ਸੰਵਿਧਾਨ ‘ਤੇ ਬੋਲਦਿਆਂ ਪ੍ਰਿਅੰਕਾ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ‘ਚ ਹਰ ਵਰਗ ਸ਼ਾਮਲ ਸੀ। ਹਰ ਕੋਈ ਆਜ਼ਾਦੀ ਲਈ ਲੜਿਆ ਅਤੇ ਉਸ ਵਿੱਚ ਇੱਕ ਆਵਾਜ਼ ਵੀ ਉੱਭਰੀ, ਜੋ ਦੇਸ਼ ਦੀ ਆਵਾਜ਼ ਬਣ ਗਈ ਅਤੇ ਉਹ ਆਵਾਜ਼ ਸਾਡਾ ਸੰਵਿਧਾਨ ਹੈ।
ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਇਹ ਸਿਰਫ਼ ਇੱਕ ਦਸਤਾਵੇਜ਼ ਨਹੀਂ ਹੈ। ਇਸ ਦੇ ਲਈ ਬਾਬਾ ਸਾਹਿਬ ਅੰਬੇਡਕਰ, ਮੌਲਾਨਾ ਆਜ਼ਾਦ ਅਤੇ ਜਵਾਹਰ ਲਾਲ ਨਹਿਰੂ ਸਮੇਤ ਕਈ ਵੱਡੇ ਨੇਤਾਵਾਂ ਨੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਲਈ ਸਾਲਾਂ ਤੱਕ ਕੰਮ ਕੀਤਾ।
ਸੰਵਿਧਾਨ ਸਰਕਾਰ ਬਣਾ ਸਕਦੈ !
ਪ੍ਰਿਅੰਕਾ ਨੇ ਕਿਹਾ ਕਿ ਸਾਡਾ ਸੰਵਿਧਾਨ ਪ੍ਰਗਟਾਵੇ ਅਤੇ ਇੱਛਾਵਾਂ ਦੀ ਲਾਟ ਹੈ ਜੋ ਹਰ ਭਾਰਤੀ ਦੇ ਦਿਲ ਵਿੱਚ ਬਲਦੀ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਕਿਸੇ ਦੇ ਹੱਕ ਦੀ ਆਵਾਜ਼ ਬੁਲੰਦ ਕਰਨ ਦੀ ਸਮਰੱਥਾ ਰੱਖਦਾ ਹੈ। ਸੰਵਿਧਾਨ ਨੇ ਹੀ ਹਰ ਕਿਸੇ ਨੂੰ ਸਰਕਾਰ ਬਣਾਉਣ ਜਾਂ ਬਦਲਣ ਦਾ ਅਧਿਕਾਰ ਦਿੱਤਾ ਹੈ ਅਤੇ ਸਰਕਾਰ ਨੂੰ ਇਸ ਅੱਗੇ ਝੁਕਣਾ ਪਵੇਗਾ।
ਪ੍ਰਿਅੰਕਾ ਨੇ ਉਨਾਓ ਰੇਪ ਪੀੜਤਾ ‘ਤੇ ਵੀ ਗੱਲ ਕੀਤੀ
ਪ੍ਰਿਅੰਕਾ ਨੇ ਉਨਾਓ ਰੇਪ ਕੇਸ ਦਾ ਮੁੱਦਾ ਵੀ ਉਠਾਇਆ। ਉਸ ਨੇ ਕਿਹਾ ਕਿ 20 ਸਾਲਾ ਲੜਕੀ ਆਪਣੀ ਲੜਾਈ ਖੁਦ ਲੜ ਰਹੀ ਸੀ ਪਰ ਸੜ ਕੇ ਮਰ ਗਈ। ਉਸ ਨੇ ਕਿਹਾ ਕਿ ਪਿਤਾ ਨੇ ਬੇਟੀ ਨੂੰ ਰੋਕਿਆ ਵੀ ਸੀ ਪਰ ਉਸ ਨੇ ਕਿਹਾ ਕਿ ਉਹ ਆਪਣੀ ਲੜਾਈ ਲੜੇਗੀ।
ਸੰਭਲ ਹਿੰਸਾ ‘ਤੇ ਪ੍ਰਿਅੰਕਾ ਨੇ ਕੀ ਕਿਹਾ
ਪ੍ਰਿਅੰਕਾ ਗਾਂਧੀ ਨੇ ਆਪਣੇ ਪਹਿਲੇ ਭਾਸ਼ਣ ਵਿੱਚ ਯੂਪੀ ਵਿੱਚ ਸੰਭਲ ਹਿੰਸਾ ਦਾ ਮੁੱਦਾ ਵੀ ਉਠਾਇਆ ਸੀ। ਸੰਵਿਧਾਨ ‘ਤੇ ਚਰਚਾ ਦੌਰਾਨ ਉਨ੍ਹਾਂ ਕਿਹਾ ਕਿ ਮੇਰੇ ਕੋਲ 17 ਸਾਲ ਦਾ ਬੱਚਾ ਅਦਨਾਨ ਆਇਆ ਸੀ, ਉਹ ਸੰਭਲ ਹਿੰਸਾ ਦਾ ਸ਼ਿਕਾਰ ਸੀ। ਉਸ ਨੇ ਦੱਸਿਆ ਕਿ ਉਹ ਇੱਕ ਦਰਜ਼ੀ ਦਾ ਪੁੱਤਰ ਹੈ।
ਕਾਂਗਰਸੀ ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਜਦੋਂ ਉਨ੍ਹਾਂ ਦੇ ਪਿਤਾ ਘਰ ਛੱਡਣ ਜਾ ਰਹੇ ਸਨ ਤਾਂ ਸੰਭਲ ‘ਚ ਹਿੰਸਾ ਭੜਕ ਗਈ ਅਤੇ ਪੁਲਿਸ ਗੋਲ਼ੀਬਾਰੀ ‘ਚ ਉਸ ਦੀ ਜਾਨ ਚਲੀ ਗਈ। ਜਦੋਂ ਉਹ ਲੜਕਾ ਮਿਲਿਆ ਤਾਂ ਉਸ ਨੇ ਮੈਨੂੰ ਸਿਰਫ਼ ਇਹੀ ਕਿਹਾ ਕਿ ਮੇਰੇ ਪਿਤਾ ਚਾਹੁੰਦੇ ਸਨ ਕਿ ਮੈਂ ਡਾਕਟਰ ਬਣਾਂ। ਪ੍ਰਿਅੰਕਾ ਨੇ ਕਿਹਾ ਕਿ ਸੰਵਿਧਾਨ ਨੇ ਹੀ ਸਾਨੂੰ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਦੀ ਸ਼ਕਤੀ ਦਿੱਤੀ ਹੈ।