ਸੌਂਦ ਨੇ ਕਿਹਾ ਕਿ ਉਦਯੋਗਾਂ ਨਾਲ ਸਬੰਧਤ ਸਰਕਾਰੀ ਸਕੀਮਾਂ, ਨੀਤੀਆਂ ਤੇ ਯੋਜਨਾਵਾਂ ਹੇਠਲੇ ਪੱਧਰ ਦੇ ਉਦਯੋਗਾਂ ਤੱਕ ਪਹੁੰਚਾਉਣ ਲਈ ਹੋਰ ਹੰਭਲੇ ਮਾਰਨ ਦੀ ਲੋੜ ਹੈ।
ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸੂਬੇ ’ਚ ਉਦਯੋਗਾਂ ਲਈ ਹੋਰ ਸੁਖਾਵਾਂ, ਪਾਰਦਰਸ਼ੀ ਤੇ ਦਿੱਕਤ ਰਹਿਤ ਮਾਹੌਲ ਬਣਾਉਣ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸੈਕਟਰ 17 ਸਥਿਤ ਉਦਯੋਗ ਭਵਨ ਵਿਖੇ ਪੂੰਜੀ ਨਿਵੇਸ਼ ਪ੍ਰੋਤਸਾਹਨ, ਉਦਯੋਗ ਤੇ ਕਾਮਰਸ, ਇਨਵੈਸਟ ਪੰਜਾਬ ਤੇ ਉਦਯੋਗ ਵਿਭਾਗ ਨਾਲ ਸਬੰਧਤ ਕਾਰਪੋਰੇਸ਼ਨਾਂ, ਬੋਰਡਾਂ ਦੇ ਉੱਚ ਅਧਿਕਾਰੀਆਂ ਦੀ ਸਮੀਖਿਆ ਮੀਟਿੰਗ ਦੌਰਾਨ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸਨਅਤੀ ਖੇਤਰ ’ਚ ਅੱਵਲ ਨੰਬਰ ’ਤੇ ਲੈ ਕੇ ਜਾਣਾ ਉਨ੍ਹਾਂ ਦੇ ਟੀਚਿਆਂ ਵਿਚ ਸ਼ਾਮਲ ਹੈ।
ਸੌਂਦ ਨੇ ਕਿਹਾ ਕਿ ਉਦਯੋਗਾਂ ਨਾਲ ਸਬੰਧਤ ਸਰਕਾਰੀ ਸਕੀਮਾਂ, ਨੀਤੀਆਂ ਤੇ ਯੋਜਨਾਵਾਂ ਹੇਠਲੇ ਪੱਧਰ ਦੇ ਉਦਯੋਗਾਂ ਤੱਕ ਪਹੁੰਚਾਉਣ ਲਈ ਹੋਰ ਹੰਭਲੇ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਛੋਟੇ ਤੇ ਮੱਧਮ ਵਰਗ ਦੇ ਉਦਯੋਗਾਂ ਲਈ ਵੀ ਕਾਰਗਰ ਕਦਮ ਉਠਾਉਣ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਬਹੁਤ ਸਾਰੀਆਂ ਕੇਂਦਰੀ ਤੇ ਸੂਬਾਈ ਸਕੀਮਾਂ ਹਨ, ਜਿਨ੍ਹਾਂ ਦੀ ਜਾਣਕਾਰੀ ਬਹੁਤੇ ਸਨਅਤਕਾਰਾਂ ਨੂੰ ਨਾ ਹੋਣ ਕਰਕੇ ਉਹ ਇਨ੍ਹਾਂ ਦਾ ਲਾਹਾ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹੀਆਂ ਸਕੀਮਾਂ ਬਾਬਤ ਆਨਲਾਈਨ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਕੋਈ ਵੀ ਸਨਅਤਕਾਰ ਇਕ ਕਲਿੱਕ ਨਾਲ ਇਨ੍ਹਾਂ ਦੀ ਜਾਣਕਾਰੀ ਹਾਸਲ ਕਰ ਸਕੇ। ਉਨ੍ਹਾਂ ਕਿਹਾ ਕਿ ਇਨਵੈਸਟ ਪੰਜਾਬ ਦੀ ਵੈੱਬਸਾਈਟ ਤੱਕ ਵੀ ਇੰਟਰਨੈੱਟ ਵਰਤੋਂਕਾਰਾਂ ਦੀ ਸੁਖਾਲੀ ਪਹੁੰਚ ਲਈ ਕਾਰਗਰ ਕਦਮ ਚੁੱਕੇ ਜਾਣ ਤਾਂ ਜੋ ਦੁਨੀਆਂ ਭਰ ਦੇ ਉਦਯੋਗਪਤੀ ਜੇਕਰ ਨਿਵੇਸ਼ ਲਈ ਸਭ ਤੋਂ ਉੱਤਮ ਥਾਂਵਾਂ ਦੀ ਸਰਚ ਕਰਨ ਤਾਂ ਪੰਜਾਬ ਦਾ ਨਾਂ ਪਹਿਲੇ ਨੰਬਰ ਉੱਤੇ ਆਵੇ।
ਉਦਯੋਗ ਮੰਤਰੀ ਨੇ ਇਹ ਵੀ ਹਦਾਇਤ ਕੀਤੀ ਕਿ ਉਦਯੋਗ ਵਿਭਾਗ ਨਾਲ ਸਬੰਧਤ ਕਾਰਪੋਰੇਸ਼ਨਾਂ/ਬੋਰਡਾਂ ਦੀ ਕਾਰਗੁਜ਼ਾਰੀ ਹੋਰ ਬੇਹਤਰ ਕਰਨ ਲਈ ਇਨ੍ਹਾਂ ਦਾ ਆਪਸੀ ਤੇ ਵੱਖ-ਵੱਖ ਵਿਭਾਗਾਂ ਨਾਲ ਬੇਹਤਰ ਤਾਲਮੇਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਉਦਯੋਗ ਪੱਖੀ ਮਾਹੌਲ ਤਾਂ ਹੀ ਵਿਕਸਿਤ ਹੋਵੇਗਾ ਜੇਕਰ ਪ੍ਰਸ਼ਾਸ਼ਨਿਕ ਅੜਿੱਕੇ ਘੱਟ ਤੋਂ ਘੱਟ ਹੋਣਗੇ। ਉਨ੍ਹਾਂ ਪੰਜਾਬ ਨੂੰ ਸਭ ਤੋਂ ਉੱਤਮ ਉਦਯੋਗਿਕ ਸੂਬਾ ਬਣਾਉਣ ਲਈ ਅਫਸਰਾਂ ਨੂੰ ਸਮਰਪਿਤ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਤਾਂ ਕਿ ਸੂਬੇ ਦਾ ਅਰਥਚਾਰਾ ਹੋਰ ਮਜ਼ਬੂਤ ਹੋਵੇ। ਮੀਟਿੰਗ ਵਿਚ ਉਦਯੋਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ ਨੇ ਉਦਯੋਗ ਮੰਤਰੀ ਨੂੰ ਵਿਭਾਗ ਬਾਰੇ, ਇਨਵੈਸਟ ਪੰਜਾਬ ਅਤੇ ਸਬੰਧਤ ਬੋਰਡਾਂ-ਕਾਰਪੋਰੇਸ਼ਨਾਂ ਦੀ ਕਾਰਗੁਜ਼ਾਰੀ, ਨੀਤੀਆਂ ਅਤੇ ਹੋਰ ਮਸਲਿਆਂ ਬਾਬਤ ਜਾਣਕਾਰੀ ਦਿੱਤੀ।