Home Desh ਸਲਮਾਨ ਖ਼ਾਨ ਨੂੰ ਮਾਰਨ ਲਈ ਦਿੱਤੀ ਗਈ ਸੀ 25 ਲੱਖ ਦੀ ਸੁਪਾਰੀ,...

ਸਲਮਾਨ ਖ਼ਾਨ ਨੂੰ ਮਾਰਨ ਲਈ ਦਿੱਤੀ ਗਈ ਸੀ 25 ਲੱਖ ਦੀ ਸੁਪਾਰੀ, ਛੇਵਾਂ ਮੁਲਜ਼ਮ ਗ੍ਰਿਫ਼ਤਾਰ

52
0

ਪੰਜ ਖ਼ਿਲਾਫ਼ ਦਾਖ਼ਲ ਹੋ ਚੁੱਕੀ ਹੈ ਚਾਰਜਸ਼ੀਟ

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਮਾਰਨ ਦੀ ਸਾਜ਼ਿਸ਼ ਦੇ ਸਿਲਸਿਲੇ ’ਚ ਪਨਵੇਲ ਪੁਲਿਸ ਨੇ ਛੇਵੇਂ ਮੁਲਜ਼ਮ ਸੁਖਵਿੰਦਰ ਸਿੰਘ ਉਰਫ ਸੁੱਖਾ ਨੂੰ ਹਰਿਆਣਾ ਦੇ ਪਾਣੀਪਤ ਤੋਂ ਗ੍ਰਿਫ਼ਤਾਰ ਕੀਤਾ ਹੈ। ਜੂਨ ’ਚ ਪੁਲਿਸ ਪੰਜ ਹੋਰ ਮੁਲਜ਼ਮਾਂ ਦੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਚੁੱਕੀ ਹੈ। ਪੁਲਿਸ ਦੇ ਮੁਤਾਬਕ, ਸਲਮਾਨ ਨੂੰ ਮਾਰਨ ਦੀ ਸਾਜ਼ਿਸ਼ ਅਗਸਤ, 2023 ਤੋਂ ਅਪ੍ਰੈਲ 2024 ਤੱਕ ਰਚੀ ਗਈ ਸੀ ਤੇ ਇਸ ਲਈ 25 ਲੱਖ ਰੁਪਏ ਦੀ ਸੁਪਾਰੀ ਦਿੱਤੀ ਗਈ ਸੀ।
ਚਾਰਜਸ਼ੀਟ ਦੇ ਮੁਤਾਬਕ, ਗੈਂਗ ਦੀ ਯੋਜਨਾ ਸਲਮਾਨ ਖ਼ਾਨ ਨੂੰ ਸਿੱਧੂ ਮੂਸੇਵਾਲਾ ਵਾਂਗ ਮਾਰਨ ਦੀ ਸੀ ਤੇ ਇਸ ਲਈ ਉਹ ਬਾਂਦਰਾ ਸਥਿਤ ਮਕਾਨ ਤੋਂ ਲੈ ਕੇ ਪਨਵੇਲ ਦੇ ਫਾਰਮ ਹਾਊਸ ਤੇ ਫਿਲਮ ਸਿਟੀ ਤੱਕ ਸਲਮਾਨ ਦੀ ਮੂਵਮੈਂਟ ’ਤੇ ਨਜ਼ਰ ਰੱਖ ਰਹੇ ਸਨ। ਉਨ੍ਹਾਂ ਦਾ ਇਰਾਦਾ ਹੱਤਿਆ ਲਈ ਏਕੇ-47, ਐੱਮ-16, ਤੇ ਏਕੇ-92 ਵਰਗੇ ਹਥਿਆਰਾਂ ਦੀ ਵਰਤੋਂ ਕਰਨ ਦਾ ਸੀ ਜਿਨ੍ਹਾਂ ਦੀ ਸਪਲਾਈ ਲਾਰੈਂਸ ਬਿਸ਼ਨੋਈ ਗੈਂਗ ਦੇ ਇਕ ਮੈਂਬਰ ਵਲੋਂ ਪਾਕਿਸਤਾਨ ਤੋਂ ਕੀਤੀ ਜਾਣੀ ਸੀ। ਸੂਤਰਾਂ ਦੇ ਮੁਤਾਬਕ, ਪਨਵੇਲ ਪੁਲਿਸ ਨੇ ਮਾਮਲੇ ’ਚ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਸਮੇਤ 18 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ ਤੇ ਹਾਲੇ ਤੱਕ ਛੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੁੱਖਾ ਲਾਰੈਂਸ ਗੈਂਗ ਦਾ ਹੀ ਮੈਂਬਰ ਹੈ ਤੇ ਨਵੀ ਮੁੰਬਈ ਪੁਲਿਸ ਦੀ ਰਡਾਰ ’ਤੇ ਰਿਹਾ ਸੀ।
ਪਨਵੇਲ ਪੁਲਿਸ ਨੇ ਜਿਨ੍ਹਾਂ ਪੰਜ ਮੁਲਜ਼ਮਾਂ ਦੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ, ਉਨ੍ਹਾਂ ’ਚ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਧਨੰਜੇ ਸਿੰਘ ਉਰਫ਼ ਅਜੇ ਕਸ਼ਯਪ, ਗੁਜਰਾਤ ਤੋਂ ਗ੍ਰਿਫ਼ਤਾਰ ਗੌਰਵ ਭਾਟੀਆ ਉਰਫ਼ ਨਹਾਈ ਉਰਫ ਸੰਦੀਪ ਬਿਸ਼ਨੋਈ, ਮਹਾਰਾਸ਼ਟਰ ਤੋਂ ਗ੍ਰਿਫ਼ਤਾਰ ਵਾਸਪੀ ਮਹਿਮੂਦ ਖ਼ਾਨ ਉਰਫ਼ ਵਸੀਮ ਚਿਕਨਾ, ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਜੀਸ਼ਾਨ ਜਕਰੁਲ ਹਸਨ ਉਰਫ਼ ਜਾਵੇਦ ਖ਼ਾਨ ਤੇ ਦੀਪਕ ਹਵਾ ਸਿੰਘ ਗੋਗਾਲੀਆ ਉਰਫ਼ ਜਾਨ ਵਾਲਮੀਕਿ ਸ਼ਾਮਲ ਹਨ। ਚਾਰਜਸ਼ੀਟ ਦੇ ਮੁਤਾਬਕ ਮਾਰਨ ਦੀ ਯੋਜਨਾ ਲਾਰੈਂਸ, ਉਸ ਦੇ ਭਰਾ ਅਨਮੋਲ, ਗੋਲਡੀ ਬਰਾੜ ਤੇ ਇਕ ਪਾਕਿਸਤਾਨੀ ਵਿਅਕਤੀ ਡੋਗਰ ਨੇ ਬਣਾਈ ਸੀ। ਤਾਲਮੇਲ ਲਈ ਉਨ੍ਹਾਂ ਨੇ ਇਕ ਵ੍ਹਟਸਐਪ ਗਰੁੱਪ ਬਣਾਇਆ ਸੀ ਤੇ ਡੋਗਰ ਨੂੰ ਪਾਕਿਸਤਾਨ ਤੋਂ ਹਥਿਆਰ ਮੁਹੱਈਆ ਕਰਾਉਣੇ ਸਨ। ਸਾਜ਼ਿਸ਼ ’ਚ 60-70 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਜਾਂਚ ਅਧਿਕਾਰੀ ਨਿਤਿਨ ਠਾਕਰੇ ਨੂੰ ਇਸ ਸਬੰਧ ’ਚ 26 ਨਵੰਬਰ, 2023 ਨੂੰ ਜਾਣਕਾਰੀ ਮਿਲੀ ਸੀ। ਇਸ ਆਧਾਰ ’ਤੇ ਕਾਰਵਾਈ ਕਰਦੇ ਹੋਏ ਇਸੇ ਸਾਲ 28 ਅਪ੍ਰੈਲ ਨੂੰ ਕਸ਼ਯਪ ਦੇ ਰੂਪ ’ਚ ਪਹਿਲੀ ਗ੍ਰਿਫ਼ਤਾਰੀ ਕੀਤੀ ਗਈ ਸੀ। ਜਾਂਚ ਦੌਰਾਨ ਪੁਲਿਸ ਨੂੰ ਇਕ ਵ੍ਹਟਸਐਪ ਵੀਡੀਓ ਮਿਲਿਆ ਸੀ, ਜਿਸ ਵਿਚ ਕਸ਼ਯਪ ਪਾਕਿਸਤਾਨ ’ਚ ਡੋਗਰ ਨਾਲ ਗੱਲ ਕਰ ਰਿਹਾ ਸੀ ਤੇ ਡੋਗਰ ਉਸ ਨੂੰ ਆਧੁਨਿਕ ਹਥਿਆਰ ਦਿਖਾ ਰਿਹਾ ਸੀ। ਡੋਗਰ ਦਾ ਕਹਿਣਾ ਸੀ ਕਿ ਇਹ ਹਥਿਆਰ ਖ਼ਰੀਦੇ ਜਾ ਸਕਦੇ ਹਨ, ਪਰ ਰਕਮ ਕੈਨੇਡਾ ’ਚ ਉਸ ਦੇ ਬੌਸ ਗੋਲਡੀ ਬਰਾੜ ਤੇ ਖਾਤੇ ’ਚ ਟਰਾਂਸਫਰ ਕਰਨੀ ਪਵੇਗੀ। ਰਕਮ ਟਰਾਂਸਫਰ ਹੋਣ ਤੋਂ ਬਾਅਦ ਹਥਿਆਰਾਂ ਨੂੰ ਪਾਕਿਸਤਾਨ ਤੋ ਭੇਜ ਦਿੱਤਾ ਜਾਏਗਾ। ਚਾਰਜਸ਼ੀਟ ਦੇ ਮੁਤਾਬਕ, ਸਲਮਾਨ ਨੂੰ ਮਾਰਨ ਲਈ ਮਹਾਰਾਸ਼ਟਰ ਤੇ ਗੁਜਰਾਤ ਦੀਆਂ ਵੱਖ ਵੱਖ ਥਾਵਾਂ ’ਤੇ ਸ਼ੂਟਰਾਂ ਨੂੰ ਲਗਾਇਆ ਗਿਆ ਸੀ।
Previous articleਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੱਡਾ ਝਟਕਾ, SC ਨੇ ਹਾਈ ਕੋਰਟ ਵੱਲੋਂ ਲਗਾਈ ਰੋਕ ਹਟਾਈ
Next articleਨਿਊਜ਼ੀਲੈਂਡ ਨਹੀਂ ਮੰਨਦਾ! ਪਹਿਲੀਆਂ 46 ਦੌੜਾਂ ‘ਤੇ ਭਾਰਤ ਹੋਇਆ ਆਊਟ, ਫਿਰ ਬੱਲੇਬਾਜ਼ਾਂ ਨੇ ਕੀਤਾ ਭਾਰਤੀ ਗੇਂਦਬਾਜ਼ਾਂ ਨੂੰ ਸ਼ਰਮਸਾਰ

LEAVE A REPLY

Please enter your comment!
Please enter your name here