Punjab ਦੇ 18 ਜ਼ਿਲ੍ਹਿਆਂ ਵਿੱਚ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।
ਪਹਾੜਾਂ ‘ਤੇ ਬਰਫਬਾਰੀ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ‘ਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਰਾਤ ਦੇ ਤਾਪਮਾਨ ਵਿੱਚ ਗਿਰਾਵਟ ਦੇ ਨਾਲ, ਦਿਨ ਦਾ ਤਾਪਮਾਨ ਆਮ ਨਾਲੋਂ ਠੰਢਾ ਰਹਿਣ ਲੱਗ ਪਿਆ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਇਹ ਬਦਲਾਅ ਜਾਰੀ ਰਹਿਣਗੇ। ਇਸ ਦੇ ਨਾਲ ਹੀ ਪੰਜਾਬ-ਚੰਡੀਗੜ੍ਹ ‘ਚ 17 ਨਵੰਬਰ ਤੱਕ ਧੂੰਏਂ ਦਾ ਅਸਰ ਦੇਖਣ ਨੂੰ ਮਿਲੇਗਾ।
ਇਸ ਦੇ ਨਾਲ ਹੀ ਅੱਜ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦਾ ਅਸਰ 16 ਨਵੰਬਰ ਨੂੰ ਵੀ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਦੀ ਚੇਤਾਵਨੀ ਅਨੁਸਾਰ ਅੰਮ੍ਰਿਤਸਰ, ਤਰਨਮਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫ਼ਤਹਿਗੜ੍ਹ ਸਾਹਿਬ, ਪਟਿਆਲਾ, ਐਸ.ਏ.ਐਸ.ਨਗਰ ਅਤੇ ਮਲੇਰਕੋਟਲਾ ਵਿੱਚ ਧੁੰਦ ਪੈਣ ਦੀ ਸੰਭਾਵਨਾ ਹੈ।
ਵੈਸਟਨ ਡਿਸਟਰਬੈਂਸ ਹੋਇਆ ਐਕਟਿਵ
ਪਾਕਿਸਤਾਨ-ਅਫਗਾਨਿਸਤਾਨ ਸਰਹੱਦ ‘ਤੇ ਸਰਗਰਮ ਚੱਕਰਵਾਤ ਸ਼ਾਂਤ ਹੋ ਗਿਆ ਹੈ। ਪਰ ਵੈਸਟਨ ਡਿਸਟਰਬੈਂਸ ਫਿਰ ਸਰਗਰਮ ਹੋ ਗਿਆ ਹੈ। ਜਿਸ ਕਾਰਨ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ‘ਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਜਿਸ ਤੋਂ ਬਾਅਦ ਪੰਜਾਬ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ ਤਾਪਮਾਨ ਆਮ ਵਾਂਗ ਪਹੁੰਚ ਜਾਵੇਗਾ।
ਧੂੰਏ ਨੇ ਵਿਗਾੜੀ ਹਵਾ ਦੀ ਸਿਹਤ
ਪੰਜਾਬ-ਚੰਡੀਗੜ੍ਹ ਵਿੱਚ ਧੂੰਏ ਕਾਰਨ ਹਵਾ ਦੀ ਗੁਣਵੱਤਾ ਖ਼ਰਾਬ ਹੋਇਆ ਕਰੀਬ 2 ਮਹੀਨੇ ਹੋ ਗਏ ਹਨ। ਇਸ ਦੇ ਨਾਲ ਹੀ ਆਉਣ ਵਾਲੇ ਹਫ਼ਤੇ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੌਰਾਨ, ਚੰਡੀਗੜ੍ਹ ਦਾ AQI 369 ਦਰਜ ਕੀਤਾ ਗਿਆ, ਜਦੋਂ ਕਿ ਵੱਧ ਤੋਂ ਵੱਧ 475 ਦੇ ਅੰਕੜੇ ਨੂੰ ਛੂਹ ਗਿਆ।
ਇਸੇ ਤਰ੍ਹਾਂ ਅੰਮ੍ਰਿਤਸਰ ਦਾ AQI 249 ਅਤੇ ਮੰਡੀ ਗੋਬਿੰਦਗੜ੍ਹ ਦਾ AQI 205 ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਬਾਕੀ ਸਾਰੇ ਜ਼ਿਲ੍ਹਿਆਂ ਦਾ AQI 200 ਡਿਗਰੀ ਤੋਂ ਘੱਟ ਦਰਜ ਕੀਤਾ ਗਿਆ ਹੈ।
ਅੱਜ 10 ਘੰਟਿਆਂ ਦਾ ਰਹੇਗਾ ਦਿਨ
ਜੇਕਰ ਗੱਲ ਕਰ ਲਈਏ ਅੱਜ ਦੇ ਦਿਨ ਦੀ ਤਾਂ ਅੱਜ ਕਰੀਬ 10 ਘੰਟੇ ਦਿਨ ਦਿਖਾਈ ਦੇਵੇਗਾ। ਸਵੇਰ ਦੇ ਸਮੇਂ ਸੂਰਜ 6 ਵਜ ਕੇ 54 ਮਿੰਟ ਤੇ ਚੜ੍ਹਿਆ ਅਤੇ ਸ਼ਾਮ ਨੂੰ 5 ਵਜ ਕੇ 29 ਮਿੰਟ ਤੇ ਛਿਪ ਜਾਵੇਗਾ। ਸਵੇਰ ਦੇ ਸਮੇਂ ਤਾਪਮਾਨ 17 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂਕਿ ਰਾਤ ਦੇ ਸਮੇਂ ਤਾਪਮਾਨ 21 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

![fog[1]](https://punjabprotv.com/Punjabi/wp-content/uploads/2024/11/fog1-640x383.jpg)






