ਸ਼੍ਰੋਮਣੀ ਅਕਾਲੀ ਦਲ ਲਈ ਇਹ ਚੋਣਾਂ ਹੋਂਦ ਦੀ ਲੜਾਈ ਹੋਣਗੀਆਂ।
ਸੂਬੇ ਦੇ ਚਾਰ ਵਿਧਾਨ ਸਭਾ ਹਲਕਿਆਂ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ (ਰਾਖਵਾਂ ਹਲਕਾ) ਅਤੇ ਬਰਨਾਲਾ ਦੀ ਜ਼ਿਮਨੀ ਚੋਣ ਲਈ ਵੋਟਾਂ 13 ਨਵੰਬਰ ਨੂੰ ਪੈਣਗੀਆਂ। ਆਮ ਆਦਮੀ ਪਾਰਟੀ ਨੇ ਆਪਣੇ ਚਾਰੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਜਦਕਿ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਨੇ ਉਮੀਦਵਾਰਾਂ ਬਾਰੇ ਆਪਣੇ ਸਿਆਸੀ ਪੱਤੇ ਨਹੀਂ ਖੋਲ੍ਹੇ।
ਹਾਲਾਂਕਿ ਸਾਰੀਆਂ ਸਿਆਸੀਆਂ ਪਾਰਟੀਆਂ ਦੇ ਆਗੂ ਜਿੱਤਣ ਦਾ ਦਾਅਵਾ ਕਰ ਰਹੇ ਹਨ ਪਰ ਇਹ ਚੋਣਾਂ ਜਿੱਥੇ ਹੁਕਮਰਾਨ ਧਿਰ ਆਮ ਆਦਮੀ ਪਾਰਟੀ, ਕਾਂਗਰਸ ਲਈ ਵੱਕਾਰ ਦਾ ਸਵਾਲ ਹੋਣਗੀਆਂ, ਉਥੇ ਅਕਾਲੀ ਦਲ ਦੀ ਹੋਂਦ ਦਾ ਸਵਾਲ ਹਨ।
ਸਿਆਸੀ ਤੌਰ ’ਤੇ ਹਾਸ਼ੀਏ ’ਤੇ ਪੁੱਜੇ ਅਕਾਲੀ ਦਲ ਨੂੰ ਆਪਣੀ ਹੋਂਦ ਬਰਕਰਾਰ ਰੱਖਣ ਦੀ ਲੜਾਈ ਲੜਨੀ ਪਵੇਗੀ। ਹਾਲਾਂਕਿ ਸੋਸ਼ਲ ਮੀਡੀਆਂ ਵਿਚ ਅਕਾਲੀ ਦਲ ਬਾਰੇ ਜ਼ਿਮਨੀ ਚੋਣਾਂ ਨਾ ਲੜਨ ਦੀਆਂ ਖ਼ਬਰਾਂ ਵਾਇਰਲ ਹੋ ਰਹੀਆਂ ਹਨ ਪਰ ਅਸਲ ਗੱਲ ਮੰਗਲਵਾਰ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਬਾਅਦ ਸਾਹਮਣੇ ਆਵੇਗੀ ਜਦਕਿ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਚਰਨਜੀਤ ਸਿੰਘ ਬਰਾੜ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੁਧਾਰ ਲਹਿਰ ਜ਼ਿਮਨੀ ਚੋਣਾਂ ਵਿਚ ਹਿੱਸਾ ਨਹੀਂ ਲਵੇਗੀ।
ਹੁਕਮਰਾਨ ਧਿਰ ‘ਆਪ’ ਲਈ ਵੱਡੀ ਚੁਣੌਤੀ ਇਸ ਕਰਕੇ ਹੈ ਕਿਉਂਕਿ ਬਰਨਾਲਾ ਹਲਕੇ ਵਿਚ ਪਾਰਟੀ ਨੇ ਲਗਾਤਾਰ ਦੋ ਵਾਰ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਚੱਬੇਵਾਲ ਤੋਂ ਡਾ. ਰਾਜ ਕੁਮਾਰ ਚੱਬੇਵਾਲ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਹਨ। ‘ਆਪ’ ਨੇ ਚੱਬੇਵਾਲ ਦੇ ਬੇਟੇ ਇਸ਼ਾਨ ਚੱਬੇਵਾਲ ਨੂੰ ਉਮੀਦਵਾਰ ਬਣਾਇਆ ਹੈ।
