Home Desh ਰੰਗਮੰਚ ਤੋਂ ਫਿਲਮਾਂ ’ਚ ਪਛਾਣ ਬਣਾਉਣ ਵਾਲਾ ਸੁਖਦੇਵ ਲੱਧੜ, ਪੜ੍ਹੋ ਸੰਘਰਸ਼ ਦੀ...

ਰੰਗਮੰਚ ਤੋਂ ਫਿਲਮਾਂ ’ਚ ਪਛਾਣ ਬਣਾਉਣ ਵਾਲਾ ਸੁਖਦੇਵ ਲੱਧੜ, ਪੜ੍ਹੋ ਸੰਘਰਸ਼ ਦੀ ਕਹਾਣੀ

63
0

ਸੁਖਦੇਵ ਲੱਧੜ ਦੀ ਜ਼ਿੰਦਗੀ ਦੀ ਪਹਿਲੀ ਫੀਚਰ ਫਿਲਮ ‘ਜੋਰਾ ਦਸ ਨੰਬਰੀਆ’ ਹੈ, ਜਿਸ ਨੂੰ ਅਮਰਦੀਪ ਸਿੰਘ ਗਿੱਲ ਨੇ ਨਿਰਦੇਸ਼ਤ ਕੀਤਾ।

ਰੰਗਮੰਚ ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਨੂੰ ਪੇਸ਼ ਕਰਨ ਦਾ ਬਿਹਤਰੀਨ ਢੰਗ ਹੈ ਤੇ ਇਹ ਬਿਹਤਰ ਜ਼ਿੰਦਗੀ ਜਿਊਣਾ ਸਿਖਾਉਂਦਾ ਹੈ। ਰੰਗਮੰਚ ਨੇ ਹੀ ਸੁਖਦੇਵ ਲੱਧੜ (Sukhdev Ladhar) ਦੇ ਅੰਦਰਲੇ ਕਲਾਕਾਰ ਨੂੰ ਤਰਾਸ਼ ਕੇ ਪਾਲੀਵੁੱਡ ਤੇ ਬਾਲੀਵੁੱਡ ਫਿਲਮਾਂ ਤਕ ਪਹੁੰਚਾਇਆ।
ਬਚਪਨ ਤੋਂ ਸੀ ਗਾਉਣ ਦਾ ਸ਼ੌਕ
ਮਜ਼ਦੂਰ ਪਰਿਵਾਰ ’ਚ ਜਨਮੇ ਸੁਖਦੇਵ ਲੱਧੜ ਦਾ ਦਾਦਕਾ ਪਿੰਡ ਭਾਵੇਂ ਮੁੱਦਕੀ ਹੈ ਪਰ ਉਹ ਬਚਪਨ ਤੋਂ ਆਪਣੇ ਨਾਨਕੇ ਪਿੰਡ ਨਿਹਾਲ ਸਿੰਘ ਵਾਲਾ ਵਿਖੇ ਪੜ੍ਹਿਆ-ਲਿਖਿਆ ਤੇ ਵੱਡਾ ਹੋਇਆ। ਬਚਪਨ ਤੋਂ ਹੀ ਉਸ ਨੂੰ ਗਾਉਣ ਦਾ ਸ਼ੌਕ ਸੀ, ਜਿਸ ਨੂੰ ਉਸ ਨੇ ਤੀਜੀ ਜਮਾਤ ਤੋਂ ਲਗਾਤਾਰ ਬਰਕਰਾਰ ਰੱਖਿਆ। ਅਨੇਕਾਂ ਗਾਇਕੀ ਮੁਕਾਬਲਿਆਂ ‘ਚ ਭਾਗ ਲਏ, ਵੱਖ-ਵੱਖ ਚੈਨਲਾਂ ’ਤੇ ਗਾਇਕੀ ਮੁਕਾਬਲਿਆਂ ਲਈ ਆਡੀਸ਼ਨ ਦਿੰਦਾ ਰਿਹਾ ਤੇ ਫਿਰ 2013 ’ਚ ਉਸ ਦੀ ਜ਼ਿੰਦਗੀ ਦਾ ਰੁਖ਼ ਰੰਗਮੰਚ ਵੱਲ ਹੋਇਆ।
ਰੰਗਮੰਚ ਦੀ ਸ਼ੁਰੂਆਤ
ਉਹ ਦੱਸਦਾ ਹੈ ਕਿ ਰੰਗਮੰਚ ਦੀ ਸ਼ੁਰੂਆਤ ਏਕਨੂਰ ਵੈੱਲਫੇਅਰ ਤੇ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਗਿੱਲ ਤੇ ਪ੍ਰਿੰਸੀਪਲ ਸੁਖਮਿੰਦਰ ਸਿੰਘ ਖਹਿਰਾ ਦੀ ਬਦੌਲਤ ਹੋਈ। ਉਸ ਨੇ ਪਹਿਲਾ ਨਾਟਕ ‘ਪੱਗੜੀ ਸੰਭਾਲ ਓਏ ਜੱਟਾ’ ਕੀਤਾ, ਜੋ ਨਾਟਕਕਾਰ ਨਵਦੀਪ ਜੌੜਾ ਦੀ ਨਿਰਦੇਸ਼ਨਾ ’ਚ ਤਿਆਰ ਹੋਇਆ। ਉਸ ਤੋਂ ਬਾਅਦ ਹੁਣ ਤਕ ਅਨੇਕਾਂ ਰੰਗਮੰਚ ਟੀਮਾਂ ’ਚ ਰੰਗਕਰਮੀ ਵਜੋਂ ਕੰਮ ਕੀਤਾ ਅਤੇ ਬਹੁਤ ਸਾਰੇ ਨਾਟਕਾਂ ’ਚ ਵੱਖ-ਵੱਖ ਪਾਤਰ ਨਿਭਾਉਂਦਾ ਰਿਹਾ। ਉਸ ਦੀ ਫਿਲਮੀ ਪਾਰੀ ਦੀ ਸ਼ੁਰੂਆਤ ਨਾਵਲਕਾਰ ਸ਼ਿਵ ਚਰਨ ਜੱਗੀ ਕੁੱਸਾ ਦੇ ਵਿਅੰਗ ‘ਸੱਘੇ ਦਾ ਸਵੰਬਰ’ ਤੋਂ ਹੋਈ, ਜਿਸ ਨੂੰ ਲਵਲੀ ਸ਼ਾਰਮਾ ਤੇ ਮੈਡਮ ਕੁਲਵੰਤ ਖੁਰਮੀ ਨੇ ਨਿਰਦੇਸ਼ਤ ਕੀਤਾ। ਇਸ ਤੋਂ ਬਾਅਦ ਉਸ ਨੇ ਲਗਭਗ 20 ਦੇ ਕਰੀਬ ਲਘੂ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ। ਉਂਜ ਉਹ ਅਦਾਕਾਰੀ ਦੇ ਖੇਤਰ ’ਚ ਪੋਲੇ ਪੈਰੀਂ ਨਹੀਂ ਆਇਆ। ਉਹ ਨੈਸ਼ਨਲ ਸਕੂਲ ਆਫ ਡਰਾਮਾ ਦਿੱਲੀ, ਸੰਗੀਤ ਨਾਟਕ ਅਕੈਡਮੀ ਦਿੱਲੀ, ਇਪਟਾ, ਡਰਾਮਾ ਸਕੂਲ ਮੁੰਬਈ ਵਰਗੀਆਂ ਸੰਸਥਾਵਾਂ ’ਚ ਐਕਟਿੰਗ ਦੀਆਂ ਕਲਾਸਾਂ ਲਗਾ ਚੁੱਕਿਆ ਹੈ।
ਪਹਿਲੀ ਫਿਲਮ
ਉਸ ਦੀ ਜ਼ਿੰਦਗੀ ਦੀ ਪਹਿਲੀ ਫੀਚਰ ਫਿਲਮ ‘ਜੋਰਾ ਦਸ ਨੰਬਰੀਆ’ ਹੈ, ਜਿਸ ਨੂੰ ਅਮਰਦੀਪ ਸਿੰਘ ਗਿੱਲ ਨੇ ਨਿਰਦੇਸ਼ਤ ਕੀਤਾ। ਘਰ ਦੀ ਜ਼ਿੰਮੇਵਾਰੀ ਨਿਭਾਉਣ ਲਈ ਉਸ ਨੇ ਹੋਰ ਕਈ ਕੰਮ ਵੀ ਕੀਤੇ ਪਰ ਰੰਗਮੰਚ ਕਿਰਤਾਂ ਨੂੰ ਪ੍ਰਮੁਖੱਤਾ ਵਜੋਂ ਕਰਦਾ ਰਿਹਾ। 