Home Desh ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਮਾਮਲੇ ਨੂੰ ਲੈ ਕੇ...

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਮਾਮਲੇ ਨੂੰ ਲੈ ਕੇ ਪੰਜ ਡੇਰਾ ਮੁਖੀਆਂ ਨੇ ਜਥੇਦਾਰ ਨੂੰ ਲਿਖਿਆ ਪੱਤਰ

1
0

 ਮਸਲਿਆਂ ਦੇ ਹੱਲ ਲਈ ਆਪ ਜੀਆਂ ਦੇ ਮੋਢਿਆਂ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਪਾ ਦਿੱਤੀ ਹੈ।

ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਦੇ ਮਾਮਲੇ ਨੂੰ ਲੈ ਕੇ ਬਾਬਾ ਸਰਬਜੋਤ ਸਿੰਘ ਬੇਦੀ, ਸੰਤ ਸੇਵਾ ਸਿੰਘ ਰਾਮਪੁਰ ਖੇੜਾ ਸਾਹਿਬ, ਸੰਤ ਹਰੀ ਸਿੰਘ ਰੰਧਾਵੇ ਵਾਲੇ, ਸੰਤ ਲਖਵੀਰ ਸਿੰਘ ਰਤਵਾੜਾ ਸਾਹਿਬ ਤੇ ਸੰਤ ਗੁਰਦੇਵ ਸਿੰਘ ਬਜਵਾੜਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਲਿਖਿਆ ਹੈ|
ਪੱਤਰ ‘ਚ ਲਿਖਿਆ ਹੈ ਕਿ ਪਿਛਲੇ ਸਮੇਂ ‘ਚ ਸਿੱਖ ਕੌਮ ਦੀ ਧਾਰਮਿਕ ਅਤੇ ਰਾਜਨੀਤਕ ਲੀਡਰਸ਼ਿਪ ਵੱਲੋਂ ਸਿੱਖੀ ਸਿਧਾਂਤ ਨੂੰ ਅੱਖੋਂ ਪਰੋਖੇ ਕਰ ਕੇ ਲਏ ਗਏ ਫੈਸਲਿਆਂ ਕਾਰਨ ਸਮੁੱਚੀ ਕੌਮ ਬੜੀਆਂ ਗੰਭੀਰ ਪਰਸਥਿਤੀਆਂ ‘ਚੋਂ ਲੰਘ ਰਹੀ ਹੈ ਜਿਸ ਕਰਕੇ ਪੰਥ ਦੀਆਂ ਸੰਸਥਾਵਾਂ ਕੌਮੀ ਰੋਹ ਦਾ ਸਾਹਮਣਾ ਕਰ ਰਹੀਆਂ ਹਨ।
ਮੌਜੂਦਾ ਸਮੇਂ ਪੰਥ ਦੇ ਵਾਲੀ ਨੇ ਆਪਣੇ ਤਖਤਾਂ ਦੀ ਸ਼ਾਨਮੱਤੀ ਆਭਾ ਨੂੰ ਮੁੜ ਉਜਾਗਰ ਕਰਨ ਲਈ, ਮਨੁੱਖੀ ਸੋਚ ਤੋਂ ਪਰ੍ਹੇ ਦੇ ਹਾਲਾਤ ਬਣਾ ਕੇ, ਇਨ੍ਹਾਂ ਮਸਲਿਆਂ ਦੇ ਹੱਲ ਲਈ ਆਪ ਜੀਆਂ ਦੇ ਮੋਢਿਆਂ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਪਾ ਦਿੱਤੀ ਹੈ। ਅੱਜ ਸਮੁੱਚੀ ਕੌਮ, ਭਵਿੱਖ ਦੀ ਚਿੰਤਾ ਵਿੱਚ ਡੁੱਬੀ ਹੋਈ, ਬੜੀ ਆਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਅਧੀਨ, ਸਿੰਘ ਸਾਹਿਬਾਨਾਂ ਵੱਲ ਨੀਝ ਲਾ ਕੇ ਗੁਰਸਿੱਖੀ ਪਰੰਪਰਾਵਾਂ ਦੀ ਪੁਨਰ ਸੁਰਜੀਤੀ ਦੀ ਆਸ ਲਾਈ ਬੈਠੀ ਹੈ।
ਮੌਜੂਦਾ ਵਰਤਾਰੇ ਵਿੱਚ ਜਿਸ ਤਰ੍ਹਾਂ ਸਿੰਘ ਸਾਹਿਬਾਨ ਨੇ ਹੁਣ ਤੱਕ ਸਿੱਖੀ ਸਿਧਾਂਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਅਤੇ ਹਰ ਤਰ੍ਹਾਂ ਦੇ ਦਬਾਅ ਨੂੰ ਨਜ਼ਰ ਅੰਦਾਜ਼ ਕਰਕੇ ਸਿੱਖ ਮਰਿਯਾਦਾ ਪ੍ਰਤੀ ਵੱਡੀ ਦ੍ਰਿੜਤਾ ਵਿਖਾਈ ਹੈ, ਉਸੇ ਤਰ੍ਹਾਂ ਇਸ ਸਮੇਂ ਸਮੁੱਚਾ ਖਾਲਸਾ ਪੰਥ, ਤਖਤ ਸਾਹਿਬ ਤੋਂ ਪੰਥਕ ਰਵਾਇਤਾਂ ਦੀ ਪੁਨਰ ਸੁਰਜੀਤੀ ਦੀ ਆਹਟ ਸੁਣਨ ਲਈ ਬਹੁਤ ਬੇਤਾਬੀ ਨਾਲ ਇੰਤਜ਼ਾਰ ਕਰ ਰਿਹਾ ਹੈ।
ਇਸ ਲਈ ਅਸੀਂ, ਸਮੂਹ ਜਥੇਦਾਰ ਸਾਹਿਬਾਨ ਨੂੰ ਬੇਨਤੀ ਕਰਦੇ ਹਾਂ ਕਿ ਮੌਜੂਦਾ ਪੰਥਕ ਮਸਲਿਆਂ ਸਬੰਧੀ ਕੋਈ ਵੀ ਫੈਸਲਾ ਕਰਨ ਸਮੇਂ ਪੰਥਿਕ ਰਵਾਇਤਾਂ ਅਤੇ ਕੌਮ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਅਤੇ ਇਸ ਅਤਿ ਗੰਭੀਰ ਅਤੇ ਸੰਵੇਦਨਸ਼ੀਲ ਮੁੱਦੇ ਨੂੰ ਕੌਮੀ ਭਾਵਨਾਵਾਂ ਦੀ ਤਰਜ਼ਮਾਨੀ ਕਰਦੀ ਹੋਈ ਦ੍ਰਿੜਤਾ ਨਾਲ ਹੱਲ ਕੀਤਾ ਜਾਵੇ।
ਕੌਮ ਆਪ ਪਾਸੋਂ ਇਹ ਆਸ ਰੱਖ ਰਹੀ ਹੈ ਕਿ ਪਿਛਲੇਰੇ ਸਮੇਂ ਵਿੱਚ ਜਿਹੜੇ-ਜਿਹੜੇ ਵੀ ਵਿਅਕਤੀ ਕੌਮ ਦੀ ਮੌਜੂਦਾ ਅਧੋਗਤੀ ਦੇ ਨਾਲ ਸਿੱਖ ਪ੍ਰੰਪਰਾਵਾਂ, ਸਿੱਖੀ ਸਿਧਾਂਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਸਿੱਖ ਪੰਥ ਦੀਆਂ ਰਾਜਨੀਤਕ ਅਤੇ ਧਾਰਮਿਕ ਸੰਸਥਾਵਾਂ ਦੇ ਘਾਣ ਲਈ ਜ਼ਿੰਮੇਵਾਰ ਹਨ, ਨੂੰ ਉਨ੍ਹਾਂ ਦੇ ਕੀਤੇ ਦੀ ਸਖਤ ਸਜ਼ਾ ਦਿੱਤੀ ਜਾਵੇ।
