ਗਾਇਕ ਅਤੇ ਅਦਾਕਾਰ Diljit Dosanjh ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ।
ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਪੰਜਾਬੀ ਕਲਾਕਾਰ ਦਾ ਦਿਲ ਲੁਮਿਨਾਤੀ ਟੂਰ ਸਾਲ ਭਰ ਸੁਪਰਹਿੱਟ ਰਿਹਾ। ਇਸ ਤੋਂ ਬਾਅਦ ਹੁਣ ਦੋਸਾਂਝਾਵਾਲੇ ਨੇ ਨਵੇਂ ਸਾਲ ਤੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਗਾਇਕ ਦੇ ਇੰਸਟਾਗ੍ਰਾਮ ‘ਤੋਂ ਲਹੂ ਨਾਲ ਲੱਥਪੱਥ ਚਿਹਰੇ ਅਤੇ ਧੂੜ ਭਰੇ ਕੱਪੜਿਆਂ ਦੀ ਇੱਕ ਫੋਟੋ ਸਾਂਝੀ ਕੀਤੀ ਗਈ ਹੈ। ਇਨ੍ਹਾਂ ਫੋਟੋਆਂ ਨੂੰ ਦੇਖ ਕੇ ਪ੍ਰਸ਼ੰਸਕ ਵੀ ਬਹੁਤ ਚਿੰਤਤ ਹੋ ਗਏ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲੱਗੇ। ਹਾਲਾਂਕਿ, ਇਹ ਤਸਵੀਰਾਂ ਦਿਲਜੀਤ ਦੀ ਕਿਸੇ ਆਉਣ ਵਾਲੀ ਫਿਲਮ ਦੇ ਦ੍ਰਿਸ਼ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ, ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾਇਆ ਕਿ ਕੋਈ ਦਿਲਚਸਪ ਕਹਾਣੀ ਬਣ ਰਹੀ ਹੈ ਜੋ ਜਲਦੀ ਹੀ ਦਰਸ਼ਕਾਂ ਸਾਹਮਣੇ ਪੇਸ਼ ਕੀਤੀ ਜਾਏਗੀ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਨੇ ਲਿਖਿਆ, ‘ਮੈਂ ਹਨੇਰੇ ਨੂੰ ਚੁਣੌਤੀ ਦਿੰਦਾ ਹਾਂ।’
ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ‘ਤੇ ਬਣੀ ਫਿਲਮ ?
ਦਿਲਜੀਤ ਦੀਆਂ ਇਹ ਤਸਵੀਰਾਂ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਜਸਵੰਤ ਸਿੰਘ ਖਾਲੜਾ’ ਦੀ ਬਾਇਓਪਿਕ ‘ਪੰਜਾਬ 95’ ਦੀਆਂ ਹੋ ਸਕਦੀਆਂ ਹਨ। ਪੰਜਾਬ ਦੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ 1995 ਵਿੱਚ ਅਚਾਨਕ ਗਾਇਬ ਹੋ ਗਏ ਸੀ। ਜਿਸ ਤੋਂ ਬਾਅਦ ਅੱਜ ਤੱਕ ਉਨ੍ਹਾਂ ਦੀ ਕੋਈ ਖ਼ਬਰ ਨਹੀਂ ਮਿਲੀ। ਉਨ੍ਹਾਂ ਦੀ ਬਾਇਓਪਿਕ ਦਾ ਐਲਾਨ 2 ਸਾਲ ਪਹਿਲਾਂ 2023 ਵਿੱਚ ਹੋਇਆ ਸੀ। ਜਿਸ ਵਿੱਚ ਦਿਲਜੀਤ ਦੋਸਾਂਝ ਨੂੰ ਮੁੱਖ ਭੂਮਿਕਾ ਵਿੱਚ ਕਾਸਟ ਕੀਤਾ ਗਿਆ ਸੀ। ਹੁਣ ਦਿਲਜੀਤ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਇਸ ਫਿਲਮ ਦੇ ਸੈੱਟ ਦੀਆਂ ਤਸਵੀਰਾਂ ਹਨ। ਹਨੀ ਤਹਿਰਾਨ ਇਸ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਇਸ ਫਿਲਮ ਵਿੱਚ ਦਿਲਜੀਤ ਦੇ ਨਾਲ ਅਰਜੁਨ ਰਾਮਪਾਲ ਅਤੇ ਜਗਜੀਤ ਸੰਧੂ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਕੌਣ ਸੀ ਜਸਵੰਤ ਸਿੰਘ ਖਾਲੜਾ ?
ਜਸਵੰਤ ਸਿੰਘ ਖਾਲੜਾ ਇੱਕ ਬਹਾਦਰ ਮਨੁੱਖੀ ਅਧਿਕਾਰ ਕਾਰਕੁਨ ਸੀ, ਜਿਨ੍ਹਾਂ ਨੇ ਪੰਜਾਬ ਵਿੱਚ ਬਗਾਵਤ ਦੌਰਾਨ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਕਥਿਤ ਗੈਰ-ਨਿਆਇਕ ਕਤਲਾਂ ਦਾ ਪਰਦਾਫਾਸ਼ ਕੀਤਾ ਸੀ। ਕਾਰਕੁਨਾਂ ਦੇ ਪਰਿਵਾਰ ਤੋਂ ਆਉਣ ਵਾਲੇ ਖਾਲੜਾ ਨੇ ਇੱਕ ਜਾਂਚ ਦੀ ਅਗਵਾਈ ਕੀਤੀ ਜਿਸ ਵਿੱਚ ਖੁਲਾਸਾ ਹੋਇਆ ਕਿ ਪੰਜਾਬ ਪੁਲਿਸ ਨੇ ਬਿਨਾਂ ਕਿਸੇ ਰਿਕਾਰਡ ਦੇ 25,000 ਤੋਂ ਵੱਧ ਸਿੱਖਾਂ ਨੂੰ ਅਗਵਾ ਕੀਤਾ, ਮਾਰ ਦਿੱਤਾ ਅਤੇ ਅੰਤਿਮ ਸੰਸਕਾਰ ਕੀਤਾ ਸੀ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਰਾਜ ਦੀਆਂ ਕਾਰਵਾਈਆਂ ਵਿੱਚ ਸਹਿਯੋਗ ਕਰਨ ਤੋਂ ਇਨਕਾਰ ਕਰਨ ਕਾਰਨ ਲਗਭਗ 2,000 ਪੁਲਿਸ ਅਧਿਕਾਰੀ ਮਾਰੇ ਗਏ ਸਨ। ਖਾਲੜਾ 1995 ਵਿੱਚ ਰਹੱਸਮਈ ਢੰਗ ਨਾਲ ਗਾਇਬ ਹੋ ਗਏ ਸੀ ਅਤੇ ਆਖਰੀ ਵਾਰ ਅੰਮ੍ਰਿਤਸਰ ਵਿੱਚ ਦੇਖੇ ਗਏ ਸੀ। ਲਗਭਗ ਇੱਕ ਦਹਾਕੇ ਬਾਅਦ, ਸੀਬੀਆਈ ਦੀ ਲੰਬੀ ਜਾਂਚ ਤੋਂ ਬਾਅਦ ਛੇ ਪੁਲਿਸ ਅਧਿਕਾਰੀਆਂ ਨੂੰ ਉਨ੍ਹਾਂ ਦੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ।