ਭਲਕੇ ਪੰਜਾਬ ਸਰਕਾਰ 2025-26 ਦਾ ਬਜਟ ਪੇਸ਼ ਕਰੇਗੀ।
ਪੰਜਾਬ ਸਰਕਾਰ ਵਿੱਤੀ ਸਾਲ 2025-26 ਲਈ ਲਗਭਗ 2.15 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕਰੇਗੀ। ਇਹ ਰਕਮ ਪਿਛਲੀ ਵਾਰ ਨਾਲੋਂ ਲਗਭਗ 5% ਵੱਧ ਹੈ। ਇਸ ਹਿਸਾਬ ਨਾਲ ਇਹ ਆਮ ਆਦਮੀ ਪਾਰਟੀ ਸਰਕਾਰ ਦਾ ਸਭ ਤੋਂ ਵੱਡਾ ਬਜਟ ਹੋਵੇਗਾ। ਮਿਲੀ ਜਾਣਕਾਰੀ ਮੁੁਤਾਬਕ, ਸੂਬਾ ਸਰਕਾਰ ਨੌਜਵਾਨਾਂ ਨੂੰ 20 ਹਜ਼ਾਰ ਨੌਕਰੀਆਂ ਦੇਣ ਦੀ ਤਿਆਰੀ ਕਰ ਰਹੀ ਹੈ।
ਖੇਤੀਬਾੜੀ ਬਜਟ ਵਿੱਚ 5% ਵਾਧਾ ਸੰਭਵ
ਖੇਤੀਬਾੜੀ ਤੇ ਸਬੰਧਤ ਖੇਤਰਾਂ ਲਈ ₹14,473 ਕਰੋੜ ਦੀ ਵੰਡ ਹੋ ਸਕਦੀ ਹੈ, ਜੋ ਕਿ 5% ਦਾ ਵਾਧਾ ਹੋਵੇਗਾ।
ਨਵੀਆਂ ਸਿੰਚਾਈ ਯੋਜਨਾਵਾਂ, ਜੈਵਿਕ ਖੇਤੀ ਤੇ ਫਸਲ ਵਿਭਿੰਨਤਾ ਲਈ ਵਾਧੂ ਫੰਡਿੰਗ ਮੁਹੱਈਆ ਕਰਵਾਈ ਜਾ ਸਕਦੀ ਹੈ।
ਸਰਕਾਰ ਪਰਾਲੀ ਪ੍ਰਬੰਧਨ ਅਤੇ ਪਾਣੀ ਦੇ ਸੰਕਟ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਵੀਆਂ ਯੋਜਨਾਵਾਂ ਲਿਆ ਸਕਦੀ ਹੈ।
ਉਦਯੋਗ ਵਿੱਚ ਨਿਵੇਸ਼ ਆਕਰਸ਼ਿਤ ਕਰਨ ਦੀ ਯੋਜਨਾ
-
ਸਰਕਾਰ ਉਦਯੋਗ ਲਈ ਇੱਕ ਵਿਸ਼ੇਸ਼ ਪੈਕੇਜ ਲਿਆ ਸਕਦੀ ਹੈ, ਜਿਸ ਨਾਲ ਪੰਜਾਬ ਵਿੱਚ ਨਿਵੇਸ਼ ਵਧੇਗਾ ਤੇ ਰੁਜ਼ਗਾਰ ਦੇ ਮੌਕੇ ਵਧਣਗੇ।
-
MSME ਸੈਕਟਰ ਨੂੰ ਸਬਸਿਡੀ ਤੇ ਟੈਕਸ ਰਾਹਤ ਦਿੱਤੀ ਜਾ ਸਕਦੀ ਹੈ।
-
ਸਰਕਾਰ ਦੀ ਯੋਜਨਾ ਵੱਡੇ ਉਦਯੋਗਾਂ ਨੂੰ ਸੂਬੇ ਵੱਲ ਆਕਰਸ਼ਿਤ ਕਰਨ ਦੀ ਹੈ, ਜਿਸ ਨਾਲ ਮਾਲੀਆ ਵਧੇਗਾ।
ਨਸ਼ਾ ਮੁਕਤ ਪੰਜਾਬ ‘ਤੇ ਰਹੇਗਾ ਜ਼ੋਰ
-
ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਇੱਕ ਵੱਡੀ ਮੁਹਿੰਮ ਸ਼ੁਰੂ ਕਰ ਸਕਦੀ ਹੈ।
-
ਸਿਹਤ ਬਜਟ ਵਧਾ ਕੇ, ਨਸ਼ਾ ਮੁਕਤੀ ਕੇਂਦਰਾਂ ਨੂੰ ਹੋਰ ਫੰਡ ਅਲਾਟ ਕੀਤੇ ਜਾ ਸਕਦੇ ਹਨ।
-
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਸਖ਼ਤ ਕਾਨੂੰਨ ਲਾਗੂ ਕਰਨ ਅਤੇ ਨਿਗਰਾਨੀ ਵਧਾਉਣ ਲਈ ਪੁਲਿਸ ਨੂੰ ਹੋਰ ਸਰੋਤ ਦਿੱਤੇ ਜਾ ਸਕਦੇ ਹਨ।
ਸਿੱਖਿਆ ਅਤੇ ਸਿਹਤ ਵਿੱਚ ਸੁਧਾਰ
-
ਇਸ ਬਜਟ ਵਿੱਚ ਸਿੱਖਿਆ ਖੇਤਰ ਦਾ ਬਜਟ ₹17,200 ਕਰੋੜ ਤੱਕ ਪਹੁੰਚ ਸਕਦਾ ਹੈ।
-
ਸਰਕਾਰੀ ਸਕੂਲਾਂ ਤੇ ਯੂਨੀਵਰਸਿਟੀਆਂ ਵਿੱਚ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਜਾ ਸਕਦਾ ਹੈ।
-
ਸਿਹਤ ਬਜਟ ਵਿੱਚ 8% ਦਾ ਵਾਧਾ ਹੋਣ ਦੀ ਉਮੀਦ ਹੈ, ਜਿਸ ਨਾਲ ਨਵੀਆਂ ਡਾਕਟਰੀ ਸਹੂਲਤਾਂ ਤੇ ਹਸਪਤਾਲ ਖੁੱਲ੍ਹ ਸਕਦੇ ਹਨ।
-
ਸਿਹਤ ਖੇਤਰ ਲਈ ਨਵੇਂ ਮੈਡੀਕਲ ਕਾਲਜ ਸੰਭਵ ਹਨ।
ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਰਜੀਹ ਦੇ ਸਿਖਰ ‘ਤੇ ਰਿਹਾ ਹੈ। ਭਗਵੰਤ ਮਾਨ ਸਰਕਾਰ ਨੇ ਆਪਣੇ ਪਿਛਲੇ ਤਿੰਨ ਬਜਟਾਂ ਵਿੱਚ ਸਿਹਤ ਖੇਤਰ ਵਿੱਚ ਕਈ ਮਹੱਤਵਪੂਰਨ ਕਦਮ ਚੁੱਕੇ ਹਨ ਅਤੇ ਇਸ ਬਜਟ ਵਿੱਚ ਵੀ ਸਿਹਤ ਖੇਤਰ ਸਬੰਧੀ ਵੱਡੇ ਐਲਾਨ ਕੀਤੇ ਜਾ ਸਕਦੇ ਹਨ।
ਇਸ ਸਾਲ ਦੇ ਬਜਟ ਵਿੱਚ ਵੱਡੇ ਐਲਾਨ ਹੋਣ ਦੀ ਉਮੀਦ
-
ਆਮ ਆਦਮੀ ਕਲੀਨਿਕ ਦਾ ਵਿਸਥਾਰ – ਸਰਕਾਰ ਨੇ ਹੁਣ ਤੱਕ 870 ਮੁਹੱਲਾ ਕਲੀਨਿਕ ਖੋਲ੍ਹੇ ਹਨ, ਅਗਲੇ ਬਜਟ ਵਿੱਚ ਇਸ ਨੂੰ ਵਧਾ ਕੇ 1000 ਕਰਨ ਦਾ ਟੀਚਾ ਰੱਖਿਆ ਜਾ ਸਕਦਾ ਹੈ। ਮੁਹੱਲਾ ਕਲੀਨਿਕਾਂ ਵਿੱਚ ਹੋਰ ਡਾਕਟਰ ਤੇ ਮਾਹਰ ਸੇਵਾਵਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ।
-
ਨਵੇਂ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਦਾ ਐਲਾਨ – ਸਰਕਾਰ ਨੇ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਖੋਲ੍ਹਣ ਦਾ ਵਾਅਦਾ ਕੀਤਾ ਸੀ। ਇਸ ਵਾਰ 3-4 ਨਵੇਂ ਮੈਡੀਕਲ ਕਾਲਜਾਂ ਦਾ ਐਲਾਨ ਹੋ ਸਕਦਾ ਹੈ। ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਤੇ ਨਰਸਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ।
-
ਸਰਕਾਰੀ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ – ਮੁਹੱਲਾ ਕਲੀਨਿਕਾਂ ਤੋਂ ਬਾਅਦ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜ਼ਿਲ੍ਹਾ ਅਤੇ ਤਹਿਸੀਲ ਹਸਪਤਾਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਇਸ ਲਈ ਹੁਣ ਬਜਟ ਵਿੱਚ ਇੱਕ ਵੱਡਾ ਫੰਡ ਮੁਹੱਈਆ ਕਰਵਾਇਆ ਜਾ ਸਕਦਾ ਹੈ।