ਸੈਮੀਫਾਈਨਲ ‘ਚ ਅਜੇ ਵੀ ਪਹੁੰਚ ਸਕਦੀ ਹੈ ਟੀਮ ਇੰਡੀਆ
ਜੇਕਰ ਭਾਰਤੀ ਟੀਮ ਗਰੁੱਪ A ਦੇ ਆਖਰੀ ਮੈਚ ‘ਚ ਆਸਟ੍ਰੇਲੀਆ ਨੂੰ ਹਰਾ ਦਿੰਦੀ ਹੈ ਤਾਂ ਉਸ ਦਾ ਸੈਮੀਫਾਈਨਲ ‘ਚ ਜਾਣਾ ਆਸਾਨ ਹੋ ਜਾਂਦਾ ਹੈ, ਪਰ ਹੁਣ ਉਸ ਨੂੰ ਦੂਸਰੀਆਂ ਟੀਮਾਂ ਦੇ ਨਤੀਜਿਆਂ ‘ਤੇ ਨਿਰਭਰ ਰਹਿਣਾ ਹੋਵੇਗਾ। ਭਾਰਤ ਨੇ ਜੇ ਸੈਮੀਫਾਈਨਲ ‘ਚ ਜਗ੍ਹਾ ਬਣਾਉਣੀ ਹੈ ਤਾਂ ਹੁਣ ਉਸ ਨੂੰ ਦੁਆ ਕਰਨੀ ਹੋਵੇਗੀ ਕਿ ਪਾਕਿਸਤਾਨ ਦੀ ਟੀਮ ਨਿਊਜ਼ੀਲੈਂਡ ਨੂੰ ਹਰਾ ਦੇਵੇ। ਇਸ ਸਥਿਤੀ ‘ਚ ਭਾਰਤ, ਪਾਕਿਸਤਾਨ ਤੇ ਨਿਊਜ਼ੀਲੈਂਡ ਦੇ ਚਾਰ-ਚਾਰ ਅੰਕ ਹੋ ਜਾਣਗੇ ਤੇ ਟੀਮ ਇੰਡੀਆ ਨੈੱਟ ਰਨ ਰੇਟ ਦੇ ਮਾਮਲੇ ‘ਚ ਅੱਗੇ ਨਿਕਲ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਵੇਗੀ।
ਪਰ ਜੇਕਰ ਨਿਊਜ਼ੀਲੈਂਡ ਟੀਮ ਪਾਕਿਸਤਾਨ ਨੂੰ ਹਰਾ ਦਿੰਦੀ ਹੈ ਤਾਂ ਉਸ ਦੇ 6 ਅੰਕ ਹੋ ਜਾਣਗੇ ਤੇ ਉਹ ਆਸਾਨੀ ਨਾਲ ਸੈਮੀਫਾਈਨਲ ‘ਚ ਪਹੁੰਚ ਜਾਵੇਗੀ। ਨਿਊਜ਼ੀਲੈਂਡ ਦੀ ਟੀਮ ਪਾਕਿਸਤਾਨ ਤੋਂ ਕਾਫ਼ੀ ਮਜ਼ਬੂਤ ਹੈ ਤੇ ਇਸ ਲਈ ਕੀਵੀ ਟੀਮ ਦਾ ਹਾਰਨਾ ਕਾਫ਼ੀ ਮੁਸ਼ਕਲ ਲੱਗ ਰਿਹਾ ਹੈ। ਟੀਮ ਇੰਡੀਆ ਨੂੰ ਚਮਤਕਾਰ ਦੀ ਉਮੀਦ ਕਰਨੀ ਹੋਵੇਗੀ। ਜੇਕਰ ਕਿਸੇ ਕਾਰਨ ਨਿਊਜ਼ੀਲੈਂਡ ਤੇ ਪਾਕਿਸਤਾਨ ਨੂੰ ਅੰਕ ਸਾਂਝੇ ਕਰਨ ‘ਤੇ ਮਜਬੂਰ ਹੋਣਾ ਪੈਂਦਾ ਹੈ ਤਾਂ ਵੀ ਕੀਵੀ ਟੀਮ ਚੰਗੇ ਨੈੱਟ ਰਨ ਰੇਟ ਦੇ ਆਧਾਰ ‘ਤੇ ਸੈਮੀਫਾਈਨਲ ‘ਚ ਪਹੁੰਚ ਜਾਵੇਗੀ।
ਪਹਿਲੇ ਮੈਚ ਨਾਲ ਵਿਗੜੀ ਖੇਡ
ਟੀਮ ਇੰਡੀਆ ਨੂੰ ਇਸ World Cup ਦੇ ਆਪਣੇ ਪਹਿਲੇ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟੀਮ ਇੰਡੀਆ ਨੂੰ ਨਿਊਜ਼ੀਲੈਂਡ ਨੇ ਹਰਾਇਆ ਸੀ। ਇਥੋਂ ਹੀ ਭਾਰਤ ਦਾ ਪੂਰਾ ਸਮੀਕਰਨ ਵਿਗੜ ਗਿਆ। ਉਸ ਨੇ ਪਾਕਿਸਤਾਨ ਤੇ ਸ੍ਰੀਲੰਕਾ ਨੂੰ ਹਰਾ ਦਿੱਤਾ ਪਰ ਸੈਮੀਫਾਈਨਲ ‘ਚ ਸਿੱਧੀ ਐਂਟਰੀ ਲਈ ਇਹ ਕਾਫ਼ੀ ਨਹੀਂ ਰਿਹਾ।