2017 ਵਿਚ ‘ਜੈ ਹੋ ਰੰਗਮੰਚ’ ਟੀਮ ਨਿਹਾਲ ਸਿੰਘ ਵਾਲਾ ਦੀ ਸ਼ੁਰੂਆਤ ਹੋਈ, ਜਿਸ ਦਾ ਉਸ ਨੂੰ ਪ੍ਰਧਾਨ ਚੁਣਿਆ ਗਿਆ। ਹੁਣ ਤਕ ਵੀ ਉਹ ਇਸ ਰੰਗਮੰਚ ਟੀਮ ਲਈ ਨਿਰਦੇਸ਼ਕ ਤੇ ਰੰਗਕਰਮੀ ਵਜੋਂ ਆਪਣੀਆਂ ਸੇਵਾਵਾਂ ਦੇ ਰਿਹਾ ਹੈ।
ਫਿਲਮਾਂ ’ਚ ਨਿਭਾਏ ਛੋਟੇ-ਛੋਟੇ ਕਿਰਦਾਰ
ਉਸ ਨੇ ਅਨੇਕਾਂ ਵਿਸ਼ਿਆਂ ’ਤੇ ਨਾਟਕ ਨਿਰਦੇਸ਼ਤ ਕੀਤੇ। ਸਭ ਤੋਂ ਜ਼ਿਆਦਾ ਪੇਸ਼ਕਾਰੀਆਂ ਵਾਲਾ ਨਾਟਕ ‘ਸੁਲਗਦੀ ਧਰਤੀ’ ਹੈ। ਇਸ ਤੋਂ ਇਲਾਵਾ ਹੁਣ ਤਕ ਉਹ ਦਸ ਦੇ ਕਰੀਬ ਨਾਟਕ ਨਿਰਦੇਸ਼ਤ ਕਰ ਚੁੱਕਿਆ ਹੈ। ਇਸ ਸਫ਼ਰ ਦੌਰਾਨ ਉਸ ਨੇ ਅਨੇਕਾਂ ਫਿਲਮਾਂ ’ਚ ਛੋਟੇ-ਛੋਟੇ ਕਿਰਦਾਰ ਨਿਭਾਏ, ਜਿਨ੍ਹਾਂ ਵਿਚ ‘ਮਰਜਾਣੇ’, ‘ਮੈਂ ਤੇ ਬਾਪੂ’, ‘ਯੂਥ ਫੈਸਟੀਵਲ’, ‘ਬੂਹੇ ਬਾਰੀਆਂ’, ‘ਰੋਡੇ ਕਾਲਜ’ ਆਦਿ ਫ਼ਿਲਮਾਂ ਸ਼ਾਮਿਲ ਹਨ। ਉਸ ਨੇ ਛੇ ਲਘੂ ਫ਼ਿਲਮਾਂ ‘ਦਾਨ’ (ਦਿ ਡੋਨੇਸ਼ਨ)’, ‘ਸ਼ੀਸ਼ਾ’, ‘ਤਵੀਤ’, ‘ਵੋਟ’, ‘ਆਰਟ ਆਫ ਜਰਮੀਨੇਟ’, ‘ਈਦ ਦਾ ਪਾਠ’ ਵੀ ਨਿਰਦੇਸ਼ਤ ਕੀਤੀਆਂ ਹਨ। ਚੋਣ ਕਮਿਸ਼ਨ ਪੰਜਾਬ ਦੇ ਲਘੂ ਫਿਲਮ ਮੁਕਾਬਲੇ 2020 ਵਿੱਚੋਂ ਉਸ ਦੀ ‘ਵੋਟ’ ਫ਼ਿਲਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ‘ਦਾਨ’ ਲਘੂ ਫਿਲਮ ਬਠਿੰਡਾ ਫਿਲਮ ਫੈਸਟੀਵਲ ‘ਚ ਸਕਰੀਨਿੰਗ ਲਈ ਚੁਣੀ ਗਈ। ਪੰਜਾਬੀ ਫਿਲਮ ਮੁਕਾਬਲਾ ‘ਚ ਸਕਰੀਨਿੰਗ ਲਈ ਲਘੂ ਫਿਲਮ ‘ਈਦ ਦਾ ਪਾਠ’ ਚੁਣੀ ਗਈ।
ਦਰਸ਼ਕਾਂ ਨੇ ਕੰਮ ਦੀ ਕੀਤੀ ਵਾਹ-ਵਾਹ
ਉਸ ਦੀ ਮਿਹਨਤ ਨੂੰ ਦੇਖਦਿਆਂ 2022 ’ਚ ਪ੍ਰਸਿੱਧ ਫਿਲਮ ਨਿਰਦੇਸ਼ਕ ਜਗਦੀਪ ਸਿੰਘ ਸਿੱਧੂ ਨੇ ਉਸ ਦੇ ਵੱਖ-ਵੱਖ ਆਡੀਸ਼ਨ ਲਏ ਤੇ ਉਸ ਦੇ ਹੁਨਰ ਨੂੰ ਪਛਾਣਦਿਆਂ ਆਪਣੀ ਫਿਲਮ ‘ਮੋਹ’ ਲਈ ਕਾਸਟ ਕੀਤਾ। ਇਸ ਫਿਲਮ ’ਚ ਉਸ ਨੇ ਅਦਾਕਾਰਾ ਸਰਗੁਨ ਮਹਿਤਾ ਦੇ ਪਤੀ ‘ਕਿੰਦੂ’ ਦਾ ਕਿਰਦਾਰ ਨਿਭਾਇਆ। ਉਸ ਦਾ ਕਹਿਣਾ ਕਿ ‘ਮੋਹ’ ਫਿਲਮ ’ਚ ਮਿਲੇ ਅਹਿਮ ਕਿਰਦਾਰ ਨਾਲ ਜਿੱਥੇ ਦਰਸ਼ਕਾਂ ਨੇ ਉਸ ਦੇ ਕੰਮ ਦੀ ਵਾਹ-ਵਾਹ ਕੀਤੀ, ਉੱਥੇ ਖੇਤਰ ਦੇ ਕੁਝ ਲੋਕਾਂ ਨੇ ਉਸ ਨੂੰ ਅਦਾਕਾਰ ਹੀ ‘ਮੋਹ’ ਤੋਂ ਮੰਨਣਾ ਸ਼ੁਰੂ ਕੀਤਾ। ਉਸ ਨੇ ਕੁਝ ਸਮਾਂ ਪਹਿਲਾਂ ਆਈ ਫਿਲਮ ‘ਸ਼ਾਇਰ’ ’ਚ ਵੀ ਕਿਰਦਾਰ ਨਿਭਾਇਆ ਹੈ।
ਨਵੇਂ ਨਾਟਕਾਂ ’ਤੇ ਕਰ ਰਿਹਾ ਕੰਮ
ਸੁਖਦੇਵ ਨੇ ਬਾਲੀਵੁੱਡ ਫ਼ਿਲਮਾਂ ’ਚ ਵੀ ਕਿਰਦਾਰ ਨਿਭਾਏ, ਜਿਨ੍ਹਾਂ ਵਿਚ ‘ਅਮਰ ਸਿੰਘ ਚਮਕੀਲਾ’ ਵਿਚ ਇਮਤਿਆਜ਼ ਅਲੀ ਦੀ ਨਿਰਦੇਸ਼ਨਾ ਵਿਚ ਕੰਮ ਕੀਤਾ। ਨਿਰਦੇਸ਼ਕ ਨੀਰਜ ਯਾਦਵ ਦੀ ‘ਹਵਾਈ ਫਾਇਰ’ ਵਿਚ ਸੁਖਦੇਵ ਨੇ ਅਦਾਕਾਰ ਜੈਦੀਪ ਅਲਾਵਤ ਨਾਲ ਸਕਰੀਨ ਸ਼ੇਅਰ ਕੀਤੀ ਹੈ। ਉਸ ਨੇ ਹੁਣ ਨਿਰਦੇਸ਼ਕ ਪੁਲਕਿਤ ਦੀ ਫ਼ਿਲਮ ‘ਚ ਕਿਰਦਾਰ ਨਿਭਾਇਆ ਹੈ। ਇਸ ਫਿਲਮ ’ਚ ਉਹ ਪ੍ਰਸਿੱਧ ਅਦਾਕਾਰ ਸੰਜੇ ਮਿਸ਼ਰਾ ਅਤੇ ਸੈਫ ਅਲੀ ਖ਼ਾਨ ਨਾਲ ਸਕਰੀਨ ਸ਼ੇਅਰ ਕਰਦਾ ਨਜ਼ਰ ਆਵੇਗਾ। ਸੁਖਦੇਵ ਇਨ੍ਹੀਂ ਦਿਨੀਂ ਆਪਣੀ ਟੀਮ ‘ਜੈ ਹੋ ਰੰਗਮੰਚ’ ਦੇ ਨਵੇਂ ਕਲਾਕਾਰਾਂ ਨਾਲ ਨਾਟਕਾਂ ਉੱਤੇ ਕੰਮ ਕਰ ਰਿਹਾ ਹੈ ਤੇ ਆਪਣੀਆਂ ਅਗਲੀਆਂ ਫ਼ਿਲਮਾਂ ਦੇ ਪ੍ਰਾਜੈਕਟਾਂ ਦੀ ਤਿਆਰੀ ਕਰ ਰਿਹਾ ਹੈ ਤੇ ਕਿਰਦਾਰ ਘੜ ਰਿਹਾ ਹੈ।
