ਸੰਤ ਸੀਚੇਵਾਲ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੂੰ ਅਪੀਲ ਕੀਤੀ ਕਿ ਉਹ ਜੰਗ ਰੁਕਵਾਉਣ ਲਈ ਪ੍ਰਭਾਵੀ ਭੂਮਿਕਾ ਨਿਭਾਉਣ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਅਮਲ ਵਿਚ ਲਿਆਉਣ।
ਇਰਾਨ ਤੇ ਇਜ਼ਰਾਇਲ ਵਿਚਾਲੇ ਛਿੜੀ ਜੰਗ ਨੂੰ ਪੂਰੀ ਦੁਨੀਆ ਲਈ ਮਾਰੂ ਦੱਸਦਿਆ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਹ ਜੰਗ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀ ਹੈ। ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਸੰਤ ਸੀਚੇਵਾਲ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੂੰ ਅਪੀਲ ਕੀਤੀ ਕਿ ਉਹ ਜੰਗ ਰੁਕਵਾਉਣ ਲਈ ਪ੍ਰਭਾਵੀ ਭੂਮਿਕਾ ਨਿਭਾਉਣ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਅਮਲ ਵਿਚ ਲਿਆਉਣ। ਉਨ੍ਹਾਂ ਕਿਹਾ ਕਿ ਬਾਰੂਦ ਦੇ ਢੇਰ ’ਤੇ ਬੈਠੇ ਇਸ ਸੰਸਾਰ ਵਿਚ ਅਮਨ-ਸ਼ਾਂਤੀ ਤੇ ਸਥਿਰਤਾ ਬਾਬੇ ਨਾਨਕ ਦੇ ਸਿਧਾਂਤਾਂ ਤੇ ਵਿਚਾਰਾਂ ਨਾਲ ਹੀ ਕਾਇਮ ਕੀਤੀ ਜਾ ਸਕਦੀ ਹੈ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਚਾਰ ਉਦਾਸੀਆਂ ਦੌਰਾਨ ਇਸ ਸੰਸਾਰ ਨੂੰ ਮਨੁੱਖਤਾ ਦੀ ਭਲਾਈ ਤੇ ਆਪਸੀ ਸਦਭਾਵਨਾ ਦਾ ਸੁਨੇਹਾ ਦਿੱਤਾ ਸੀ। ਏਸ਼ੀਆਂ ਦੇ ਉਨ੍ਹਾਂ ਮੁਲਕਾਂ ਨੂੰ ਪਹਿਲਕਦਮੀ ਕਰਨੀ ਚਾਹੀਦੀ ਹੈ, ਜਿਨ੍ਹਾਂ ’ਚ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਗਏ ਸਨ।
ਸੰਤ ਸੀਚੇਵਾਲ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦਾ ਓਟ ਆਸਰਾ ਲੈ ਕੇ ਤੀਜੀ ਸੰਸਾਰ ਜੰਗ ਲੱਗਣ ਦੇ ਬਣ ਰਹੇ ਮਾਹੌਲ ਨੂੰ ਰੋਕਣ ਲਈ ਆਪਣੀ ਸਰਗਰਮ ਭੂਮਿਕਾ ਨਿਭਾਵੇ। ਉਨ੍ਹਾਂ ਕਿਹਾ ਕਿ ਵੱਡੇ ਮੁਲਕ ਆਪਣੀ ਹੈਂਕੜਬਾਜ਼ੀ ਦੀ ਲੜਾਈ ਛੱਡ ਕਿ ਮਨੁੱਖਤਾ ਦੀ ਭਲਾਈ ਲਈ ਕੰਮ ਕਰਨ ਅਤੇ ਮਾਨਵਤਾਵਾਦੀ ਸੋਚ ਅਪਣਾ ਕਿ ਇਸ ਜੰਗ ਨੂੰ ਰੁਕਵਾਉਣ ਲਈ ਕੰਮ ਕਰਨ। ਸੰਤ ਸੀਚੇਵਾਲ ਨੇ ਕਿਹਾ ਕਿ ਕੋਈ ਵੀ ਮੁਲਕ ਸੁਪਰ ਪਾਵਰ ਨਹੀਂ ਹੋ ਸਕਦਾ ਹੈ ਕਿਉਂਕਿ ਕੁਦਰਤ ਹੀ ਸਭ ਤੋਂ ਵੱਧ ਸਰਬ ਸ਼ਕਤੀਮਾਨ ਹੈ।
ਇਸ ਜੰਗ ਨਾਲ ਕੁਦਰਤੀ ਸੋਮੇ ਵੀ ਤਬਾਹ ਹੋ ਜਾਣਗੇ, ਜਿਸਦੀ ਭਰਪਾਈ ਕੋਈ ਵੀ ਮੁਲਕ ਨਹੀ ਕਰ ਸਕਦਾ। ਰਾਜ ਸਭਾ ਮੈਂਬਰ ਨੇ ਕਿਹਾ ਕਿ ਇਜ਼ਰਾਇਲ ਤੇ ਇਰਾਨ ’ਚ ਚੱਲ ਰਹੀਆਂ ਮਿਜ਼ਾਇਲਾਂ ਦਾ ਅਸਰ ਕੇਵਲ ਇਹਨਾਂ ਦੋਹਾਂ ਮੁਲਕਾਂ ’ਤੇ ਹੀ ਨਹੀਂ ਪੈਣਾ ਸਗੋਂ ਦੂਰ-ਦੁਰਾਡੇ ਵਾਲੇ ਮੁਲਕਾਂ ’ਚ ਵੱਸਦੇ ਲੋਕਾਂ ਦਾ ਸਾਹ ਵੀ ਇਨ੍ਹਾਂ ਜ਼ਹਿਰੀਲੀਆਂ ਗੈਸਾਂ ਨਾਲ ਘੁੱਟਿਆ ਜਾਵੇਗਾ।
ਸੰਤ ਸੀਚੇਵਾਲ ਨੇ ਕਿਹਾ ਕਿ ਰੂਸ ਅਤੇ ਯੂਕਰੇਨ ’ਚ ਲੱਗੀ ਲੜਾਈ ਨੂੰ ਢਾਈ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਅਜੇ ਵੀ ਇਸ ਲੜਾਈ ਦੇ ਖ਼ਤਮ ਹੋਣ ਦੇ ਕੋਈ ਅਸਾਰ ਨਜ਼ਰ ਨਹੀ ਆ ਰਹੇ। ਇਸੇ ਤਰ੍ਹਾਂ ਇਜ਼ਰਾਇਲ ਤੇ ਫਿਲਸਤੀਨ ’ਚ ਵੀ ਛਿੜੀ ਜੰਗ ਰੁਕਣ ਦਾ ਨਾਮ ਨਹੀ ਲੈ ਰਹੀ। ਇਸ ਲੜਾਈ ਵਿਚ ਹੁਣ ਇਰਾਨ ਵੀ ਕੁੱਦ ਪਿਆ ਹੈ ਅਤੇ ਲਿਬਨਾਨ ’ਤੇ ਵੀ ਇਜ਼ਰਾਇਲ ਵਾਰ-ਵਾਰ ਵੱਡੇ ਹਮਲੇ ਕਰ ਰਿਹਾ ਹੈ। ਇਹਨਾਂ ਹਮਲਿਆਂ ਨੇ ਲਿਬਨਾਨ ’ਚ ਭਾਰੀ ਤਬਾਹੀ ਮਚਾਈ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਇਹਨਾਂ ਲੜਾਈਆਂ ’ਚ ਹੋਰ ਪਤਾ ਨਹੀ ਕਿੰਨੇ ਮਾਸੂਮ ਤੇ ਬੇਗੁਨਾਹ ਲੋਕ ਮਾਰੇ ਜਾਣਗੇ। ਜਦ ਕਿ ਆਮ ਲੋਕਾਂ ਦਾ ਲੜਾਈਆਂ ਨਾਲ ਦੂਰ-ਦਾ ਵੀ ਕੋਈ ਵਾਹ ਵਾਸਤਾ ਨਹੀਂ ਹੁੰਦਾ। ਉਨ੍ਹਾਂ ਵੱਡੇ ਮੁਲਕਾਂ ਨੂੰ ਅਪੀਲ ਕੀਤੀ ਕਿ ਉਹ ਇਜ਼ਰਾਇਲ-ਇਰਾਨ ਦੀ ਜੰਗ ਰੁਕਵਾਉਣ ’ਚ ਮੋਹਰੀ ਭੂਮਿਕਾ ਨਿਭਾਉਣ।