‘ਆਪ’ ’ਤੇ ਇਨ੍ਹਾਂ ਦੋਵਾਂ ਸੀਟਾਂ ਉਤੇ ਜਿੱਤ ਬਰਕਰਾਰ ਰੱਖਣ ਦਾ ਦਬਾਅ ਰਹੇਗਾ, ਉਥੇ ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ਵਿਖੇ ਕਾਂਗਰਸ ਦੇ ਕਿਲ੍ਹੇ ਨੂੰ ਤੋੜਨ ਲਈ ਵੱਡੀ ਮਿਹਨਤ ਕਰਨੀ ਪਵੇਗੀ। ਇਨ੍ਹਾਂ ਹਲਕਿਆਂ ਤੋਂ ਕ੍ਰਮਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੁਖਜਿੰਦਰ ਸਿੰਘ ਰੰਧਾਵਾ ਲਗਾਤਾਰ ਤਿੰਨ-ਤਿੰਨ ਵਾਰ ਚੋਣ ਜਿੱਤ ਚੁੱਕੇ ਹਨ। ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ ਤੇ ਸੁਖਜਿੰਦਰ ਰੰਧਾਵਾ ਉਪ ਮੁੱਖ ਮੰਤਰੀ ਰਹਿ ਚੁੱਕੇ ਹਨ। ਇਹੀ ਨਹੀਂ ਕਾਂਗਰਸ ਲਈ ਵੀ ਡੇਰਾ ਬਾਬਾ ਨਾਨਕ, ਚੱਬੇਵਾਲ ਤੇ ਗਿੱਦੜਬਾਹਾ ਦੀ ਸੀਟ ’ਤੇ ਮੁੜ ਜਿੱਤਣ ਦਾ ਦਬਾਅ ਬਰਕਰਾਰ ਰਹੇਗਾ।
ਜਲੰਧਰ ਪੱਛਮੀ ਦੀ ਉਪ ਚੋਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਖੇ ਕਿਰਾਏ ‘ਤੇ ਘਰ ਲੈ ਲਿਆ ਸੀ। ਹੁਣ ਉਹ ਕੀ ਰਣਨੀਤੀ ਬਣਾਉਣਗੇ, ਇਹ ਦੇਖਣ ਵਾਲੀ ਗੱਲ ਹੋਵੇਗੀ।
ਜਲੰਧਰ ਜ਼ਿਮਨੀ ਚੋਣਾਂ ਦੌਰਾਨ ਕਾਂਗਰਸ ਤੀਜੇ ਨੰਬਰ ‘ਤੇ ਰਹੀ ਪਰ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੇ ਸੱਤ ਸੀਟਾਂ ਜਿੱਤੀਆਂ ਸਨ। ਅਜਿਹੇ ‘ਚ ਕਾਂਗਰਸ ਲਈ ਇਹ ਵੱਡੀ ਚੁਣੌਤੀ ਹੋਵੇਗੀ ਕਿ ਉਹ ਸੱਤਾਧਾਰੀ ਪਾਰਟੀ ਨੂੰ ਕਿਸ ਤਰ੍ਹਾਂ ਚੁਣੌਤੀ ਦੇਵੇਗੀ। ‘ਆਪ’ ਤੇ ਕਾਂਗਰਸ ਲਈ ਅਸਲ ਚੁਣੌਤੀ ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਰਹੇਗੀ। ਭਾਰਤੀ ਜਨਤਾ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਨੇ ਵੀ ਅਜੇ ਪੱਤੇ ਨਹੀਂ ਖੋਲ੍ਹੇ।
ਸ਼੍ਰੋਮਣੀ ਅਕਾਲੀ ਦਲ ਲਈ ਇਹ ਚੋਣਾਂ ਹੋਂਦ ਦੀ ਲੜਾਈ ਹੋਣਗੀਆਂ। ਲਗਾਤਾਰ ਦੋ ਵਾਰ ਵਿਧਾਨ ਸਭਾ ਚੋਣਾਂ ਹਾਰ ਚੁੱਕੀ ਹੈ ਤੇ ਲੋਕ ਸਭਾ ਚੋਣਾਂ ਵਿਚ ਪਾਰਟੀ ਦਾ ਨਤੀਜਾ ਵਧੀਆਂ ਨਹੀਂ ਰਿਹਾ। ਦਸ ਹਲਕਿਆਂ ਵਿਚ ਪਾਰਟੀ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੇ ਪਾਰਟੀ ਪ੍ਰਧਾਨ ਨੂੰ ਤਨਖਾਹੀਆ ਘੋਸ਼ਿਤ ਕਰਾਰ ਦਿੱਤਾ ਹੈ ਪਰ ਹੁਣ ਤੱਕ ਕੋਈ ਸਜ਼ਾ ਨਹੀਂ ਲਗਾਈ। ਅਜਿਹੇ ‘ਚ ਸੁਖਬੀਰ ਬਾਦਲ ਲਈ ਸਿਆਸੀ ਸਰਗਰਮੀਆਂ ਕਰਨ ‘ਚ ਦਿੱਕਤ ਆ ਸਕਦੀ ਹੈ। ਅਕਾਲੀ ਦਲ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਪਾਰਟੀ ਪ੍ਰਧਾਨ ਤਨਖਾਹੀਆ ਘੋਸ਼ਿਤ ਹੋਵੇ ਉਪਰੋਂ ਚੋਣਾਂ ਦਾ ਬਿਗਲ ਵੱਜ ਗਿਆ ਹੋਵੇ। ਚੋਣਾਂ ਸਬੰਧੀ ਫੈਸਲਾ ਪਾਰਟੀ ਦੀ ਮੰਗਲਵਾਰ ਨੂੰ ਹੋਣ ਵਾਲੀ ਕੋਰ ਕਮੇਟੀ ਦੀ ਮੀਟਿੰਗ ਵਿਚ ਲਿਆ ਜਾਵੇਗਾ।