ਪਿਛਲੀ ਸਰਕਾਰ ਸਮੇਂ ਹੋਈਆਂ ਗਲਤੀ ਦੇ ਮਾਮਲੇ ਵਿੱਚ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਲਗਾਉਣ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵੱਲੋਂ 7 ਮੈਂਬਰੀ ਕਮੇਟੀ ਬਣਾਈ ਸੀ।
ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਦੀ ਅੱਜ ਅਹਿਮ ਬੈਠਕ ਹੋ ਜਾਵੇਗੀ। ਇਹ ਬੈਠਕ ਇਸ ਕਰਕੇ ਵੀ ਅਹਿਮ ਹੋ ਜਾਂਦੀ ਹੈ ਕਿ ਇਹ ਬੈਠਕ ਹਰਜਿੰਦਰ ਧਾਮੀ ਦੇ ਅਸਤੀਫਾ ਦੇਣ ਤੋਂ ਤੁਰੰਤ ਬਾਅਦ ਬੁਲਾਈ ਗਈ ਹੈ। ਧਾਮੀ 7 ਮੈਂਬਰੀ ਕਮੇਟੀ ਦੇ ਪ੍ਰਧਾਨ ਹਨ ਅਤੇ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਿਆਂ ਖੁਦ ਨੂੰ ਕਮੇਟੀ ਤੋਂ ਵੀ ਲਾਂਭੇ ਕਰ ਲਿਆ ਸੀ। ਅਜਿਹੀ ਸਥਿਤੀ ਵਿੱਚ ਅੱਜ ਦੇਖਣਾ ਹੋਵੇਗਾ ਕਿ ਇਸ ਬੈਠਕ ਦੀ ਅਗਵਾਈ ਕੌਣ ਕਰਦਾ ਹੈ।
ਇਹ ਮੀਟਿੰਗ ਦੁਪਿਹਰ ਸਾਢੇ 12 ਵਜੇ ਪਟਿਆਲਾ ਦੇ ਬਹਾਦਰਗੜ੍ਹ ਵਿਖੇ ਹੋਵੇਗੀ। ਸੂਤਰਾਂ ਅਨੁਸਾਰ ਕਮੇਟੀ ਮੈਂਬਰਾਂ ਨੇ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੇ ਫੈਸਲੇ ਤੇ ਸਵਾਲ ਚੁੱਕੇ ਸਨ।
ਜੱਥੇਦਾਰ ਨੂੰ ਹਟਾਉਣ ਤੋਂ ਵਿਵਾਦ ਹੋਇਆ ਸ਼ੁਰੂ
ਦਰਅਸਲ ਸ਼੍ਰੋਮਣੀ ਕਮੇਟੀ ਨੇ ਇੱਕ ਜਾਂਚ ਕਮੇਟੀ ਬਣਾਕੇ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਲੱਗੇ ਇਲਜ਼ਾਮਾਂ ਦੀ ਜਾਂਚ ਕਰਵਾਈ ਸੀ। ਇਸ ਜਾਂਚ ਕਮੇਟੀ ਦੀ ਰਿਪੋਰਟ ਦੇ ਅਧਾਰ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਇਸ ਫੈਸਲੇ ਖਿਲਾਫ਼ ਸ਼ੋਸਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਸੀ ਅਤੇ ਕਿਹਾ ਸੀ ਕਿ ਪਿਛਲੇ ਦਿਨਾਂ ਤੋ ਜਿਸ ਤਰ੍ਹਾਂ ਦੇ ਘਟਨਾਕ੍ਰਮ ਵਾਪਰ ਰਹੇ ਹਨ, ਮੈਂ ਉਹਨਾਂ ਨੂੰ ਸਾਰੇ ਪੱਖਾਂ ਤੋਂ ਬੜੀ ਗੰਭੀਰਤਾ ਨਾਲ ਵਾਚ ਰਿਹਾ ਹਾਂ। ਇਨ੍ਹਾਂ ਹਾਲਾਤਾਂ ਤੋਂ ਮੇਰਾ ਮਨ ਬੇਹੱਦ ਦੁਖੀ ਹੋਇਆ ਹੈ।
ਜਲਦ ਹੋਵੇਗੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ
ਹਰਜਿੰਦਰ ਸਿੰਘ ਧਾਮੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਅੰਦਰ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਜਲਦ ਹੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਬੁਲਾਈ ਜਾ ਸਕਦੀ ਹੈ। ਇਸ ਮੀਟਿੰਗ ਵਿੱਚ ਧਾਮੀ ਦੇ ਅਸਤੀਫੇ ਉੱਪਰ ਵਿਚਾਰ ਕੀਤਾ ਜਾਵੇਗਾ।
ਬੀਤੇ ਕੱਲ੍ਹ ਪ੍ਰੈੱਸ ਕਾਨਫਰੰਸ ਕਰਦੇ ਹੋਏ ਧਾਮੀ ਨੇ ਕਮੇਟੀ ਨੂੰ ਉਹਨਾਂ ਦਾ ਅਸਤੀਫਾ ਸਵੀਕਾਰ ਕਰਨ ਲਈ ਅਪੀਲ ਕੀਤੀ ਸੀ। ਜੇਕਰ ਧਾਮੀ ਦਾ ਅਸਤੀਫਾ ਮਨਜ਼ੂਰ ਹੋ ਜਾਂਦਾ ਹੈ ਤਾਂ ਨਵਾਂ ਪ੍ਰਧਾਨ ਚੁਣਨ ਦੀ ਪ੍ਰੀਕ੍ਰਿਆ ਜਲਦੀ ਹੀ ਸ਼ੁਰੂ ਹੋਵੇਗੀ। ਤਾਂ ਅਜਿਹੇ ਵਿੱਚ ਬਾਦਲ ਧਿਰ ਦਾ ਮੁਕਾਬਲਾ ਬਾਗੀਆਂ ਜਾਂ ਬੀਬੀ ਜਗੀਰ ਕੌਰ ਨਾਲ ਹੋ ਸਕਦਾ ਹੈ।