Home Desh Happy Dussehra : ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਦੁਸਹਿਰਾ Deshlatest NewsPanjab Happy Dussehra : ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਦੁਸਹਿਰਾ By admin - October 12, 2024 170 0 FacebookTwitterPinterestWhatsApp Happy ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਲੋਕ ਆਪਣੇ ਤਿੱਥ, ਤਿਉਹਾਰ ਤੇ ਮੇਲੇ ਬੜੀ ਸ਼ਰਧਾ ਨਾਲ ਮਨਉਂਦੇ ਹਨ। ਭਾਰਤ ਰਾਸ਼ਟਰ ਵੰਨ-ਸੁਵੰਨੀਆਂ ਧਾਰਮਿਕ, ਇਤਿਹਾਸਕ ਤੇ ਸੱਭਿਆਚਾਰਕ ਮਹਾਨਤਾਵਾਂ ਵਾਲਾ ਦੇਸ਼ ਹੈ। ਇੱਥੇ ਮਿਸ਼ਰਤ ਸੱਭਿਆਚਾਰਾਂ ਦਾ ਖ਼ੂਬਸੂਰਤ ਸੰਸਕ੍ਰਿਤ ਮੁਹਾਂਦਰਾ ਦੇਖਣ ਨੂੰ ਮਿਲਦਾ ਹੈ। ਇਹ ਕੁਦਰਤ ਇਤਿਹਾਸ, ਮਿਥਹਾਸ ਤੇ ਅਧਿਆਤਮਿਕ ਵਰਤਾਰੇ ਦੇ ਅਨੁਭਵ ਨੂੰ ਆਪਣੇ ’ਚ ਸਮੋਈ ਬੈਠਾ ਹੈ। ਇੱਥੇ ਵੱਗਦੇ ਦਰਿਆਵਾਂ ਦ ਅਗੰਮੀ ਨਾਦ ਵੀ ਗੂੰਜਦਾ ਹੈ ਤੇ ਕਲ-ਕਲ ਕਰਦੀਆਂ ਨਦੀਆਂ ਦਾ ਸੁਹਾਵਣਾ ਸਾਜ਼ ਵੀ ਵੱਜਦਾ ਹੈ। ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਲੋਕ ਆਪਣੇ ਤਿੱਥ, ਤਿਉਹਾਰ ਤੇ ਮੇਲੇ ਬੜੀ ਸ਼ਰਧਾ ਨਾਲ ਮਨਉਂਦੇ ਹਨ। ਇਨ੍ਹਾਂ ਤਿਉਹਾਰਾਂ ਵਿੱਚੋਂ ਖ਼ੁਸ਼ੀਆਂ-ਖੇੜਿਆਂ ਤੇ ਉਮੰਗਾਂ ਭਰਪੂਰ ਲੋਕ ਜੀਵਨ ਧੜਕਦਾ ਦਿਖਾਈ ਦਿੰਦਾ ਹੈ। ਦੁਸਹਿਰਾ (Dussehra) ਇਨ੍ਹਾਂ ਤਿਉਹਾਰਾਂ ਵਿੱਚੋਂ ਇਕ ਹੈ, ਜਿਸ ਨੂੰ ਸਮੁੱਚੇ ਭਾਰਤ ’ਚ ਕੌਮੀ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਦੀਵਾਲੀ ਵਾਂਗ ਦੁਸਹਿਰਾ ਵੀ ਰੁੱਤ ਪਰਿਵਰਤਨ ਦਾ ਮੌਸਮੀ ਤਿਉਹਾਰ ਹੈ। ਪਿਛੋਕੜ ਕਥਾਵਾਂ ਅਨੁਸਾਰ ਦੁਸਹਿਰੇ ਦਾ ਸਬੰਧ ਸਤਯੁੱਗ ਨਾਲ ਹੈ। ਪ੍ਰੰਪਰਾਵਾਂ ਅਨੁਸਾਰ ਇਸ ਨੂੰ ਭਾਰਤ ਦਾ ਬਹੁਤ ਪੁਰਾਣਾ ਤਿਉਹਾਰ ਮੰਨਿਆ ਜਾਂਦਾ ਹੈ। ਜਦੋਂ ਸਤਯੁੱਗ ’ਚ ਲੰਕਾ ਦੇ ਰਾਜੇ ਰਾਵਣ ਤੇ ਰਾਕਸ਼ਾਂ ਦਾ ਅੱਤਿਆਚਾਰ ਬਹੁਤ ਵੱਧ ਗਿਆ ਤਾਂ ਕਹਿੰਦੇ ਹਨ ਕਿ ਵਿਸ਼ਨੂੰ ਭਗਵਾਨ (Vishnu Bhagwan) ਨੇ ਰਾਮ ਜੀ ਦੇ ਰੂਪ ਵਿਚ ਅਵਤਾਰ ਧਾਰਿਆ ਅਤੇ ਵਿਜੈ ਦਸ਼ਮੀ (Vijayadashami) ਵਾਲੇ ਦਿਨ ਉਸ ਨੂੰ ਮਾਰ ਦਿੱਤਾ। ਇਹ ਦੀਵਾਲੀ ਤੋਂ ਵੀਹ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਦੁਸਹਿਰਾ ਤੇ ਦੀਵਾਲੀ ਦੋਵਾਂ ਤਿਉਹਾਰਾਂ ਦਾ ਸਬੰਧ ਸ੍ਰੀ ਰਾਮ ਚੰਦਰ ਜੀ ਨਾਲ ਹੈ। ਸ੍ਰੀ ਰਾਮ ਅਯੁੱਧਿਆ ਦੇ ਰਾਜਾ ਦਸ਼ਰਥ ਦੇ ਪੁੱਤਰ ਸਨ। ਦੁਸਹਿਰੇ ਦੇ ਤਿਉਹਾਰ ਦਾ ਸਬੰਧ ਰਾਮ ਚੰਦਰ ਜੀ ਦੇ ਚੌਦਾਂ ਸਾਲਾਂ ਦੇ ਬਨਵਾਸ ਨਾਲ ਜੁੜਦਾ ਹੈ। ਇਕ ਅਗਿਆਕਾਰੀ ਪੁੱਤਰ ਵਾਂਗ ਆਪਣੇ ਪਿਤਾ ਦਸ਼ਰਥ ਦੇ ਵਚਨ ਨੂੰ ਪੂਰਾ ਕਰਨ ਲਈ ਉਹ ਆਪਣੀ ਪਤਨੀ ਸੀਤਾ ਤੇ ਭਰਾ ਲਛਮਣ ਨਾਲ ਚੌਦਾਂ ਸਾਲਾ ਲਈ ਬਨਵਾਸ ’ਤੇ ਚਲਾ ਗਿਆ ਸੀ। ਬਨਵਾਸ ਦੌਰਾਨ ਰਾਵਣ ਨੇ ਸੀਤਾ ਮਾਤਾ ਨੂੰ ਅਗਵਾ ਕਰ ਲਿਆ ਸੀ। ਦੁਸਹਿਰੇ ਵਾਲੇ ਦਿਨ ਰਾਮ ਚੰਦਰ ਜੀ ਨੇ ਲੰਕਾਂ ਦੇ ਹੰਕਾਰੀ ਰਾਜੇ ਰਾਵਣ ਨੂੰ ਮਾਰ ਕੇ ਉਸ ਦੀ ਕੈਦ ਵਿੱਚੋਂ ਸੀਤਾ ਮਾਤਾ ਨੂੰ ਛੁਡਵਾਇਆ ਸੀ। ਦੁਸਹਿਰੇ ਦਾ ਤਿਉਹਾਰ ਜਿੱਥੇ ਬਦੀ ’ਤੇ ਨੇਕੀ ਦੀ ਜਿੱਤ ਨਾਲ ਜੁੜਿਆ ਹੋਇਆ ਹੈ, ਉੱਥੇ ਹੀ ਇਹ ਤਿਉਹਾਰ ਮਾਨਵੀ ਰਿਸ਼ਤਿਆਂ ਦੇ ਆਪਸੀ ਪਿਆਰ ਨਾਲ ਵੀ ਜੁੜਿਆ ਹੋਇਆ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਸਿਰਾਂ ’ਚ ਜੌਂ ਟੰਗਦੀਆਂ ਹਨ। ਇਸ ਨਾਲ ਭੈਣ-ਭਰਾਵਾਂ ਦਾ ਆਪਸੀ ਪਿਆਰ, ਸਤਿਕਾਰ ਤੇ ਸਵੈ-ਮਾਣ ਬਣਿਆ ਰਹਿੰਦਾ ਹੈ। ਇਸ ਸਮੇਂ ਉਹ ਰਾਮ ਚੰਦਰ ਦੀ ਪੂਜਾ ਵੀ ਕਰਦੇ ਹਨ। ਮਾਤਾ ਦੁਰਗਾ ਦੀ ਪੂਜਾ ਦੁਸਹਿਰੇ ਤੋਂ ਪਹਿਲਾਂ ਦਸ ਦਿਨ ਤਕ ਮਾਤਾ ਦੁਰਗਾ (Mata Durga) ਦੀ ਪੂਜਾ ਕੀਤੀ ਜਾਂਦੀ ਹੈ। ਸ਼ਾਸਤਰਾਂ ਅਨੁਸਾਰ ਦਸ਼ਮੀ (ਦੁਸਹਿਰੇ) ਵਾਲੇ ਦਿਨ ਮਾਤਾ ਦੁਰਗਾ ਨੇ ਵੱਡੇ-ਵੱਡੇ ਰਾਖ਼ਸ਼ਾਂ ਨੂੰ ਮਾਰਨ ਦੇ ਨਾਲ ਵੱਡੇ ਹੰਕਾਰੀ ਰਾਖਸ਼ ਮਹਿਖਾਂਸੁਰ ਨੂੰ ਵੀ ਮਾਰ ਦਿੱਤਾ ਸੀ। ਦੁਸਹਿਰੇ ਤੋਂ ਦਸ ਦਿਨ ਪਹਿਲਾਂ ਵੱਖ-ਵੱਖ ਥਾਵਾਂ ’ਤੇ ਰਾਮਲੀਲ੍ਹਾ ਕੀਤੀ ਜਾਂਦੀ ਹੈ। ਇਹ ਰੀਤ ਵੀ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ। ਮਹਾਂਕਾਵਿ ਰਮਾਇਣ ਦੇ ਕਥਾ-ਪ੍ਰਸੰਗਾਂ ਨਾਲ ਰਾਮ ਜੀ ਦੇ ਰਾਵਣ ਨਾਲ ਕੀਤੇ ਯੁੱਧ ਤਕ ਦੇ ਬਿਰਤਾਂਤ ਰਾਮਲੀਲ੍ਹਾ ਵਿਚ ਦਿਖਾਏ ਜਾਂਦੇ ਹਨ। ਇਸ ’ਚ ਸ੍ਰੀ ਰਾਮ ਜੀ ਦੇ ਜਨਮ ਤੋਂ ਲੈ ਕੇ ਰਾਵਣ ਦੇ ਮਾਰੇ ਜਾਣ ਤਕ ਦੀਆਂ ਲੀਲਾਵਾਂ ਦਾ ਮੰਚਨ ਕੀਤਾ ਜਾਂਦਾ ਹੈ। ਸ਼ਹਿਰਾਂ ਤੇ ਬਾਜ਼ਾਰਾਂ ਵਿਚ ਰਾਮਲੀਲ੍ਹਾ ਦੀਆਂ ਝਾਕੀਆਂ ਕੱਢੀਆਂ ਜਾਂਦੀਆਂ ਹਨ। ਰਾਮਲੀਲ੍ਹਾ ਦੇ ਮੰਚਨ ’ਚੋਂ ਪੰਜਾਬੀ ਲੋਕ-ਨਾਟ ਦੀ ਵੰਨਗੀ ਵੀ ਦੇਖਣ ਨੂੰ ਮਿਲਦੀ ਹੈ। ਰਾਮਲੀਲ੍ਹਾ ਦੇ ਕਲਾਕਾਰਾਂ ਦਾ ਪਹਿਰਾਵਾ, ਸੰਵਾਦ ਤੇ ਅਭਿਨੈ ਭਾਰਤੀ ਲੋਕ-ਨਾਟ ਕਲਾ ਨੂੰ ਜੀਵੰਤ ਰੱਖਣ ’ਚ ਵੱਡਾ ਯੋਗਦਾਨ ਪਾਉਂਦੇ ਹਨ। ਵਿਜੈ ਦਸ਼ਮੀ ਦਾ ਤਿਉਹਾਰ ਦੁਸਹਿਰੇ ਦਾ ਸ਼ਾਬਦਿਕ ਅਰਥ ਹੈ ਦਸ ਸਿਰਾਂ ਨੂੰ ਹਰਨ ਵਾਲਾ, ਖ਼ਤਮ ਕਰਨ ਵਾਲਾ ਜਾਂ ਜਿੱਤਣ ਵਾਲਾ। ਲੋਕ-ਕਥਾਵਾਂ ਵਿਚ ਰਾਵਣ ਨੂੰ ਦਸ਼ਕੰਧਰ ਵੀ ਕਿਹਾ ਗਿਆ ਹੈ, ਜਿਸ ਦਾ ਅਰਥ ਹੈ ਦਸ ਸਿਰਾਂ ਵਾਲਾ। ਇਹ ਵੀ ਕਿਹਾ ਜਾਂਦਾ ਹੈ ਕਿ ਰਾਵਣ ਕਾਲ ਨੂੰ ਮੰਜੇ ਦੇ ਪਾਵੇ ਨਾਲ ਬੰਨ੍ਹ ਕੇ ਰੱਖਣ ਵਾਲਾ ਬੁੱਧੀਮਾਨ ਵਿਅਕਤੀ ਸੀ। ਰਾਵਣ ਨੂੰ ਛੇ ਸ਼ਾਸਤਰਾਂ ਤੇ ਚਾਰ ਵੇਦਾਂ ਦਾ ਗਿਆਨ ਸੀ। ਰਾਵਣ ਭਾਵੇਂ ਗਿਆਨਵਾਨ, ਤਪੱਸਵੀ ਤੇ ਬਲਸ਼ਾਲੀ ਸੀ ਪਰ ਹੰਕਾਰੀ ਅਤੇ ਆਪਣੇ ਗਿਆਨ ਤੇ ਬਲ ਦਾ ਦੁਰਉਪਯੋਗ ਕਰਨ ਕਰਕੇ ਉਸ ਨੂੰ ਅੱਜ ਤਕ ਬਦੀ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ। ਅੱਸੂ ਮਹੀਨੇ ਦੀ ਸ਼ੁਕਲ ਪੱਖ ਦੀ ਦਸਵੀਂ ਭਾਵ ਦੁਸਹਿਰੇ ਵਾਲੇ ਦਿਨ ਰਾਵਣ ਦੇ ਬਦੀ ਅਤੇ ਬੁਰਿਆਈ ਵਾਲੇ ਕਿਰਦਾਰ ’ਤੇ ਰਾਮ ਚੰਦਰ ਜੀ ਨੇ ਜਿੱਤ ਪ੍ਰਾਪਤ ਕੀਤੀ ਸੀ। ਇਸ ਨੂੰ ਵਿਜੈ ਦਸ਼ਮੀ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਦੁਸਹਿਰੇ ਤੋਂ ਪਹਿਲਾਂ ਸ਼ਰਾਧ ਤੇ ਨਰਾਤੇ ਲੋਕ ਪ੍ਰੰਪਰਾਵਾਂ ਅਨੁਸਾਰ ਦੁਸਹਿਰੇ ਤੋਂ ਪਹਿਲਾਂ ਸ਼ਰਾਧ ਤੇ ਨਰਾਤੇ ਮਨਾਏ ਜਾਂਦੇ ਹਨ। ਲੋਕ ਮਾਨਤਾ ਅਨੁਸਾਰ ਇਕ ਕਥਨ ਪ੍ਰਚੱਲਿਤ ਹੈ ਕਿ ਪੰਦਰਾਂ ਸ਼ਰਾਧ, ਨੌਂ ਨਰਾਤੇ ਤੇ ਦਸਵਾਂ ਦੁਸਹਿਰਾ। ਸ਼ਰਾਧਾਂ ’ਚ ਪਿੱਤਰ ਪੂਜਾ ਕੀਤੀ ਜਾਂਦੀ ਹੈ। ਅਜੋਕੇ ਵਿਗਿਆਨਕ ਤੇ ਪੜ੍ਹੇ-ਲਿਖੇ ਸਮਾਜ ਵਿਚ ਇਹ ਰੀਤ ਹੁਣ ਘੱਟਦੀ ਜਾ ਰਹੀ ਹੈ। ਸ਼ਰਾਧਾਂ ਪਿੱਛੋਂ ਨੌਂ ਦਿਨ ਨਰਾਤੇ ਮਨਾਏ ਜਾਂਦੇ ਹਨ। ਇਨ੍ਹਾਂ ਦਿਨਾਂ ਵਿਚ ਹਿੰਦੂ ਪਰਵਿਾਰਾਂ ’ਚ ਨੌਂ ਦੇਵੀਆਂ ਦੀ ਪੂਜਾ ਕੀਤੀ ਜਾਂਦੀ ਹੈ। ਛੋਟੀਆਂ ਬੱਚੀਆਂ ਨੂੰ ਦੇਵੀ ਦਾ ਰੂਪ ਮੰਨ ਕੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਨੂੰ ਕੰਜਕ ਪੂਜਨ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਦਸਵੀਂ ਨੂੰ ਦੁਸਹਿਰਾ ਮਨਾਇਆ ਜਾਂਦਾ ਹੈ। ਰਾਵਣ ਦਹਿਨ ਨਰਾਤਿਆਂ ਤੋਂ ਦਸਵੇਂ ਦਿਨ ਵਿਜੈ ਦਸ਼ਮੀ ਮਨਾਈ ਜਾਂਦੀ ਹੈ ਯਾਨੀ ਇਸ ਦਿਨ ਦੁਸਹਿਰਾ ਮਨਾਇਆ ਜਾਂਦਾ ਹੈ। ਇਸ ਦਿਨ ਕਿਸੇ ਖੁੱਲ੍ਹੀ ਜਗ੍ਹਾ ਦੀ ਚੋਣ ਕੀਤੀ ਜਾਂਦੀ ਹੈ। ਰਾਵਣ ਦੇ ਵੱਡ ਆਕਾਰੀ ਪੁਤਲੇ ਦੇ ਨਾਲ ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਗੱਡੇ ਜਾਂਦੇ ਹਨ। ਇਹ ਪੁਤਲੇ ਬਾਂਸ ਦੀਆਂ ਲੱਕੜਾਂ, ਕਾਨਿਆਂ ਤੇ ਰੰਗ-ਬਰੰਗੇ ਕਾਗਜ਼ਾਂ ਨਾਲ ਬਣਾਏ ਜਾਂਦੇ ਹਨ। ਇਨ੍ਹਾਂ ’ਚ ਪਟਾਖੇ ਰੱਖ ਦਿੱਤੇ ਜਾਂਦੇ ਹਨ। ਰਾਵਣ ਦਹਿਨ ਦਾ ਦ੍ਰਿਸ਼ ਦੇਖਣ ਲਈ ਲੋਕਾਂ ਦਾ ਭਾਰੀ ਇਕੱਠ ਸ਼ਾਮ ਹੋਣ ਤਕ ਜੁੜ ਜਾਂਦਾ ਹੈ। ਰਾਮਲੀਲ੍ਹਾ ਦੀ ਆਖ਼ਰੀ ਝਾਕੀ ਵਿਚ ਰਾਮ ਚੰਦਰ ਜੀ ਹੱਥੋਂ ਰਾਵਣ ਨੂੰ ਮਾਰ ਦੇਣ ਉਪਰੰਤ ਸੂਰਜ ਅਸਤ ਹੋਣ ਤੋਂ ਪਹਿਲਾਂ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਗਾਈ ਜਾਂਦੀ ਹੈ। ਕੁਝ ਲੋਕ ਰਾਵਣ ਦੇ ਪੁਤਲੇ ਦੀਆਂ ਅਧਜਲੀਆਂ ਲੱਕੜਾਂ ਚੁੱਕਣ ਲਈ ਟੁੱਟ ਪੈਂਦੇ ਹਨ। ਬੱਚਿਆਂ ਨੂੰ ਮਿਲਦੀ ਹੈ ਨੈਤਿਕ ਸਿੱਖਿਆ ਭਾਰਤੀ ਤਿੱਥ-ਤਿਉਹਾਰ ਲੋਕ ਜੀਵਨ ਦੀ ਰੌਂਅ ਨਾਲ ਜੁੜੇ ਹੁੰਦੇ ਹਨ। ਇਨ੍ਹਾਂ ਵਿੱਚੋਂ ਭਾਰਤੀ ਲੋਕਾਂ ਦੇ ਸਮਾਜਿਕ, ਧਾਰਮਿਕ, ਵਿਸ਼ੇਸ਼ ਭਾਸ਼ਾਈ, ਇਤਿਹਾਸਕ, ਮਿਥਹਾਸਿਕ ਤੇ ਸੱਭਿਆਚਾਰਕ ਜੀਵਨ ਦੇ ਝਲਕਾਰੇ ਪੈਂਦੇ ਨਜ਼ਰ ਆਉਂਦੇ ਹਨ। ਬੱਚੇ ਸਾਡੇ ਸਮਾਜ ਦਾ ਅਹਿਮ ਤੇ ਅਨਿੱਖੜਵਾਂ ਅੰਗ ਹਨ। ਇਨ੍ਹਾਂ ਦੇ ਹੱਥਾਂ ’ਚ ਹੀ ਸਾਡਾ ਆਉਣ ਵਾਲਾ ਸਮਾਜ ਤੇ ਰਾਸ਼ਟਰ ਵਿਕਸਤ ਹੋਣਾ ਹੈ। ਇਨ੍ਹਾਂ ਦੇ ਚਰਿੱਤਰ ਤੇ ਯੋਗਤਾ ਨੇ ਹੀ ਸੱਭਿਅਕ ਤੇ ਸਿਹਤਮੰਦ ਸਮਾਜ ਦਾ ਨਿਰਮਾਣ ਕਰਨਾ ਹੈ। ਦੁਸਹਿਰਾ ਵੀ ਬੱਚਿਆਂ ਨੂੰ ਚੰਗੇ ਸੱਭਿਅਕ, ਚਰਿੱਤਰ ਦੇ ਧਾਰਨੀ ਬਣਨ ਦੀ ਪ੍ਰੇਰਨਾ ਦਿੰਦਾ ਹੈ। ਛਲ-ਕਪਟ ਰਹਿਤ, ਹੰਕਾਰ ਰਹਿਤ, ਬੁਰਾਈਆਂ ਰਹਿਤ ਜੀਵਨ ਜਿਊਣ ਤੇ ਚੰਗੇ ਚਰਿੱਤਰ ਨਿਰਮਾਣ ਦੀ ਨੈਤਿਕ ਸਿੱਖਿਆ ਵੀ ਬੱਚਿਆਂ ਨੂੰ ਦੁਸਹਿਰੇ ਦਾ ਤਿਉਹਾਰ ਦਿੰਦਾ ਹੈ। ਅਗਿਆਨਤਾ ਦਾ ਹਨੇਰਾ ਕਰੀਏ ਦੂਰ ਇਹ ਤਿਉਹਾਰ ਸਾਨੂੰ ਅਗਿਆਨਤਾ ਦਾ ਹਨੇਰਾ ਦੂਰ ਕਰਨ ਦਾ ਸੁਨੇਹਾ ਦਿੰਦਾ ਹੈ। ਝੂਠ ਤੇ ਬਦੀ ਦੇ ਨ੍ਹੇਰੇ ਨੂੰ ਛੰਡਦਾ ਹੈ। ਗਿਆਨਵਾਨ ਬਣ ਕੇ ਸਾਨੂੰ ਜਬਰ-ਜ਼ੁਲਮ, ਝੂਠ, ਅੱਤਿਆਚਾਰ ਅਤੇ ਬੇਇਨਸਾਫ਼ੀ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਕੂੜ-ਕਪਟ, ਬੁਰਾਈ ਅਤੇ ਬਦੀ ਨੂੰ ਛੱਡ ਕੇ ਸੱਚ ਅਤੇ ਨੇਕੀ ਦੇ ਮਾਰਗ ’ਤੇ ਚੱਲਣਾ ਚਾਹੀਦਾ ਹੈ। ਸ੍ਰੀ ਰਾਮ ਜੀ ਵੱਲੋਂ ਦਰਸਾਏ ਸ਼ਕਤੀ, ਭਗਤੀ, ਸਦਾਚਾਰ ਅਤੇ ਸੱਚਾਈ ਦੀ ਪਾਲਣਾ ਕਰਨ ਵਾਲੇ ਕਰਤੱਵ ਦੀ ਪ੍ਰੇਰਨਾ ਵੀ ਸਾਨੂੰ ਦੁਸਹਿਰੇ ਤੇ ਤਿਉਹਾਰ ਤੋਂ ਲੈਣੀ ਚਾਹੀਦੀ ਹੈ। ਸੇਧ ਲੈਣ ਲੋਕ ਦੁਸਹਿਰਾ ਬਦੀ ’ਤੇ ਨੇਕੀ ਦੀ ਜਿੱਤ ਦੇ ਜਸ਼ਨ ਵਜੋਂ ਮਨਾਇਆ ਜਾਂਦਾ ਹੈ। ਦੁਸਹਿਰਾ ਸਾਲ ਦੀਆਂ ਸਭ ਤੋਂ ਵੱਧ ਸ਼ੁੱਭ ਮੰਨੀਆਂ ਜਾਣ ਵਾਲੀਆਂ ਤਿੱਥਾਂ ’ਚੋਂ ਇਕ ਹੈ। ਪੁਰਾਣੇ ਸਮਿਆਂ ’ਚ ਰਾਜੇ-ਮਹਾਰਾਜੇ ਇਸ ਦਿਨ ਆਪਣੀ ਜਿੱਤ ਦੀ ਅਰਦਾਸ ਕਰ ਕੇ ਮੈਦਾਨ-ਏ-ਜੰਗ ਲਈ ਕੂਚ ਕਰਦੇ ਸਨ। ਇਸ ਦਿਨ ਸ਼ਸਤਰ ਪੂਜਾ ਵੀ ਕੀਤੀ ਜਾਂਦੀ ਹੈ। ਇਹ ਤਿਉਹਾਰ ਦਸ ਪ੍ਰਕਾਰ ਦੀਆਂ ਬੁਰਿਆਈਆਂ ਅਰਥਾਤ ਦਸ ਪਾਪਾਂ ਕਾਮ, ਕ੍ਰੋਧ, ਲੋਭ, ਮੋਹ, ਮਦ, ਹੰਕਾਰ, ਮਤਸਰ, ਆਲਸ, ਹਿੰਸਾ ਅਤੇ ਚੋਰੀ ਦੇ ਤਿਆਗ ਦੀ ਸਿੱਖਿਆ ਵੀ ਦਿੰਦਾ ਹੈ। ਅਜੋਕੇ ਸਮੇਂ ’ਚ ਲੋਕਾਂ ਨੂੰ ਇਨ੍ਹਾਂ ਬੁਰਾਈਆਂ ਤੋਂ ਦੂਰ ਰਹਿਣ ਦੀ ਸੇਧ ਦੁਸਹਿਰੇ ਦੇ ਤਿਉਹਾਰ ਤੋਂ ਜ਼ਰੂਰ ਲੈਣੀ ਚਾਹੀਦੀ ਹੈ। ਦੁਸਹਿਰੇ ਨੂੰ ਸ਼ੋਰ-ਸ਼ਰਾਬੇ, ਤਮਾਸ਼ੇ ਜਾਂ ਸਿਰਫ਼ ਮਨੋਰੰਜਨ ਦਾ ਤਿਉਹਾਰ ਨਹੀਂ ਸਮਝਣਾ ਚਾਹੀਦਾ। ਪੁਤਲਿਆਂ ’ਚ ਪਟਾਖਿਆਂ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਣ ਦਾ ਡਰ ਰਹਿੰਦਾ ਹੈ। ਇਹ ਤਿਉਹਾਰ ਸਾਨੂੰ ਅਗਿਆਨਤਾ ਤੋਂ ਗਿਆਨ ਵੱਲ ਤੇ ਝੂਠ ਤੋਂ ਸੱਚ ਦੇ ਰਾਹ ਉੱਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਸਾਨੂੰ ਸ੍ਰੀ ਰਾਮ ਚੰਦਰ ਜੀ ਦੇ ਆਦਰਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਆਪਣੇ ਮਨ ਦੀਆਂ ਬੁਰਾਈਆਂ ਨੂੰ ਪੁਤਲੇ ਵਾਂਗ ਸਾੜ ਕੇ ਆਤਮਾ ਨੂੰ ਨਿਰਮਲ ਬਣਾਉਣਾ ਚਾਹੀਦਾ ਹੈ।