ਇਸ ਮੌਜੂਦਾ ਸੰਕਟ ਦੌਰਾਨ ਜੋ ਸੱਜਣ ਆਪ ਜੀਆਂ ਉੱਪਰ ਦਬਾਉ ਬਣਾ ਕੇ ਇੱਕ ਵਿਸ਼ੇਸ਼ ਧਿਰ ਦੇ ਹੱਕ ਵਿੱਚ ਫੈਸਲਾ ਕਰਵਾਉਣ ਲਈ ਹੋਛੇ ਹੱਥ ਕੰਡੇ ਅਪਣਾ ਰਹੇ ਹਨ, ਇਹ ਨਿੱਘਰਦੇ ਹੋਏ ਕਿਰਦਾਰ ਦਾ ਘਿਨਾਉਣਾ ਰੂਪ ਹੈ।
ਅਸੀਂ ਇਸ ਵਰਤਾਰੇ ਦੀ ਪੁਰਜ਼ੋਰ ਨਿਖੇਧੀ ਕਰਦੇ ਹਾਂ ਅਤੇ ਵਿਸ਼ਵਾਸ ਦਵਾਂਉਂਦੇ ਹਾਂ ਕਿ ਸਿੰਘ ਸਾਹਿਬਾਨ ਵੱਲੋਂ ਸਿੱਖੀ ਸਿਧਾਂਤਾਂ ਦੀ ਰੌਸ਼ਨੀ ਵਿੱਚ, ਸਿੱਖ ਰਵਾਇਤਾਂ ਦੀ ਪੁਨਰ ਸੁਰਜੀਤੀ ਕਰਦਿਆਂ, ਉਪ੍ਰੋਕਤ ਜ਼ਿਕਰ ਮੁਤਾਬਿਕ ਕੌਮ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਨ ਵਾਲੇ ਫੈਸਲਿਆਂ ਦਾ ਸਮੁੱਚਾ ਖਾਲਸਾ ਪੰਥ ਪੂਰਨ ਸਤਿਕਾਰ ਕਰੇਗਾ। ਮੌਜੂਦਾ ਮਸਲਿਆਂ ਨੂੰ ਗੁਰਸਿੱਖੀ ਪਰੰਪਰਾਵਾਂ ਦੀ ਰੌਸ਼ਨੀ ਹੇਠ, ਖਾਲਸਾਈ ਦ੍ਰਿੜਤਾ ਨਾਲ ਹੱਲ ਕਰਨ ਲਈ ਸਾਡੀਆਂ ਸੇਵਾਵਾਂ ਹਮੇਸ਼ਾਂ ਤਖਤ ਸਾਹਿਬ ਨੂੰ ਸਮਰਪਿਤ ਹਨ।
Previous articleਸੰਗਰੂਰ-ਪਟਿਆਲਾ ਬਾਈਪਾਸ ‘ਤੇ Encounter, ਪੁਲਿਸ ਨੇ ਨਾਭੇ ਤੋਂ ਲੁੱਟੀ ਥਾਰ ਦਾ ਮੁੱਖ ਮੁਲਜ਼ਮ ਕੀਤਾ ਕਾਬੂ
Next articlePunjab Weather : ਅਗਲੇ ਹਫ਼ਤੇ ਕੜਾਕੇ ਦੀ ਠੰਢ ਲਈ ਤਿਆਰ ਰਹਿਣ ਪੰਜਾਬ ਦੇ ਲੋਕ, ਪੜ੍ਹੋ ਮੌਸਮ ਵਿਭਾਗ ਵੱਲੋਂ ਦਿੱਤਾ ਤਾਜ਼ਾ ਅਪਡੇਟ

LEAVE A REPLY

Please enter your comment!
Please enter your name here