Home Desh Punjab Cabinet: ਸੀਐਮ ਭਗਵੰਤ ਮਾਨ ਵੱਲੋਂ 4 ਮੰਤਰੀਆਂ ਦੀ ਛੁੱਟੀ, 5 ਨਵੇਂ...

Punjab Cabinet: ਸੀਐਮ ਭਗਵੰਤ ਮਾਨ ਵੱਲੋਂ 4 ਮੰਤਰੀਆਂ ਦੀ ਛੁੱਟੀ, 5 ਨਵੇਂ ਚਿਹਰੇ ਕੈਬਨਿਟ ‘ਚ ਸ਼ਾਮਲ

54
0

ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿੱਚ ਅੱਜ ਫੇਰਬਦਲ ਹੋਣ ਜਾ ਰਿਹਾ ਹੈ।

ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿੱਚ ਅੱਜ ਫੇਰਬਦਲ ਹੋਣ ਜਾ ਰਿਹਾ ਹੈ। ਸੀਐਮ ਭਗਵੰਤ ਆਪਣੀ ਕੈਬਨਿਟ ‘ਚੋਂ ਚਾਰ ਮੰਤਰੀਆਂ ਨੂੰ ਬਾਹਰ ਦਾ ਰਾਹ ਦਿਖਾ ਕੇ ਇਨ੍ਹਾਂ ਦੀ ਥਾਂ ਪੰਜ ਹੋਰ ਵਿਧਾਇਕਾਂ ਨੂੰ ਨਵੇਂ ਮੰਤਰੀ ਬਣਾਉਣਗੇ। ਇਹ ਵਿਧਾਇਕ ਅੱਜ ਸ਼ਾਮ 5 ਵਜੇ ਮੰਤਰੀ ਵਜੋਂ ਸਹੁੰ ਚੁੱਕਣਗੇ।
ਕਿਨ੍ਹਾਂ ਮੰਤਰੀਆਂ ਦੀ ਛੁੱਟੀ
1. ਬਲਕਾਰ ਸਿੰਘ
2. ਅਨਮੋਲ ਗਗਨ ਮਾਨ
3. ਚੇਤਨ ਸਿੰਘ ਜੌੜਾਮਾਜਰਾ
4. ਬ੍ਰਹਮ ਸ਼ੰਕਰ ਜਿੰਪਾ
ਕਿਨ੍ਹਾਂ ਨੂੰ ਮਿਲੇਗੀ ਕੈਬਨਿਟ ਵਿੱਚ ਥਾਂ
1. ਮਹਿੰਦਰ ਭਗਤ
2. ਬਰਿੰਦਰ ਗੋਇਲ
3. ਡਾ. ਰਵਜੋਤ
4. ਹਰਦੀਪ ਸਿੰਘ ਮੁੰਡੀਆ
5. ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ
ਦਰਅਸਲ ਕਰੀਬ 3 ਮਹੀਨੇ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿੱਚ ਫੇਰਬਦਲ ਹੋਣਾ ਤੈਅ ਮੰਨਿਆ ਜਾ ਰਿਹਾ ਸੀ ਪਰ ਜਲੰਧਰ ਵਿਧਾਨ ਸਭਾ ਉਪ ਚੋਣ ਕਾਰਨ ਇਹ ਮੁਲਤਵੀ ਕਰ ਦਿੱਤਾ ਗਿਆ। ਹੁਣ ਹਰਿਆਣਾ ਵਿਧਾਨ ਸਭਾ ਚੋਣਾਂ ਤੇ ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਕੈਬਨਿਟ ਵਿੱਚ ਬਦਲਾਅ ਹੋ ਰਿਹਾ ਹੈ।
ਸੂਤਰਾਂ ਦੀ ਮੰਨੀਏ ਤਾਂ ਮੰਤਰੀ ਮੰਡਲ ਵਿੱਚ ਇਹ ਫੇਰਬਦਲ ਮੰਤਰੀਆਂ ਦੀ ਕਾਰਗੁਜ਼ਾਰੀ ਤੇ ਉਨ੍ਹਾਂ ਦੇ ਖੇਤਰਾਂ ਦੀਆਂ ਰਿਪੋਰਟਾਂ ਨੂੰ ਦੇਖਦਿਆਂ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਨਵੇਂ ਚਿਹਰਿਆਂ ਨੂੰ ਸ਼ਾਮਲ ਕਰਦੇ ਹੋਏ ਜਾਤੀ ਸਮੀਕਰਨਾਂ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ।
ਪੰਜਾਬ ਮੰਤਰੀ ਮੰਡਲ ਵਿੱਚੋਂ ਜਿਨ੍ਹਾਂ ਚਾਰ ਮੰਤਰੀਆਂ ਨੂੰ ਹਟਾਇਆ ਜਾ ਰਿਹਾ ਹੈ, ਉਨ੍ਹਾਂ ਵਿੱਚ ਬਲਕਾਰ ਸਿੰਘ, ਅਨਮੋਲ ਗਗਨ ਮਾਨ, ਚੇਤਨ ਸਿੰਘ ਜੌੜਾਮਾਜਰਾ ਤੇ ਬ੍ਰਹਮ ਸ਼ੰਕਰ ਜਿੰਪਾ ਸ਼ਾਮਲ ਹਨ। ਬਲਕਾਰ ਸਿੰਘ ਨੂੰ ਮੰਤਰੀ ਮੰਡਲ ਤੋਂ ਬਾਹਰ ਕਰਨ ਦਾ ਮੁੱਖ ਕਾਰਨ ਉਸ ਦੀ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣਾ ਮੰਨਿਆ ਜਾ ਰਿਹਾ ਹੈ।
ਇਸੇ ਤਰ੍ਹਾਂ ਅਨਮੋਲ ਗਗਨ ਮਾਨ ਵੀ ਹਲਕੇ ਵਿੱਚ ਸਰਗਰਮ ਨਹੀਂ ਸਨ। ਲੋਕਾਂ ਵਿੱਚ ਉਸ ਨੂੰ ਲੈ ਕੇ ਗੁੱਸਾ ਸੀ। ਇਸ ਦੇ ਨਾਲ ਹੀ ਚੇਤਨ ਸਿੰਘ ਜੋੜੇਮਾਜਰਾ ਤੇ ਬ੍ਰਹਮ ਸ਼ੰਕਰ ਜਿੰਪਾ ਦੀ ਛੁੱਟੀ ਹੈਰਾਨੀਜਨਕ ਹੈ। ਜੋੜਾਮਾਜਰਾ ਨੂੰ ਸੀਐਮ ਦਾ ਕਰੀਬੀ ਮੰਨਿਆ ਜਾਂਦਾ ਹੈ ਜਦੋਂਕਿ ਜਿੰਪਾ ਬਹੁਤ ਐਕਟਿਵ ਮੰਤਰੀ ਮੰਨੇ ਜਾਂਦੇ ਸੀ।
ਕੌਣ ਹੋਣਗੇ ਨਵੇਂ ਮੰਤਰੀ
ਸੂਤਰਾਂ ਮੁਤਾਬਕ ਸੀਐਮ ਮਾਨ ਮੰਤਰੀ ਮੰਡਲ ਵਿੱਚ ਨਵੇਂ ਚਿਹਰਿਆਂ ਨੂੰ ਸ਼ਾਮਲ ਕਰਕੇ ਜਾਤੀ ਸਮੀਕਰਨ ਸੁਲਝਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਹੁਣ ਸਰਕਾਰ ਦੇ ਕਾਰਜਕਾਲ ਵਿੱਚ ਢਾਈ ਸਾਲ ਬਾਕੀ ਹਨ। ਅਜਿਹੇ ‘ਚ ਸਰਕਾਰ ਦੀ ਕੋਸ਼ਿਸ਼ ਸਮਾਜ ਦੇ ਹਰ ਵਰਗ ਨੂੰ ਖੁਸ਼ ਕਰਨਾ ਹੈ।
ਇਸੇ ਲੜੀ ਤਹਿਤ ਲਹਿਰਾ ਤੋਂ ਵਿਧਾਇਕ ਬਰਿੰਦਰ ਗੋਇਲ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਉਹ ਪੇਸ਼ੇ ਤੋਂ ਵਕੀਲ ਹੈ ਤੇ ਬਾਣੀਆ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹਨ।
ਇਸੇ ਤਰ੍ਹਾਂ ਜਲੰਧਰ ਪੱਛਮੀ ਤੋਂ ਵਿਧਾਇਕ ਮਹਿੰਦਰ ਭਗਤ ਨੂੰ ਮੰਤਰੀ ਬਣਾਇਆ ਜਾ ਰਿਹਾ ਹੈ। ਉਧਰ, ਸ਼ਾਮਚੁਰਾਸੀ ਦੇ ਵਿਧਾਇਕ ਡਾ: ਰਵਜੋਤ ਦੇ ਨਾਂ ਦੀ ਵੀ ਚਰਚਾ ਚੱਲ ਰਹੀ ਹੈ। ਇਨ੍ਹਾਂ ਜ਼ਰੀਏ ਸਰਕਾਰ ਅਨੁਸੂਚਿਤ ਜਾਤੀਆਂ ਦੇ ਵੋਟ ਬੈਂਕ ਨੂੰ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨਾਲ ਦੋਆਬੇ ਵਿੱਚ ਪਾਰਟੀ ਨੂੰ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ।
ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਪੰਜਾਬ ਦੇ ਅਹਿਮ ਜ਼ਿਲ੍ਹਿਆਂ ਵਿੱਚੋਂ ਇੱਕ ਹਨ, ਪਰ ਲੋਕ ਸਭਾ ਚੋਣਾਂ ਵਿੱਚ ‘ਆਪ’ ਨੂੰ ਇਨ੍ਹਾਂ ਸਰਕਲਾਂ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਸੀ। ਅਜਿਹੇ ਵਿੱਚ ਪਾਰਟੀ ਕਰੀਬ ਢਾਈ ਸਾਲਾਂ ਬਾਅਦ ਮੰਤਰੀ ਮੰਡਲ ਵਿੱਚ ਇਨ੍ਹਾਂ ਹਲਕਿਆਂ ਨੂੰ ਪਹਿਲ ਦੇਣ ਜਾ ਰਹੀ ਹੈ। ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆ ਤੇ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਦੋਵੇਂ ਕਾਰੋਬਾਰੀ ਤੇ ਪੇਸ਼ੇ ਤੋਂ ਸਿੱਖ ਚਿਹਰੇ ਹਨ।
ਦੱਸ ਦਈਏ ਕਿ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦਾ ਇਹ ਚੌਥਾ ਵਿਸਥਾਰ ਹੋਣ ਜਾ ਰਿਹਾ ਹੈ। ਜੇਕਰ ਮਹਿੰਦਰ ਭਗਤ ਦੇ ਨਾਲ ਡਾਕਟਰ ਰਵਜੋਤ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ ਤਾਂ ਅਨੁਸੂਚਿਤ ਜਾਤੀ ਨਾਲ ਸਬੰਧਤ ਪੰਜ ਮੰਤਰੀ ਕੈਬਨਿਟ ਵਿੱਚ ਹੋਣਗੇ। ਹੋਰ ਕੈਬਨਿਟ ਮੈਂਬਰਾਂ ਵਿੱਚ ਪਹਿਲਾਂ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਸ਼ਾਮਲ ਹਨ।
ਉਨ੍ਹਾਂ ਨੇ 4 ਜੁਲਾਈ 2022 ਨੂੰ ਅਮਨ ਅਰੋੜਾ, ਡਾ: ਇੰਦਰਬੀਰ ਸਿੰਘ ਨਿੱਝਰ, ਫੌਜਾ ਸਿੰਘ ਸਰਾਰੀ, ਚੇਤਨ ਸਿੰਘ ਜੌੜਾਮਾਜਰਾ ਤੇ ਅਨਮੋਲ ਗਗਨ ਮਾਨ ਨੂੰ ਮੰਤਰੀ ਬਣਾਇਆ ਸੀ। ਬਾਅਦ ਵਿੱਚ 7 ​​ਜਨਵਰੀ 2023 ਨੂੰ ਸਰਾਰੀ ਨੇ ਅਸਤੀਫਾ ਦੇ ਦਿੱਤਾ ਤੇ ਡਾਕਟਰ ਬਲਬੀਰ ਸਿੰਘ ਨੂੰ ਸਿਹਤ ਮੰਤਰੀ ਬਣਾਇਆ ਗਿਆ।
Previous articleWeather alert- ਅੱਜ ਸ਼ਾਮ ਤੋਂ ਪੰਜਾਬ ਵਿਚ ਬਦਲੇਗਾ ਮੌਸਮ, ਇਨ੍ਹਾਂ ਖੇਤਰਾਂ ਵਿਚ ਭਾਰੀ ਬਾਰਸ਼ ਦੀ ਚਿਤਾਵਨੀ
Next articleGST Rates: ਖ਼ਤਮ ਹੋਵੇਗਾ ਜੀਐਸਟੀ ਦਾ ਇੱਕ ਸਲੈਬ , ਸਸਤੇ-ਮਹਿੰਗੇ ਹੋਣਗੇ 70 ਤੋਂ 100 ਸਮਾਨ?

LEAVE A REPLY

Please enter your comment!
Please enter your name here