ਜ਼ਿੰਦਗੀ ਦਾ ਵੱਡਾ ਦੁੱਖ
ਉਸ ਦਾ ਕਹਿਣਾ ਹੈ ਕਿ ਮੈਂ ਸਮਾਜ ਵਿਚਲੀਆਂ ਪਿਰਤਾਂ ਨੂੰ ਤੋੜਨ ਲਈ ਜਨਮਿਆਂ ਹਾਂ, ਜਿੱਥੇ ਮਜ਼ਦੂਰ ਪਰਿਵਾਰਾਂ ਦੇ ਬੱਚਿਆਂ ਨੂੰ ਕਿਹਾ ਜਾਂਦਾ ਹੈ ਕਿ ਘਾਹੀਆਂ ਦੇ ਪੁੱਤ ਤਾਂ ਘਾਹ ਈ ਖੋਤਦੇ ਹੁੰਦੇ ਆ, ਪਰ ਨਹੀਂ ਹੁਣ ਸਮਾਂ ਬਦਲ ਗਿਆ ਹੈ। ਹੁਣ ਘਾਹੀਆਂ ਦੇ ਪੁੱਤ ਘਾਹ ਨਹੀਂ ਖੋਤਦੇ, ਹੁਣ ਉਹ 70ਐੱਮਐੱਮ ਦੇ ਪਰਦੇ ਉੱਤੇ ਦੇਸ਼ਾਂ-ਵਿਦੇਸ਼ਾਂ ’ਚ ਆਪਣੀ ਕਿਰਤ ਕਲਾ ਨਾਲ ਖ਼ੂਬ ਵਾਹ-ਵਾਹ ਖੱਟ ਰਹੇ ਹਨ। ਉਸ ਨੇ ਦੱਸਿਆ ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਉਸ ਦੇ ਭਰਾ ਸਵ. ਬਲਦੇਵ ਲੱਧੜ ਦੇ ਇਸ ਦੁਨੀਆਂ ਤੋਂ ਚਲੇ ਜਾਣ ਦਾ ਹੈ। ਜ਼ਿੰਦਗੀ ਦੇ ਕੌੜੇ-ਮਿੱਠੇ ਪਲਾਂ ਨੂੰ ਮਾਣਦਾ ਸੁਖਦੇਵ ਲੱਧੜ ਰੰਗਮੰਚ, ਫਿਲਮ ਜਗਤ ’ਚ ਆਪਣੀ ਕਲਾ ਕਿਰਤ ਕਰਦਿਆਂ ਅਦਾਕਾਰੀ ਤੇ ਨਿਰਦੇਸ਼ਨਾ ਦੇ ਜੌਹਰ ਵਿਖਾਉਂਦਾ ਅੱਗੇ ਵੱਧ ਰਿਹਾ ਹੈ।
Previous articleਕਾਰ ਦੇ ਉੱਡੇ ਪਰਖੱਚੇ, Italy ਤੋਂ ਆਏ ਨੌਜਵਾਨ ਦੀ ਦਰਦਨਾਕ ਮੌਤ; 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ
Next articleRana Jung Bahadur : ਵੱਖ-ਵੱਖ ਕਿਰਦਾਰਾਂ ਨੂੰ ਬਾਖ਼ੂਬੀ ਨਿਭਾਉਂਦਾ ਰਾਣਾ ਜੰਗ ਬਹਾਦਰ

LEAVE A REPLY

Please enter your comment!
Please enter your name here