ਸ਼ੁੱਕਰਵਾਰ ਨੂੰ ਸਤਿਕਾਰ ਕੌਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਮੁਹਾਲੀ ਦੇ ਖਰੜ ਤੋਂ 100 ਗ੍ਰਾਮ ਹੈਰੋਇਨ ਸਮੇਤ ਫੜੀ ਗਈ ਸਾਬਕਾ ਵਿਧਾਇਕਾ ਸਤਿਕਾਰ ਕੌਰ (Satkar Kaur) ਤੋਂ ਪੁੱਛਗਿੱਛ ਮਗਰੋਂ ਖੁਲਾਸੇ ਹੋਣੇ ਸ਼ੁਰੂ ਹੋ ਗਏ ਹਨ। ਜਾਂਚ ਅਧਿਕਾਰੀਆਂ ਅਨੁਸਾਰ ਸਤਿਕਾਰ ਕੌਰ ਨੇ ਪੁਲਿਸ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਫ਼ਿਰੋਜ਼ਪੁਰ ‘ਚ ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕੇ ‘ਚੋਂ ਨਸ਼ਾ ਲੈਂਦੀ ਸੀ ਤੇ ਉਸ ਨੂੰ ਅੱਗੇ ਵੇਚਦੀ ਸੀ। ਇਹ ਪੁੱਛਣ ‘ਤੇ ਕਿ ਉਹ ਇਹ ਨਸ਼ੀਲਾ ਪਦਾਰਥ ਕਿੱਥੋਂ ਲੈਂਦੀ ਸੀ, ਇਸ ਬਾਰੇ ਉਸ ਨੇ ਕਿਹਾ ਕਿ ਉਹ ਉਸ ਜਗ੍ਹਾ ‘ਤੇ ਲੈ ਕੇ ਜਾ ਸਕਦੀ ਹੈ ਜਿੱਥੋਂ ਨਸ਼ਾ ਅੱਗੇ ਸਪਲਾਈ ਹੁੰਦਾ ਹੈ। ਇਸ ਤੋਂ ਬਾਅਦ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਦੀਆਂ ਟੀਮਾਂ ਫਿਰੋਜ਼ਪੁਰ ਰਵਾਨਾ ਹੋ ਗਈਆਂ ਹਨ।
ਦੂਜੇ ਪਾਸੇ ਸ਼ੁੱਕਰਵਾਰ ਨੂੰ ਸਤਿਕਾਰ ਕੌਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਏਐਨਟੀਐਫ ਅਧਿਕਾਰੀਆਂ ਨੂੰ ਉਸ ਦਾ ਦੋ ਦਿਨ ਦਾ ਰਿਮਾਂਡ ਦਿੱਤਾ ਹੈ। ਏਐੱਨਟੀਐਫ ਅਨੁਸਾਰ ਸਤਿਕਾਰ ਕੌਰ ਵੱਲੋਂ ਪੰਜਾਬ ‘ਚ ਹੀ ਨਹੀਂ ਸਗੋਂ ਹਰਿਆਣਾ ਤੇ ਦਿੱਲੀ ‘ਚ ਵੀ ਨਸ਼ਾ ਵੇਚਿਆ ਜਾਂਦਾ ਸੀ। ਉਸ ਤੋਂ ਉਸ ਦੇ ਪੱਕੇ ਗਾਹਕਾਂ ਦੇ ਨੰਬਰ ਤੇ ਪੈਸਾ ਟਰਾਂਸਫਰ ਹੋਣ ਦੇ ਵੀ ਸਬੂਤ ਮਿਲੇ ਹਨ। ਉੱਧਰ, ਪੁਲਿਸ ਨੇ ਉਸ ਨੂੰ ਦਿੱਤੀ ਹੋਈ ਸੁਰੱਖਿਆ ਵੀ ਵਾਪਸ ਲੈ ਲਈ ਹੈ। ਇਹੀ ਨਹੀਂ, ਪੁਲਿਸ ਨੇ ਉਸ ਦੇ ਚੰਡੀਗੜ੍ਹ ਤੇ ਫਿਰੋਜ਼ਪੁਰ ਦੇ ਤਿੰਨ ਬੈਂਕ ਖਾਤਿਆਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਚਾਰ ਕਾਰਾਂ ਦੇ ਨਹੀਂ ਦੇ ਸਕੀ ਦਸਤਾਵੇਜ਼
ਪੁਲਿਸ ਪੁੱਛਗਿੱਛ ਦੌਰਾਨ ਸਤਿਕਾਰ ਕੌਰ ਨੇ ਦੱਸਿਆ ਕਿ ਵਰਨਾ ਕਾਰ ਉਸ ਦੇ ਬੇਟੇ ਦੀ ਸੀ ਤੇ ਉਸ ਨੇ ਵੇਚ ਦਿੱਤੀ ਹੈ। ਕਾਰ ਕਿਸ ਨੂੰ ਵੇਚੀ, ਪੈਸਾ ਕਿੱਥੇ ਹੈ, ਵੇਚਣ ਦਾ ਕੋਈ ਦਸਤਾਵੇਜ਼ ਉਹ ਨਹੀਂ ਦੇ ਸਕੀ।
ਪਤੀ ਤੋਂ ਪੁੱਛਗਿੱਛ ਦੀ ਤਿਆਰੀ
ਸਤਿਕਾਰ ਕੌਰ ਨੇ ਪੁਲਿਸ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ ਆਪਣੇ ਪਤੀ ਨਾਲ ਨਹੀਂ ਰਹਿੰਦੀ। ਅਧਿਕਾਰੀਆਂ ਮੁਤਾਬਕ ਜਾਂਚ ‘ਚ ਕੁਝ ਅਜਿਹੇ ਤੱਥ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਸਤਿਕਾਰ ਕੌਰ ਦੇ ਪਤੀ ਤੋਂ ਪੁੱਛਗਿੱਛ ਜ਼ਰੂਰੀ ਹੈ।
ਕਿੰਨੀ ਰਕਮ ਦੇ ਕਿੰਨੇ ਨੋਟ ਮਿਲੇ
ਪੈਸੇ——————————–ਨੋਟ
23000—————————-500 ਦੇ ਨੋਟ
10000—————————-100 ਦੇ ਨੋਟ
16000—————————-200 ਦੇ ਨੋਟ
2400——————————50 ਰੁਪਏ ਦੇ ਨੋਟ
370—————————-10 ਰੁਪਏ ਦੇ ਨੋਟ