Home Desh ਮਾਨਸਾ ਖੁਰਦ ‘ਚ ਚੋਣ ਬੈਲਟ ਪੇਪਰਾਂ ‘ਤੇ ਉਮੀਦਵਾਰਾਂ ਦੇ ਚੋਣ ਨਿਸ਼ਾਨ ਹੋਏ...

ਮਾਨਸਾ ਖੁਰਦ ‘ਚ ਚੋਣ ਬੈਲਟ ਪੇਪਰਾਂ ‘ਤੇ ਉਮੀਦਵਾਰਾਂ ਦੇ ਚੋਣ ਨਿਸ਼ਾਨ ਹੋਏ ਉਲਟ, ਰੌਲ਼ਾ ਪੈਣ ’ਤੇ ਰੱਦ ਕੀਤੀਆਂ ਵੋਟਾਂ

25
0

ਮਾਨਸਾ ਖੁਰਦ ’ਚ ਚੋਣਾਂ ਦਾ ਕੰਮ ਸ਼ਾਂਤੀਪੂਰਵਕ ਸ਼ੁਰੂ ਕੀਤਾ ਗਿਆ।

ਪੰਚਾਇਤੀ ਚੋਣਾਂ (Panchayat Election 2024) ਦੌਰਾਨ ਮਾਨਸਾ ਖੁਰਦ ’ਚ ਚੋਣ ਬੈਲਟ ਪੇਪਰ ‘ਤੇ ਉਮੀਦਵਾਰਾਂ ਦੇ ਚੋਣ ਨਿਸ਼ਾਨ ਉਲਟ ਹੋਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਚੋਣ ਨੂੰ ਰੋਕ ਦਿੱਤਾ ਗਿਆ ਹੈ।

ਇਕ ਪਾਸੇ ਜਿੱਥੇ ਉਮੀਦਵਾਰਾਂ ਦੀ ਸਹਿਮਤੀ ਤੋਂ ਬਾਅਦ ਇਸ ਨੂੰ ਰੋਕ ਦਿੱਤਾ ਗਿਆ, ਉਥੇ ਹੀ ਜਿੱਤ ਨੂੰ ਯਕੀਨੀ ਸਮਝਣ ਵਾਲੇ ਵੱਲੋਂ ਧਰਨਾ ਲਗਾ ਕੇ ਰੋਸ ਵੀ ਜਤਾਇਆ ਗਿਆ। ਉਨ੍ਹਾਂ ਨੇ ਇਹ ਵੋਟ ਰੱਦ ਕਰਨ ਦਾ ਵਿਰੋਧ ਕੀਤਾ।

ਇੱਥੇ ਜ਼ਿਕਰਯੋਗ ਹੈ ਕਿ ਮਾਨਸਾ ਖੁਰਦ ’ਚ ਚੋਣਾਂ ਦਾ ਕੰਮ ਸ਼ਾਂਤੀਪੂਰਵਕ ਸ਼ੁਰੂ ਕੀਤਾ ਗਿਆ। ਵੋਟਾਂ ਪਾਉਣ ਲਈ ਵੱਡੀਆਂ ਵੱਡੀਆਂ ਕਤਾਰਾਂ ਲੱਗ ਗਈਆਂ ਅਤੇ ਵੋਟਰ ਉਤਸ਼ਾਹਿਤ ਹੋ ਕੇ ਵੋਟਾਂ ਪਾ ਰਹੇ ਸਨ। ਪਰ ਸਾਢੇ 10 ਵਜੇ ਦੇ ਬਾਅਦ ਅਚਾਨਕ ਉਥੇ ਰੌਲਾ ਪੈਣਾ ਸ਼ੁਰੂ ਹੋ ਗਿਆ।

ਇਸ ਦੌਰਾਨ ਬੈਲਟ ਪੇਪਰਾਂ ’ਤੇ ਉਮੀਦਵਾਰਾਂ ਦੇ ਨਾਂ ‘ਤੇ ਚੋਣ ਨਿਸ਼ਾਨ ਉਲਟ ਦੱਸੇ ਜਾਣ ਦੀ ਗੱਲ ਕਹੀ ਜਾਣ ਲੱਗੀ ਅਤੇ ਇਸ ਕਾਰਨ ਚੋਣਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਗਈ। ਇਸ ਦੌਰਾਨ ਉਮੀਦਵਾਰਾਂ ਤੇ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਜਤਾਇਆ।

ਪ੍ਰਸ਼ਾਸਨ ਵੱਲੋਂ ਵੀ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ ਅਤੇ ਇਸ ਮਗਰੋਂ ਵੋਟਾਂ ਨੂੰ ਰੱਦ ਕਰ ਦਿੱਤਾ ਗਿਆ। ਚੋਣ ਅਮਲਾ ਬੈਲਟ ਪੇਪਰ ਵਾਪਸ ਲਿਜਾਂਦਾ ਹੋਇਆ ਦਿਖਾਈ ਦਿੱਤੀੇ।

