ਭਾਰਤ ਭੂਸ਼ਣ ਆਸ਼ੂ ਨੇ ਹਾਈ ਕੋਰਟ ਨੂੰ ਰੈਗੂਲਰ ਜ਼ਮਾਨਤ ਲਈ ਕੀਤੀ ਅਪੀਲ, ED ‘ਤੇ ਲਾਇਆ ਤਾਕਤ ਦੀ ਦੁਰਵਰਤੋਂ ਦਾ ਦੋਸ਼
ਖੁਰਾਕ ਅਤੇ ਸਪਲਾਈ ਵਿਭਾਗ ਦੇ ਟੈਂਡਰ ਘੁਟਾਲੇ ‘ਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਨੇ ਰੈਗੂਲਰ ਜ਼ਮਾਨਤ ਲਈ ਹਾਈ ਕੋਰਟ ਨੂੰ ਅਪੀਲ ਕੀਤੀ ਹੈ।
ਐਡਵੋਕੇਟ ਨਿਖਿਲ ਘਈ ਰਾਹੀਂ ਦਾਇਰ ਪਟੀਸ਼ਨ ‘ਚ ਆਸ਼ੂ ਨੇ ਕਿਹਾ ਕਿ ਈਡੀ ਨੇ ਪੀਐੱਮਐੱਲਏ ਤਹਿਤ ਵਿਆਪਕ ਤਾਕਤਾਂ ਦੀ ਦੁਰਵਰਤੋਂ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਈਡੀ ਜੋ ਇਕ ਕੇਂਦਰੀ ਸਰਕਾਰੀ ਏਜੰਸੀ ਹੈ, ਨੇ ਵਿਰੋਧੀ ਪਾਰਟੀ ਲੀਡਰਾਂ ‘ਚ ਭੈਅ ਪੈਦਾ ਕਰਨ ਤੇ ਉਨ੍ਹਾਂ ਦੀ ਆਵਾਜ਼ ਦਬਾਉਣ ਖਾਤਰ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਟੀਸ਼ਨਕਰਤਾ ਦੀ ਸਿਆਸੀ ਪਾਰਟੀ ਕੇਂਦਰ ਦੀ ਸੱਤਾਧਾਰੀ ਸਿਆਸੀ ਪਾਰਟੀ ਦੇ ਸਿੱਧੇ ਵਿਰੋਧ ‘ਚ ਹੈ।
ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਚੋਣ ਚੱਕਰ (ਪੰਜਾਬ ਰਾਜ ‘ਚ ਜ਼ਿਮਨੀ ਚੋਣਾਂ ਤੇ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ) ਦੌਰਾਨ ਪਟੀਸ਼ਨਕਰਤਾ ਦੀ ਗੈਰ-ਕਾਨੂੰਨੀ ਗ੍ਰਿਫਤਾਰੀ, ਜਦੋਂ ਸਿਆਸੀ ਸਰਗਰਮੀ ਆਪਣੇ ਸਿਖਰ ‘ਤੇ ਹੈ, ਪਟੀਸ਼ਨਕਰਤਾ ਦੀ ਸਿਆਸੀ ਪਾਰਟੀ ਪ੍ਰਤੀ ਗੰਭੀਰ ਪੱਖਪਾਤ ਦਾ ਕਾਰਨ ਬਣੀ ਹੈ, ਅਤੇ ਇਸ ਦਾ ਕੇਂਦਰ ‘ਚ ਸੱਤਾਧਾਰੀ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ ‘ਚ ਅਣਉੱਚਿਤ ਲਾਭ ਮਿਲੇਗਾ।