ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣ ਰਹੀ ਸੜਕ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
Bhadaur ਕਸਬੇ ਦੇ ਨਜ਼ਦੀਕ ਪੈਂਦੇ ਸੰਧੂਕਲਾ ਪਿੰਡ ਵਿੱਚ ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣ ਰਹੀ ਸੜਕ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਕਾਰਨ ਬੀਤੇ ਦਿਨੀਂ ਪਿੰਡ ਵਾਸੀ ਜੀਵਨ ਸਿੰਘ, ਜਗਤਾਰ ਸਿੰਘ ਅਤੇ ਸੁਖਪ੍ਰੀਤ ਸਿੰਘ ਹਾਈ ਵੋਲਟੇਜ ਬਿਜਲੀ ਦੇ ਖੰਭੇ ’ਤੇ ਚੜ੍ਹ ਗਏ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਮਾਲਾ ਪ੍ਰਾਜੈਕਟ ਤਹਿਤ ਬਣਾਈ ਜਾ ਰਹੀ ਨਵੀਂ ਸੜਕ ਪਿੰਡ ਸੰਧੂਕਲਾ ਵਿੱਚੋਂ ਲੰਘ ਰਹੀ ਹੈ। ਇਸ ਸੜਕ ਦੇ ਬਣਨ ਨਾਲ ਸੁਖਪਾਲ ਸਿੰਘ ਪੁੱਤਰ ਕਰਨਲ ਸਿੰਘ ਦਾ ਘਰ, ਜਗਤਾਰ ਸਿੰਘ ਪੁੱਤਰ ਸੁਲੱਖਣ ਸਿੰਘ ਦੀ ਜ਼ਮੀਨ ਅਤੇ ਰਾਜ ਸਿੰਘ ਦਾ ਘਰ ਪ੍ਰਭਾਵਿਤ ਹੋ ਰਿਹਾ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਮੁਆਵਜ਼ੇ ਦੀ ਪੂਰੀ ਰਕਮ ਨਹੀਂ ਮਿਲੀ। ਇਸ ਕਾਰਨ ਉਨ੍ਹਾਂ ਨੇ ਇਸ ਪ੍ਰਾਜੈਕਟ ਦਾ ਵਿਰੋਧ ਕੀਤਾ।
ਪਿੰਡ ਵਾਸੀਆਂ ਅਨੁਸਾਰ ਜਦੋਂ ਪੁਲਿਸ ਪ੍ਰਸ਼ਾਸਨ ਨੇ ਪ੍ਰਭਾਵਿਤ ਪਰਿਵਾਰਾਂ ਦੇ ਕੁਝ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਤਾਂ ਜੀਵਨ ਸਿੰਘ, ਜਗਤਾਰ ਸਿੰਘ ਅਤੇ ਸੁਖਪ੍ਰੀਤ ਸਿੰਘ ਵਿਰੋਧ ਵਿੱਚ ਹਾਈ ਵੋਲਟੇਜ ਬਿਜਲੀ ਦੇ ਟਾਵਰ ’ਤੇ ਚੜ੍ਹ ਗਏ। ਇਨ੍ਹਾਂ ਲੋਕਾਂ ਨੇ ਸਪੱਸ਼ਟ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਮੁਆਵਜ਼ੇ ਦੀ ਪੂਰੀ ਰਕਮ ਨਹੀਂ ਮਿਲਦੀ ਅਤੇ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਲੋਕਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।