ਇਸ ਨਾਲ ਵਧੀ ਗਰਮੀ ਤੋਂ ਰਾਹਤ ਮਿਲਣ ਲੱਗੀ ਹੈ। ਹਿਮਾਚਲ ’ਚ ਵੱਧ ਤੋਂ ਵੱਧ ਤਾਪਮਾਨ ’ਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਉੱਤਰ ਭਾਰਤ ਦੇ ਪਹਾੜਾਂ ਤੋਂ ਲੈ ਕੇ ਪੂਰਬੀ ਭਾਰਤ ਤੱਕ ਤੇਜ਼ ਮੀਂਹ ਦਾ ਦੌਰ ਹਾਲੇ ਵੀ ਜਾਰੀ ਹੈ। ਇਸ ਨਾਲ ਲੋਕਾਂ ਦੀਆਂ ਪਰੇਸ਼ਾਨੀਆਂ ਵੱਧ ਗਈਆਂ ਹਨ। ਉਥੇ ਹੀ, ਹੁਣ ਹਿਮਾਚਲ ਤੇ ਜੰਮੂ-ਕਸ਼ਮੀਰ ਦੇ ਉੱਚੇ ਖੇਤਰਾਂ ’ਚ ਬਰਫ਼ਬਾਰੀ ਵੀ ਸ਼ੁਰੂ ਹੋ ਗਈ ਹੈ। ਇਸ ਨਾਲ ਵਧੀ ਗਰਮੀ ਤੋਂ ਰਾਹਤ ਮਿਲਣ ਲੱਗੀ ਹੈ। ਹਿਮਾਚਲ ’ਚ ਵੱਧ ਤੋਂ ਵੱਧ ਤਾਪਮਾਨ ’ਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਹਿਮਾਚਲ ਤੇ ਜੰਮੂ ਕਸ਼ਮੀਰ ’ਚ ਕਿਤੇ ਮੀਂਹ ਤੇ ਕਿਤੇ ਬਰਫ਼ਬਾਰੀ ਹੋਈ। ਹਿਮਾਚਲ ’ਚ ਜ਼ਿਆਦਾਤਰ ਥਾਵਾਂ ’ਤੇ ਬੱਦਲ ਛਾਏ ਰਹੇ। ਉਤਰਾਖੰਡ ’ਚ ਵੀ ਪਹਾੜੀ ਖੇਤਰਾਂ ’ਚ ਹਲਕਾ ਮੀਂਹ ਦਾ ਦੌਰ ਜਾਰੀ ਰਿਹਾ।• ਮੌਸਮ ਵਿਭਾਗ ਨੇ ਉਤਰਾਖੰਡ ਦੇ ਕਈ ਜ਼ਿਲ੍ਹਿਆਂ ’ਚ ਤੇਜ਼ ਮੀਂਹ ਦਾ ਪੀਲਾ ਅਲਰਟ ਜਾਰੀ ਕੀਤਾ ਹੈ। ਇਸੇ ਤਰ੍ਹਾਂ ਬਿਹਾਰ ਦੇ ਵੀ 10 ਤੋਂ ਵੱਧ ਜ਼ਿਲ੍ਹਿਆਂ ਲਈ ਅਗਲੇ 24 ਘੰਟਿਆਂ ’ਚ ਫਲੈਸ਼ ਫਲੱਡ ਦਾ ਅਲਰਟ ਜਾਰੀ ਕੀਤਾ ਹੈ।
ਹਿਮਾਚਲ ਦੇ ਰੋਹਤਾਂਗ, ਸ਼ਿੰਕੁਲਾ ਤੇ ਬਾਰਾਲਾਚਾ ’ਚ ਬਰਫ਼ਬਾਰੀ
ਹਿਮਾਚਲ ’ਚ ਸ਼ੁੱਕਰਵਾਰ ਨੂੰ ਕਾਂਗੜਾ, ਊਨਾ, ਬਿਲਾਸਪੁਰ ਤੇ ਸ਼ਿਮਲਾ ’ਚ ਮੀਂਹ ਪਿਆ ਤਾਂ ਰੋਹਤਾਂਗ, ਸ਼ਿੰਕੁਲਾ ਤੇ ਬਾਰਾਲਾਚਾ ’ਚ ਬਰਫ਼ਬਾਰੀ ਹੋਈ ਹੈ। ਮੀਂਹ ਤੇ ਬਰਫ਼ਬਾਰੀ ਕਾਰਨ ਵੱਧ ਤੋਂ ਵੱਧ ਤਾਪਮਾਨ ’ਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਘੱਟੋ ਘੱਟ ਤਾਪਮਾਨ ’ਚ ਦੋ ਤੋਂ ਚਾਰ ਡਿਗਰੀ ਦੀ ਗਿਰਾਵਟ ਆਈ ਹੈ। ਮਾਹਿਰਾਂ ਅਨੁਸਾਰ, ਮੌਸਮ ’ਚ ਇਹ ਬਦਲਾਅ ਤੇ ਮੀਂਹ ਝੋਨੇ ਦੀ ਫ਼ਸਲ ਲਈ ਠੀਕ ਨਹੀਂ ਹੈ। ਉਥੇ ਹੀ, ਬੁੱਧਵਾਰ ਤੇ ਵੀਰਵਾਰ ਨੂੰ ਹੋਈ ਬਾਰਿਸ਼ ਕਾਰਨ ਸੂਬੇ ’ਚ 33 ਸੜਕਾਂ ਬੰਦ ਹਨ। ਅੱਠ ਟ੍ਰਾਂਸਫਾਰਮਰ ਖ਼ਰਾਬ ਹਨ, ਜਿਸ ਕਾਰਨ ਕੁਝ ਖੇਤਰਾਂ ’ਚ ਬਿਜਲੀ ਸਪਲਾਈ ਬੰਦ ਹੈ
ਗੁਲਮਰਗ ’ਚ ਮੌਸਮ ਦੀ ਪਹਿਲੀ ਬਰਫ਼ਬਾਰੀ
ਕਸ਼ਮੀਰ ’ਚ ਪਿਛਲੇ ਕਈ ਦਿਨਾਂ ਤੋਂ ਤਾਪਮਾਨ ਦੇ ਆਮ ਨਾਲੋਂ ਉੱਪਰ ਬਣੇ ਰਹਿਣ ਕਾਰਨ ਗਰਮੀ ਦੀ ਲਪੇਟ ’ਚ ਆਈ ਘਾਟੀ ’ਚ ਸ਼ੁੱਕਰਵਾਰ ਨੂੰ ਮੌਸਮ ਦਾ ਮਿਜ਼ਾਜ ਬਦਲਿਆ। ਸੈਰ-ਸਪਾਟੇ ਵਾਲੀ ਥਾਂ ਗੁਲਮਰਗ ਦੇ ਅਫਰਵਟ, ਗੁਰੇਜ, ਰਾਜ਼ਦਾਨ ਟਾਪ, ਸਿੰਥਨ ਟਾਪ ਤੇ ਹੋਰਨਾਂ ਉੱਚੇ ਪਹਾੜੀ ਇਲਾਕਿਆਂ ’ਚ ਮੌਸਮ ਦੀ ਪਹਿਲੀ ਬਰਫ਼ਬਾਰੀ ਤੇ ਸ੍ਰੀਨਗਰ ਸਮੇਤ ਹੇਠਲੇ ਇਲਾਕਿਆਂ ’ਚ ਤੇਜ਼ ਮੀਂਹ ਪਿਆ। ਕੁਝ ਥਾਵਾਂ ’ਤੇ ਸਵੇਰੇ ਹਨੇਰੀ ਤੇ ਤੇਜ਼ ਮੀਂਹ ਕਾਰਨ ਝੋਨੇ ਦੀ ਫ਼ਸਲ ਨੂੰ ਨੁਕਸਾਨ ਪੁੱਜਾ ਹੈ। ਮੌਸਮ ਵਿਭਾਗ ਦੇ ਅਨੁਸਾਰ 28 ਸਤੰਬਰ ਤੋਂ ਮੌਸਮ ’ਚ ਸੁਧਾਰ ਆਉਣਾ ਸ਼ੁਰੂ ਹੋ ਜਾਵੇਗਾ। ਪੰਜ ਅਕਤੂਬਰ ਤੱਕ ਮੌਸਮ ਖੁਸ਼ਕ ਰਹੇਗਾ। ਹਾਲਾਂਕਿ ਸ਼ਨਿੱਚਰਵਾਰ ਨੂੰ ਕੁਝ ਇਲਾਕਿਆਂ ’ਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।
ਬਿਹਾਰ ’ਚ ਹੜ੍ਹ ਦਾ ਅਲਰਟ
ਬਿਹਾਰ ’ਚ ਅਗਲੇ 24 ਘੰਟਿਆਂ ’ਚ ਪਟਨਾ ਸਮੇਤ 13 ਜ਼ਿਲ੍ਹਿਆਂ ’ਚ ਫਲੈਸ਼ ਫਲੱਡ (ਇਕਦਮ ਹੜ੍ਹ ਆਉਣਾ) ਦਾ ਅਲਰਟ ਜਾਰੀ ਕੀਤਾ ਗਿਆ ਹੈ। ਜਿਹੜੇ ਜ਼ਿਲ੍ਹਿਆਂ ’ਚ ਫਲੈਸ਼ ਫਲੱਡ ਦਾ ਅਲਰਟ ਹੈ, ਉਨ੍ਹਾਂ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਆਫਤ ਪ੍ਰਬੰਧਨ ਵਿਭਾਗ ਨੇ ਚਿਤਾਵਨੀ ਭੇਜੀ ਹੈ। ਉਥੇ ਹੀ ਪੰਜ ਜ਼ਿਲ੍ਹਿਆਂ ’ਚ ਤੇਜ਼ ਬਾਰਿਸ਼ ਦੀ ਚਿਤਾਵਨੀ ਦਿੱਤੀ ਗਈ ਹੈ।