Home Desh ਗੁਰੂਆਂ ਦਾ ਅਪਮਾਨ ਕਰਨ ਵਾਲੇ ਨੂੰ ਕੋਈ ਮੁਆਫ਼ੀ ਨਹੀਂ : ਆਵਾਜ਼-ਏ-ਕੌਮ

ਗੁਰੂਆਂ ਦਾ ਅਪਮਾਨ ਕਰਨ ਵਾਲੇ ਨੂੰ ਕੋਈ ਮੁਆਫ਼ੀ ਨਹੀਂ : ਆਵਾਜ਼-ਏ-ਕੌਮ

46
0

ਹੁਣ ਇਹ ਮੁਕੱਦਮਾ ਸੁਪਰੀਮ ਕੋਰਟ ਵਿੱਚ ਦਾਖ਼ਲ ਹੋ ਚੁੱਕਾ ਹੈ।

 ਵਿਵਾਦਾਂ ਵਿੱਚ ਘਿਰੇ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਬੀਤੇ ਦਿਨੀਂ ਵੀਡੀਓ ਜਾਰੀ ਕਰ ਕੇ ਭਾਵੇਂ ਵਿਵਾਦਿਤ ਬਿਆਨ ਦੀ ਮੁਆਫੀ ਮੰਗੀ ਗਈ। ਪਰ ਇਸ ਦੇ ਬਾਵਜੂਦ ਮਾਮਲਾ ਹੋਰ ਭੱਖ ਗਿਆ ਹੈ। ਗੁਰਦਾਸ ਮਾਨ ਵੱਲੋਂ ਮੁਆਫੀ ਮੰਗਣ ਤੋਂ ਬਾਅਦ ਸਿੱਖ ਜਥੇਬੰਦੀ ਆਵਾਜ਼-ਏ-ਕੌਮ ਦੇ ਆਗੂ ਭਾਈ ਹਰਜਿੰਦਰ ਸਿੰਘ ਜਿੰਦਾ, ਮਨਜੀਤ ਸਿੰਘ ਕਰਤਾਰਪੁਰ ਅਤੇ ਨੋਬਲਜੀਤ ਸਿੰਘ ਬੁੱਲ੍ਹੋਵਾਲ ਨੇ ਕਿਹਾ ਕਿ ਗੁਰਦਾਸ ਮਾਨ ਵਲੋਂ ਅਗਸਤ 2021ਵਿਚ ਡੇਰਾ ਨਕੋਦਰ ਦੀ ਸਟੇਜ ਤੋਂ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਤੁਲਨਾ ਡੇਰਾ ਨਕੋਦਰ ਦੇ ਸਾਧ ਮੁਰਾਦ ਸ਼ਾਹ ਨਾਲ ਕੀਤੀ ਗਈ ਸੀ। ਜਿਸ ਤੋਂ ਬਾਅਦ ਆਵਾਜ਼ ਏ ਕੌਮ ਅਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਵਲੋਂ ਜ਼ਿਲ੍ਹਾ ਜਲੰਧਰ ’ਚ ਗੁਰਦਾਸ ਮਾਨ ਉੱਪਰ 295 ਏ ਦਾ ਕੇਸ ਦਰਜ ਕਰਵਾਇਆ ਸੀ। ਹੁਣ ਇਹ ਮੁਕੱਦਮਾ ਸੁਪਰੀਮ ਕੋਰਟ ਵਿੱਚ ਦਾਖ਼ਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਵਲੋਂ ਅਮਰੀਕਾ ਵਿਚ ਰੱਖੇ ਗਏ ਸ਼ੋਅ ਦਾ ਸਿੱਖ ਸੰਗਤਾਂ ਵਲੋਂ ਬਾਈਕਾਟ ਕਰਨ ਤੋਂ ਸ਼ੋਅ ਰੱਦ ਹੋਣ ਤੋਂ ਬਾਅਦ ਗੁਰਦਾਸ ਮਾਨ ਵਲੋਂ ਮੁਆਫ਼ੀ ਮੰਗੀ ਜਾ ਰਹੀ ਹੈ ਕਿ ਜਿਸ ਵਿਚ ਉਹ ਕਹਿ ਰਿਹਾ ਹੈ ਕਿ ਮੈਨੂੰ ਲੱਗਦਾ ਸੀ ਕਿ ਸਿੱਖ ਇਸ ਗੱਲ ਨੂੰ ਭੁੱਲ ਜਾਣਗੇ, ਮੈਨੂੰ ਮੁਆਫ਼ ਕਰ ਦੇਣਗੇ ਪਰ ਇਹ ਤਾਂ ਮੇਰੇ ਪਿੱਛੇ ਹੀ ਪੈ ਗਏ। ਇਸ ਬਾਬਤ ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਅਦਾਲਤ ਅਤੇ ਕਾਨੂੰਨਾਂ ਤੋਂ ਤਾਂ ਹਜੇ ਤਕ ਬੱਚ ਰਿਹਾ ਹੈ ਪਰ ਸਿੱਖਾਂ ਦੇ ਵਿਰੋਧ ਅਤੇ ਸਮਾਜ ਦੇ ਬਾਈਕਾਟ ਤੋਂ ਜ਼ਿੰਦਗੀ ਭਰ ਕਦੇ ਨਹੀਂ ਬੱਚ ਸਕੇਗਾ। ਸਿੱਖ ਕੌਮ ਉਸ ਨੂੰ ਕਦੇ ਮੁਆਫ਼ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਆਵਾਜ਼ ਏ ਕੌਮ ਅਤੇ ਸਹਿਯੋਗੀ ਸਿੱਖ ਜਥੇਬੰਦੀਆਂ ਵੱਲੋਂ ਕੀਤੇ ਗਏ ਕੇਸ ਕਰਕੇ ਉਸ ਨੂੰ ਲਗਾਤਾਰ ਅਦਾਲਤਾਂ ਵਿਚ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ਜਿਸ ਕਰ ਕੇ ਉਸਦਾ ਮਾਨਸਿਕ ਤਣਾਓ ਵੱਧਦਾ ਜਾ ਰਿਹਾ ਹੈ ਇਸ ਲਈ ਉਸ ਨੂੰ ਮੁਆਫ਼ੀ ਮੰਗਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਭਾਰਤ ਦਾ ਕਾਨੂੰਨ ਅਤੇ ਅਦਾਲਤਾਂ ਗੁਰਦਾਸ ਮਾਨ ਨੂੰ ਕਲੀਨ ਚਿੱਟ ਦੇ ਕੇ ਬਰੀ ਕਰ ਰਹੀਆਂ ਨੇ ਤਾਂ ਵੀ ਗੁਰਦਾਸ ਮਾਨ ਦਾ ਸਮਾਜਿਕ ਵਿਰੋਧ ਜਾਰੀ ਰਹੇਗਾ ਅਤੇ ਇਸ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ। ਇਸ ਮੌਕੇ ਰਣਵੀਰ ਸਿੰਘ ਬੈਂਸਤਾਨੀ, ਭਾਈ ਚਰਨ ਕੰਵਲਜੀਤ ਸਿੰਘ ਟੈਣੀ, ਜਸਵੰਤ ਸਿੰਘ ਜਲੰਧਰ, ਬਲਦੇਵ ਸਿੰਘ, ਬਾਬਾ ਦੀਪ ਸਿੰਘ ਜੀ ਸੇਵਾ ਦਲ ਤੋਂ ਜਤਿੰਦਰਪਾਲ ਸਿੰਘ ਮਝੈਲ, ਜਥਾ ਨੀਲੀਆਂ ਫੌਜਾਂ ਤੋਂ ਭਾਈ ਪ੍ਰਤਾਪ ਸਿੰਘ ਅਤੇ ਭਾਈ ਜਸਕਰਨ ਸਿੰਘ ਆਦਿ ਹਾਜ਼ਰ ਸਨ।

Previous articleਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਬੇਕਾਬੂ ਫ਼ੌਜੀ ਟਰੱਕ ਪਲਟਿਆ, ਡਰਾਈਵਰ ਸਣੇ ਤਿੰਨ ਫ਼ੌਜੀ ਜ਼ਖ਼ਮੀ
Next articleDelhi CM Oath Ceremony : ਆਤਿਸ਼ੀ ਬਣੀ ਦਿੱਲੀ ਦੀ 8ਵੀਂ ਮੁੱਖ ਮੰਤਰੀ, LG ਨੇ 5 ਵਿਧਾਇਕਾਂ ਨੂੰ ਚੁਕਾਈ ਸਹੁੰ

LEAVE A REPLY

Please enter your comment!
Please enter your name here