Home Desh ਡੇਂਗੂ ਲਾਰਵਾ ਲੱਭਣ ਲਈ ਖ਼ੁਦ ਫੀਲਡ ’ਚ ਉਤਰੇ ਸਿਹਤ ਮੰਤਰੀ , ਸੂਬਾ...

ਡੇਂਗੂ ਲਾਰਵਾ ਲੱਭਣ ਲਈ ਖ਼ੁਦ ਫੀਲਡ ’ਚ ਉਤਰੇ ਸਿਹਤ ਮੰਤਰੀ , ਸੂਬਾ ਪੱਧਰੀ ਮੁਹਿੰਮ ਦੀ ਖ਼ੁਦ ਕੀਤੀ ਅਗਵਾਈ

23
0

ਸੂਬੇ ਦੇ ਵਿੱਦਿਅਕ ਅਦਾਰਿਆਂ ਰਾਹੀਂ ਕਰੀਬ 2 ਲੱਖ ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕਰਨ ਦੀ ਮੁਹਿੰਮ ਵਿੱਢੀ ਗਈ ਹੈ।

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਤੜਕਸਾਰ ‘ਹਰ ਸ਼ੁੱਕਰਵਾਰ, ਡੇਂਗੂ ‘ਤੇ ਵਾਰ’ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਸਮੇਤ ਵਿੱਦਿਅਕ ਅਦਾਰਿਆਂ ‘ਚ ਡੇਂਗੂ ਦਾ ਲਾਰਵਾ ਲੱਭਣ ਲਈ ਚਲਾਈ ਰਾਜ ਪੱਧਰੀ ਮੁਹਿੰਮ ਦੀ ਅਗਵਾਈ ਕੀਤੀ। ਇਸ ਮੌਕੇ ਸਿਹਤ ਮੰਤਰੀ ਨਾਲ ਵੱਖ-ਵੱਖ ਟੀਮਾਂ ਨੇ ਸਰਕਾਰੀ ਫਿਜ਼ੀਕਲ ਕਾਲਜ, ਸਰਕਾਰੀ ਸਕੂਲ ਸਿਵਲ ਲਾਈਨਜ ਤੇ ਸਰਕਾਰੀ ਮਲਟੀਪਰਪਜ਼ ਸਕੂਲ ਸਮੇਤ ਪੰਜਾਬੀ ਬਾਗ਼ ਵਿਖੇ ਘਰ-ਘਰ ਜਾ ਕੇ ਚੈਕਿੰਗ ਕੀਤੀ ਗਈ ਅਤੇ ਲੋਕਾਂ ਨੂੰ ਡੇਂਗੂ ਦਾ ਫੈਲਾਅ ਰੋਕਣ ਲਈ ਜਾਗਰੂਕ ਵੀ ਕੀਤਾ।
ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਵੈਕਟਰ-ਬੋਰਨ ਬਿਮਾਰੀਆਂ ਤੋਂ ਬਚਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ‘ਹਰ ਸ਼ੁੱਕਰਵਾਰ, ਡੇਂਗੂ ‘ਤੇ ਵਾਰ’ ਤਹਿਤ ਇਸ ਵਾਰ ਸੂਬੇ ਦੇ ਵਿੱਦਿਅਕ ਅਦਾਰਿਆਂ ਰਾਹੀਂ ਕਰੀਬ 2 ਲੱਖ ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕਰਨ ਦੀ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਅੱਗੇ ਆਪਣੇ ਘਰਾਂ ਅਤੇ ਆਲੇ ਦੁਆਲੇ ਡੇਂਗੂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਕੇ ਇਸ ਦੇ ਖ਼ਾਤਮੇ ਲਈ ਯੋਗਦਾਨ ਪਾਉਣਗੇ।
ਆਪਣੇ ਦੌਰੇ ਦੌਰਾਨ ਸਿਹਤ ਮੰਤਰੀ ਨੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਸਰਕਾਰੀ ਫਿਜ਼ੀਕਲ ਕਾਲਜ ‘ਚ ਪਾਣੀ ਨਾਲ ਭਰੇ ਛੋਟੇ ਛੱਪੜ ਦੀ ਜਾਂਚ ਕਰਵਾਈ ਤੇ ਉਸ ’ਚ ਪਾਏ ਲਾਰਵਾ ‘ਤੇ ਲਾਰਵੀਸਾਇਡ ਦਵਾਈ ਦੀ ਸਪਰੇਅ ਕਰਵਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਲਾਰਵੇ ਤੋਂ ਪੈਦਾ ਹੋਣ ਵਾਲਾ ਮੱਛਰ ਕਾਲਜ ਦੇ ਵਿਦਿਆਰਥੀਆਂ ਅਤੇ ਨਾਲ ਲਗਦੇ ਹੋਸਟਲ ਦੇ ਵਿਦਿਆਰਥੀਆਂ ਨੂੰ ਡੇਂਗੂ ਦੀ ਲਪੇਟ ’ਚ ਲੈ ਸਕਦਾ ਸੀ। ਉਨ੍ਹਾਂ ਕਿਹਾ ਕਿ ਡੇਂਗੂ ‘ਤੇ ਕਾਬੂ ਪਾਉਣ ਲਈ ਹਰੇਕ ਨੂੰ ਸੁਚੇਤ ਹੋਣਾ ਜ਼ਰੂਰੀ ਹੈ ਇਸ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਘਰਾਂ ਜਾ ਸਾਡੇ ਆਲੇ-ਦੁਆਲੇ ਖੜ੍ਹੇ ਪਾਣੀ ਵਿੱਚ ਲਾਰਵਾ ਪੈਦਾ ਨਾ ਹੋਵੇ ਇਸ ਲਈ ਲੋਕ ਖ਼ੁਦ ਵੀ ਸਬਜ਼ੀਆਂ ਬਣਾਉਣ ਲਈ ਵਰਤੇ ਜਾਣ ਵਾਲੇ ਬਚੇ ਹੋਏ ਤੇਲ ਨੂੰ ਵੀ ਖੜੇ ਪਾਣੀ ਵਿੱਚ ਪਾ ਕੇ ਲਾਰਵਾ ਨਸ਼ਟ ਕੀਤਾ ਜਾ ਸਕਦਾ ਹੈ।
ਇਸ ਮੌਕੇ ਡਾ. ਬਲਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਡੇਂਗੂ ਵਿਰੁੱਧ ਚਲਾਈ ਜਾ ਰਹੀ ਇਸ ਮੁਹਿੰਮ ਦੇ ਵਿਦਿਆਰਥੀ ਬਰੈਡ ਅੰਬੈਸਡਰ ਹਨ, ਜੋ ਇੱਥੋਂ ਡੇਂਗੂ ਦੇ ਖ਼ਾਤਮੇ ਲਈ ਕੀਤੇ ਜਾਣ ਵਾਲੇ ਉਪਾਵਾਂ ਦੀ ਜਾਣਕਾਰੀ ਲੈ ਕੇ ਘਰ ਘਰ ਤੱਕ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਸੂਬੇ ਭਰ ‘ਚ ਅੱਜ ਦੋ ਲੱਖ ਵਿਦਿਆਰਥੀ ਇਸ ਮੁਹਿੰਮ ਨਾਲ ਜੁੜੇ ਹਨ ਜੋ ਪੰਜਾਬ ਦੇ 60 ਲੱਖ ਘਰਾਂ ਤੱਕ ਡੇਂਗੂ ਦੇ ਖ਼ਾਤਮੇ ਦਾ ਸੁਨੇਹਾ ਪਹੁੰਚਾਉਣਗੇ।
ਇਸ ਦੌਰਾਨ ਘਰਾਂ ਦੀ ਚੈਕਿੰਗ ਦੌਰਾਨ ਮੱਛਰਾਂ ਦੀ ਪੈਦਾਇਸ਼ ਦੇ ਸਰੋਤ ਜਿਵੇਂ ਕੂਲਰ, ਫਰਿੱਜਾਂ ਹੇਠ ਰੱਖੀਆਂ ਟਰੇਆਂ, ਖੁੱਲ੍ਹੇ ਵਿੱਚ ਪਏ ਬਰਤਨ, ਨਾਲਿਆਂ ਆਦਿ ਵਿੱਚ ਲਾਰਵਾ ਪਾਇਆ ਗਿਆ। ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਦੇ ਲਾਰਵੇ, ਜਿਸ ਨੂੰ ਮੱਛਰ ਬਣਨ ਲਈ ਇੱਕ ਹਫ਼ਤਾ ਲੱਗ ਜਾਂਦਾ ਹੈ, ਦੇ ਪ੍ਰਜਨਣ ਨੂੰ ਰੋਕਣ ਲਈ ਹਰੇਕ ਸ਼ੁੱਕਰਵਾਰ ਨੂੰ ਆਪਣੇ ਆਲੇ-ਦੁਆਲੇ ਖੜ੍ਹੇ ਹੋਏ ਪਾਣੀ ਦਾ ਨਿਕਾਸ ਕਰਨ। ਇਸ ਮੌਕੇ ਸਿਵਲ ਸਰਜਨ ਡਾ. ਜਤਿੰਦਰ ਕਾਂਸਲ, ਡਾ. ਸੁਮੀਤ ਸਿੰਘ ਸਮੇਤ ਵੱਡੀ ਗਿਣਤੀ ਵਿਦਿਆਰਥੀ ਅਤੇ ਅਧਿਆਪਕ ਵੀ ਮੌਜੂਦ ਸਨ।
Previous articlePunjab Weather Update: ਰਾਤਾਂ ਹੋਣ ਲੱਗੀਆਂ ਠੰਢੀਆਂ, 16 ਡਿਗਰੀ ਹੋਇਆ ਇਨ੍ਹਾਂ ਜ਼ਿਲ੍ਹਿਆਂ ’ਚ ਤਾਪਮਾਨ
Next articlePunjab ‘ਚ ਕਿੱਥੇ ਫੂਕਿਆ ਜਾਵੇਗਾ ਸਭ ਤੋਂ ਵੱਡਾ ਰਾਵਣ, ਜਾਣਨ ਲਈ ਕਰੋ ਕਲਿੱਕ

LEAVE A REPLY

Please enter your comment!
Please enter your name here