ਆਪਣੀ ਜਿੱਤ ਨੂੰ ਯਕੀਨੀ ਸਮਝ ਰਹੇ ਇੱਕ ਉਮੀਦਵਾਰ ਔਰਤ ਦੇ ਪਤੀ ਤੇ ਸਮੱਰਥਕਾਂ ਨੇ ਨਾਅਰੇਬਾਜ਼ੀ ਕਰਦਿਆਂ ਇਹ ਵੀ ਮੰਗ ਕੀਤੀ ਗਈ ਕਿ ਵੋਟਾਂ ਰੱਦ ਨਹੀਂ ਹੋਣੀਆਂ ਚਾਹੀਦੀਆਂ ਪਰ ਪ੍ਰਸ਼ਾਸ਼ਨ ਉਨ੍ਹਾਂ ਨੂੰ ਹਰਾਉਣ ਲਈ ਜਾਣ ਬੁੱਝ ਕੇ ਅਜਿਹਾ ਕਰ ਰਿਹਾ ਹੈ।

ਮਾਨਸਾ ਖੁਰਦ ਵਾਸੀ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਜਦੋਂ ਚੋਣ ਨਿਸ਼ਾਨ ਉਲਟੇ ਪ੍ਰਿੰਟ ਹੋਣ ਬਾਰੇ ਪਤਾ ਲੱਗਿਆ ਤਾਂ ਉਸ ਵੇਲੇ ਤੱਕ ਕਰੀਬ 350 ਵੋਟਾਂ ਪੈ ਚੁੱਕੀਆਂ ਸਨ।

ਪਤਾ ਲੱਗਿਆ ਹੈ ਕਿ ਸਰਪੰਚੀ ਲਈ ਦੋ ਉਮੀਦਵਾਰਾਂ ਦੇ ਚੋਣ ਨਿਸ਼ਾਨ ਆਪਸ ’ਚ ਉਲਟ ਹੋ ਗਏ। ਉਨ੍ਹਾਂ ਦੱਸਿਆ ਕਿ ਵੋਟਾਂ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਪੋਲਿੰਗ ਏਜੰਟਾਂ ਨੇ ਮੰਗ ਰੱਖੀ ਸੀ ਕਿ ਬੈਲਟ ਪੇਪਰ ਦਿਖਾਏ ਜਾਣ ਪਰ ਚੋਣ ਅਮਲੇ ਵੱਲੋਂ ਨਹੀਂ ਦਿਖਾਏ ਗਏ।

ਮਾਨਸ਼ਾਹੀਆ ਨੇ ਕਿਹਾ ਕਿ ਅਜਿਹਾ ਹੋਣ ਨਾਲ ਉਮੀਦਵਾਰਾਂ ਨਾਲ ਧੋਖਾ ਹੋਇਆ ਹੈ। ਇਹ ਗੜਬੜ ਸਾਹਮਣੇ ਆਉਣ ’ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ’ਤੇ ਪੁੱਜੇ।

ਇਸ ਮੌਕੇ ਲੋਕਾਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਦੀ ਚੋਣ ਰੱਦ ਕਰ ਕੇ ਹੁਣ ਇਕ ਮਹੀਨੇ ਬਾਅਦ ਕਰਵਾਈ ਜਾਵੇ ਕਿਉਂਕਿ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਦਾ ਸੀਜ਼ਨ ਚੱਲ ਪਿਆ ਹੈ।

ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਨੇ ਦੱਸਿਆ ਕਿ ਫਿਲਹਾਲ ਮਾਨਸਾ ਖੁਰਦ ਪਿੰਡ ਦੀ ਪੰਚਾਇਤੀ ਚੋਣ ਰੱਦ ਕਰ ਦਿੱਤੀ ਗਈ ਹੈ। ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਅਗਲੇ ਹੁਕਮ ਮਿਲਣ ’ਤੇ ਤੈਅ ਕੀਤਾ ਜਾਵੇਗਾ ਕਿ ਮੁੜ ਵੋਟਾਂ ਕਦੋਂ ਪਵਾਈਆਂ ਜਾਣਗੀਆਂ।

Previous articleਲੁਧਿਆਣਾ ‘ਚ ਥਾਣਾ ਸਰਾਭਾ ਨਗਰ ਦੇ SHO ‘ਤੇ ਜਾਨਲੇਵਾ ਹਮਲਾ, ਮੁਲਜ਼ਮ ਖਿਲਾਫ਼ ਪਹਿਲਾਂ ਵੀ ਕਈ ਮੁਕੱਦਮੇ ਦਰਜ
Next articleਪਟਿਆਲਾ ਦੇ ਹਲਕਾ ਸਨੋਹ ‘ਚ ਹੋਈ ਬੂਥ ਕੈਪਚਰਿੰਗ, ਗੋਲ਼ੀ ਚੱਲਣ ਨਾਲ ਨੌਜਵਾਨ ਜ਼ਖਮੀ, ਖੇਤਾਂ ‘ਚੋਂ ਮਿਲਿਆ ਬੈਲਟ ਬੈਕਸ

LEAVE A REPLY

Please enter your comment!
Please enter your name here