ਕਿਲ੍ਹਾ ਰਾਏਪੁਰ ਦੀਆਂ ਪੇਂਡੂ ਓਲੰਪਿਕ ਖੇਡਾਂ 31 ਜਨਵਰੀ ਤੋਂ ਸ਼ੁਰੂ। ਖਿਡਾਰੀ 3 ਦਿਨ ਦਿਖਾਉਣਗੇ ਜੌਹਰ। 2 ਫ਼ਰਵਰੀ ਨੂੰ ਆਖਰੀ ਦਿਨ।
ਕਿਲ੍ਹਾ ਰਾਏਪੁਰ ਦੀਆਂ ਪੇਂਡੂ ਓਲੰਪਿਕ ਖੇਡਾਂ 31 ਜਨਵਰੀ ਤੋਂ 2 ਫ਼ਰਵਰੀ ਤੱਕ ਹੋਣ ਜਾ ਰਹੀਆਂ ਹਨ। ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ ਪੱਤੀ ਸੁਹਾਵੀਆ ਦੇ ਪ੍ਰਧਾਨ ਕਰਨਲ ਸੁਰਿੰਦਰ ਸਿੰਘ ਤੇ ਸੈਕਟਰੀ ਗੁਰਵਿੰਦਰ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ਕਰ ਕੇ ਮਿੰਨੀ ਓਲੰਪਿਕਸ ਦੇ ਨਾਮ ਤੋਂ ਮਕਬੂਲ ਇਨ੍ਹਾਂ ਖੇਡਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰਧਾਨ ਕਰਨਲ ਸੁਰਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਕਿਲ੍ਹਾ ਰਾਏਪੁਰ ਦੀਆਂ ਪੇਂਡੂ ਓਲੰਪਿਕਸ ਪੂਰੇ ਜੋਸ਼ ਨਾਲ 31 ਜਨਵਰੀ, 1 ਤੇ 2 ਫਰਵਰੀ ਨੂੰ ਪੰਜਾਬ ਸਰਕਾਰ ਦੀ ਮਦਦ ਨਾਲ ਕਰਵਾਈਆਂ ਜਾ ਰਹੀਆਂ ਹਨ।
ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਲਈ ਮੁਕਾਬਲੇ ਓਪਨ
ਪੇਂਡੂ ਓਲੰਪਿਕਸ ਵਿੱਚ ਹਾਕੀ ਲੜਕੇ ਅਤੇ ਲੜਕੀਆਂ, ਐਥਲੈਟਿਕਸ ਲੜਕੇ ਤੇ ਲੜਕੀਆਂ, 65 ਸਾਲ ਤੋਂ ਉਪਰ, 75 ਸਾਲ ਤੋਂ ਉਪਰ ਤੇ 80 ਸਾਲ ਤੋਂ ਉਪਰ ਬਜ਼ੁਰਗਾਂ ਦੀ ਦੌੜ, ਕਬੱਡੀ ਲੜਕੇ ਤੇ ਲੜਕੀਆਂ, ਇੱਕ ਪਿੰਡ ਓਪਨ, ਕਬੱਡੀ ਆਲ ਓਪਨ ਲੜਕੀਆਂ, ਕਬੱਡੀ ਨੈਸ਼ਨਲ ਸਟਾਈਲ ਅੰਡਰ-14 ਲੜਕੀਆਂ, ਕਬੱਡੀ 17 ਨੈਸ਼ਨਲ ਸਟਾਈਲ ਲੜਕੀਆਂ, ਵਾਲੀਬਾਲ, ਖੋ-ਖੋ, ਰੱਸਾਕਸ਼ੀ ਵਰਗੀਆਂ ਖੇਡਾਂ ਹੋਣਗੀਆਂ। ਇਸ ਤੋਂ ਇਲਾਵਾ ਸਲੋਅ ਸਾਈਕਲ ਰੇਸ, ਬੋਰੀ ਵਾਲੀ ਰੇਸ ਖੇਡਾਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ।

ਪੁਰਾਤਨ ਅਤੇ ਵਿਰਾਸਤੀ ਖੇਡਾਂ ਦਾ ਵੀ ਹੋਵੇਗਾ ਮੁਕਾਬਲਾ
ਇਸ ਖੇਡ ਮੇਲੇ ਨੂੰ ਪੰਜਾਬ ਦੇ ਪੇਂਡੂ ਖੇਡ ਮੇਲੇ ਦਾ ਅਹਿਸਾਸ ਕਰਵਾਉਣ ਲਈ ਪੰਜਾਬ ਦੀਆਂ ਪੁਰਾਤਨ ਅਤੇ ਵਿਰਾਸਤੀ ਖੇਡਾਂ ਕਰਵਾਉਣ ਦਾ ਵੀ ਉਪਰਾਲਾ ਕੀਤਾ ਗਿਆ ਹੈ, ਜਿਸ ਵਿੱਚ ਘੜਾ ਦੌੜ, ਸੂਈ ਧਾਗਾ ਦੌੜ, ਬੋਰੀ ਚੁੱਕਣਾ ਅਤੇ ਬਾਜ਼ੀਗਰਾਂ ਦੇ ਕਰਤੱਬ ਵੀ ਦੇਖਣ ਨੂੰ ਮਿਲਣਗੇ।

ਇਨ੍ਹਾਂ ਖੇਡਾਂ ਤੋਂ ਇਲਾਵਾ ਵਿਅਕਤੀਗਤ ਕਰਤੱਵ ਦੰਦਾਂ ਨਾਲ ਹੱਲ਼ ਚੁੱਕਣਾ ਅਤੇ ਕੰਨਾਂ ਨਾਲ ਗੱਡੀ ਖਿੱਚਣੀ ਵਰਗੀਆਂ ਖੇਡਾਂ ਵੀ ਦਰਸ਼ਕਾਂ ਨੂੰ ਦੇਖਣ ਲਈ ਮਿਲਣਗੀਆਂ। ਸਪੋਰਟਸ ਸੁਸਾਇਟੀ ਦੇ ਸੈਕਟਰੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਖੇਡਾਂ ਨੂੰ ਕਰਵਾਉਣ ਲਈ ਲੁਧਿਆਣਾ ਪ੍ਰਸ਼ਾਸਨ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।