ਬੁਟੀਕ ’ਚ ਵੀ ਮਰਦ ਉਨ੍ਹਾਂ ਕੱਪੜਿਆਂ ਦਾ ਨਾਪ ਨਾ ਲੈਣ। ਜ਼ਿਲ੍ਹਾ ਅਧਿਕਾਰੀਆਂ ਨੂੰ ਇਸ ਸਬੰਧ ’ਚ ਪੱਤਰ ਭੇਜੇ ਗਏ ਹਨ।
ਮਹਿਲਾ ਸਸ਼ਕਤੀਕਰਨ ਦੇ ਦਾਅਵਿਆਂ ਵਿਚਾਲੇ ਉੱਤਰ ਪ੍ਰਦੇਸ਼ ’ਚ ਸੂਬਾ ਮਹਿਲਾ ਕਮਿਸ਼ਨ ਨੇ ਬੈਡ ਟੱਚ (ਗ਼ਲਤ ਇਰਾਦੇ ਨਾਲ ਛੂਹਣਾ) ਤੇ ਛੇੜਛਾੜ ਆਦਿ ਦੀਆਂ ਘਟਨਾਵਾਂ ਨੂੰ ਰੋਕਣ ਲਈ ਇਕ ਅਜੀਬ ਆਦੇਸ਼ ਪਾਸ ਕੀਤਾ ਹੈ, ਜੋ ਪ੍ਰਸ਼ਾਸਨ ਲਈ ਸਿਰਦਰਦ ਸਾਬਿਤ ਹੋ ਸਕਦਾ ਹੈ। ਕਮਿਸ਼ਨ ਨੇ ਕਿਹਾ ਹੈ ਕਿ ਸੈਲੂਨ ਤੇ ਬਿਊਟੀ ਪਾਰਲਰ ’ਚ ਮਹਿਲਾਵਾਂ ਦੇ ਵਾਲ ਸਿਰਫ ਮਹਿਲਾਵਾਂ ਹੀ ਕੱਟਣ। ਬੁਟੀਕ ’ਚ ਵੀ ਮਰਦ ਉਨ੍ਹਾਂ ਕੱਪੜਿਆਂ ਦਾ ਨਾਪ ਨਾ ਲੈਣ।
ਜ਼ਿਲ੍ਹਾ ਅਧਿਕਾਰੀਆਂ ਨੂੰ ਇਸ ਸਬੰਧ ’ਚ ਪੱਤਰ ਭੇਜੇ ਗਏ ਹਨ। ਸੂਬਾਈ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬਬੀਤਾ ਸਿੰਘ ਚੌਹਾਨ ਨੇ ਦੱਸਿਆ ਕਿ ਕਮਿਸ਼ਨ ਕੋਲ ਪਿਛਲੇ ਕਈ ਦਿਨਾਂ ਤੋਂ ਪੂਰੇ ਸੂਬੇ ’ਚੋਂ ਮਹਿਲਾਵਾਂ ਜਿਮ, ਯੋਗਾ ਸੈਂਟਰ ਤੇ ਬਿਊਟੀ ਪਾਰਲਰ ਵਰਗੀਆਂ ਥਾਵਾਂ ’ਤੇ ਮਰਦਾਂ ਦੇ ਬੈਡ ਟੱਚ ਕਰਨ ਦੀਆਂ ਸ਼ਿਕਾਇਤਾਂ ਕਰ ਰਹੀਆਂ ਹਨ।
ਕਈ ਮਹਿਲਾਵਾਂ ਨੇ ਆਪਣੀਆਂ ਬੱਚੀਆਂ ਨਾਲ ਬੱਸਾਂ ’ਚ ਡਰਾਈਵਰ ਜਾਂ ਸਕੂਲ ਦੇ ਮੁਲਾਜ਼ਮਾਂ ਵੱਲੋਂ ਬੈਡ ਟੱਚ ਕੀਤੇ ਜਾਣ ਦੀਆਂ ਵੀ ਸ਼ਿਕਾਇਤਾਂ ਭੇਜੀਆਂ ਹਨ। ਕਾਨਪੁਰ ’ਚ ਮਰਦ ਜਿਮ ਟ੍ਰੇਨਰ ਨੇ ਤਾਂ ਏਕਤਾ ਨਾਂ ਦੀ ਮਹਿਲਾ ਦੀ ਹੱਤਿਆ ਕਰ ਦਿੱਤੀ। ਇਸ ਨੂੰ ਦੇਖਦੇ ਹੋਏ ਅਹਿਤਿਆਤੀ ਕਦਮ ਜ਼ਰੂਰੀ ਹਨ। ਇਸ ਲਈ ਕਮਿਸ਼ਨ ਨੇ ਹਦਾਇਤ ਕੀਤੀ ਹੈ ਕਿ ਸਕੂਲਾਂ ਦੀਆਂ ਬੱਸਾਂ ’ਚ ਮਹਿਲਾ ਸੁਰੱਖਿਆ ਮੁਲਾਜ਼ਮ ਜਾਂ ਮਹਿਲਾ ਅਧਿਆਪਕਾ ਦੀ ਵਿਵਸਥਾ ਸਿੱਖਿਆ ਸੰਸਥਾਵਾਂ ਜ਼ਰੂਰੀ ਤੌਰ ’ਤੇ ਕਰਨ ।
ਕਮਿਸ਼ਨ ਦੇ ਪੱਤਰ ’ਚ ਕਿਹਾ ਗਿਆ ਹੈ ਕਿ ਕੁਝ ਡਾਂਸ ਕੇਂਦਰ ਤੇ ਨਾਟ ਕਲਾ ਕੇਂਦਰਾਂ ’ਚ ਵੀ ਮਰਦ ਟ੍ਰੇਨਰ ਮਹਿਲਾਵਾਂ ਨੂੰ ਸਿਖਲਾਈ ਦੇਣ ਦੌਰਾਨ ਛੇੜਖਾਨੀ ਕਰਦੇ ਹਨ। ਇਸਦੀ ਸ਼ਿਕਾਇਤ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਕਰ ਪਾਉਂਦੀਆਂ। ਇਸ ਲਈ ਡਾਂਸ ਕੇਂਦਰਾਂ ’ਚ ਮਹਿਲਾ ਡਾਂਸ ਟੀਚਰ ਹੀ ਰੱਖੀਆਂ ਜਾਣ।
ਬੁਟੀਕ ’ਚ ਮਹਿਲਾਵਾਂ ਦੇ ਕੱਪੜਿਆਂ ਦੇ ਨਾਪ ਲਈ ਮਹਿਲਾ ਟੇਲਰ ਜ਼ਰੂਰ ਹੋਵੇ। ਮਰਦ ਟੇਲਰ ਸਿਰਫ ਸਿਲਾਈ ਦਾ ਕੰਮ ਕਰਨ। ਜਿਹੜੀਆਂ ਦੁਕਾਨਾਂ ’ਚੇ ਮਹਿਲਾਵਾਂ ਨਾਲ ਸਬੰਧਤ ਕੱਪੜਿਆਂ ਦੀ ਵਿਕਰੀ ਹੁੰਦੀ ਹੈ, ਉਥੇ ਜ਼ਰੂਰੀ ਤੌਰ ’ਤੇ ਮਹਿਲਾ ਮੁਲਾਜ਼ਮ ਰੱਖੇ ਜਾਣ। ਕਾਨਪੁਰ ਦੀ ਘਟਨਾ ਦਾ ਨੋਟਿਸ ਲੈਂਦੇ ਹੋਏ ਜਿਮ ਤੇ ਯੋਗਾ ਸੈਂਟਰਾਂ ’ਚ ਮਹਿਲਾ ਟ੍ਰੇਨਰ ਰੱਖੇ ਜਾਣ। ਇਨ੍ਹਾਂ ਕੇਂਦਰਾਂ ’ਚ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਵੀ ਲਗਾਏ ਜਾਣ।