵੀ ਰਾਹੁਲ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ।
ਉਨ੍ਹਾਂ ਕਾਂਗਰਸ ਦੇ ਸੰਸਦ ਮੈਂਬਰ ਨੂੰ ਦੇਸ਼ ਦਾ ਨੰਬਰ ਇਕ ਅੱਤਵਾਦੀ ਦੱਸਿਆ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇਸ਼ ਦਾ ਨੰਬਰ ਇਕ ਅੱਤਵਾਦੀ ਹੈ ਕਿਉਂਕਿ ਉਹ ਇਸ ਦੇਸ਼ ਨੂੰ ਵੰਡਣਾ ਚਾਹੁੰਦਾ ਹੈ।
ਉਸਦਾ ਕੋਈ ਧਰਮ ਨਹੀਂ ਹੈ, ਉਸਦੇ ਪਿਤਾ ਇੱਕ ਮੁਸਲਮਾਨ ਸਨ ਅਤੇ ਉਸਦੇ ਪਿਤਾ ਨੇ ਇੱਕ ਈਸਾਈ ਔਰਤ ਨਾਲ ਵਿਆਹ ਕੀਤਾ ਸੀ। ਉਹ ਨਾ ਤਾਂ ਮੁਸਲਮਾਨ ਸੀ, ਨਾ ਹਿੰਦੂ, ਨਾ ਈਸਾਈ। ਇਨ੍ਹਾਂ ਦਾ ਭਾਰਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਹ ਲੋਕ ਇਟਲੀ ਤੋਂ ਦੇਸ਼ ਨੂੰ ਲੁਟੇਰੇ ਬਣ ਕੇ ਲੁੱਟਣ ਆਏ ਹਨ।