ਚੰਡੀਗੜ੍ਹ ਦੇ ਸੈਕਟਰ 28 ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਖੇ ਕਾਰਜਕਾਰਨੀ ਦੀ ਅਹਿਮ ਬੈਠਕ ਜਾਰੀ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਕੌਮੀ ਕਾਰਜਕਾਰਨੀ ਦੀ ਅਹਿਮ ਬੈਠਕ ਪਾਰਟੀ ਦਫ਼ਤਰ ਵਿੱਚ ਹੋ ਰਹੀ ਹੈ। ਜਿਸ ਵਿੱਚ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈਕੇ ਫੈਸਲਾ ਲਿਆ ਜਾ ਸਕਦਾ ਹੈ। ਹਾਲਾਂਕਿ ਸੂਤਰਾਂ ਅਨੁਸਾਰ ਕੁੱਝ ਲੀਡਰ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕਰਕੇ ਮੁੜ ਉਹਨਾਂ ਨੂੰ ਹੀ ਪ੍ਰਧਾਨ ਚੁਣਨ ਦੇ ਹੱਕ ਵਿੱਚ ਹਨ।
ਪਰ ਕੁੱਝ ਲੀਡਰਾਂ ਦਾ ਮੰਨਣਾ ਹੈ ਕਿ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕਰਨ ਮਗਰੋਂ ਕਾਰਜਕਾਰਨੀ ਵਿੱਚੋਂ ਹੀ ਕਿਸੇ ਮੈਂਬਰ ਨੂੰ ਪ੍ਰਧਾਨ ਚੁਣ ਲਿਆ ਜਾਵੇ।
ਜੱਥੇਦਾਰ ਨੇ ਦਿੱਤੇ ਸਨ ਹੁਕਮ
ਅਕਾਲੀ ਦਲ ਦੇ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਉਂਦੇ ਹੋਏ ਪੰਜ ਸਿੰਘ ਸਹਿਬਾਨਾਂ ਨੇ ਹੁਕਮ ਦਿੱਤਾ ਸੀ ਕਿ ਪ੍ਰਧਾਨ ਸਮੇਤ ਜਿਹੜੇ ਅਕਾਲੀ ਆਗੂਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੱਤਾ ਹੈ। ਉਹਨਾਂ ਨੂੰ ਸਵੀਕਾਰ ਕਰ ਲਿਆ ਜਾਵੇ। ਹਾਲਾਂਕਿ ਅਕਾਲੀ ਦਲ ਦੀ ਲੀਡਰਸ਼ਿਪ ਨੇ ਅਸਤੀਫੇ ਮਨਜ਼ੂਰ ਕਰਨ ਲਈ ਸਮਾਂ ਲੈ ਲਿਆ ਸੀ।
ਜਿਸ ਤੋਂ ਬਾਅਦ ਬਾਗੀ ਧੜ੍ਹੇ ਦੇ ਆਗੂਆਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸ਼ਿਕਾਇਤ ਕੀਤੀ ਸੀ ਕਿ ਅਕਾਲੀ ਕਾਰਜਕਾਰਨੀ ਅਸਤੀਫਿਆਂ ਨੂੰ ਮਨਜ਼ੂਰ ਕਰਨ ਵਿੱਚ ਆਨਾ-ਕਾਨੀ ਕਰ ਰਹੀ ਹੈ। ਜਿਸ ਤੋਂ ਬਾਅਦ ਜੱਥੇਦਾਰ ਨੇ ਅਕਾਲੀ ਲੀਡਰਾਂ ਨੂੰ ਹੁਕਮ ਦਿੱਤਾ ਸੀ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ।