ਪੰਜਾਬ ਵਿੱਚ ਵੱਧ ਰਹੇ ਗ੍ਰਨੇਡ ਹਮਲਿਆਂ ਦੌਰਾਨ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਬਿਆਨਾਂ ਨੇ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ।
ਪੰਜਾਬ ਵਿੱਚ ਹੋ ਰਹੇ ਗ੍ਰਨੇਡ ਹਮਲਿਆਂ ਵਿਚਾਲੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਮੀਡੀਆ ਵਿੱਚ ਦਿੱਤੇ ਬਿਆਨ ਤੋਂ ਬਾਅਦ ਮੁਹਾਲੀ ਵਿੱਚ ਕਾਉਟਰ ਇੰਟੈਲੀਜੈਂਸ ਨੇ ਪ੍ਰਤਾਪ ਬਾਜਵਾ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਿਸ ਤੋਂ ਬਾਅਦ ਬਾਜਵਾ ਨੂੰ ਅੱਜ (14 ਅਪ੍ਰੈਲ) ਨੂੰ ਕ੍ਰਾਈਮ ਬਰਾਂਚ ਥਾਣੇ ਵਿਖੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਸੀ ਪਰ ਬਾਜਵਾ ਪੇਸ਼ ਹੋਣ ਲਈ ਨਹੀਂ ਪਹੁੰਚੇ। ਜਦੋਂ ਕਿ ਬਾਜਵਾ ਦੇ ਵਕੀਲਾਂ ਨੇ ਇੱਕ ਦਿਨਾਂ ਦਾ ਸਮਾਂ ਮੰਗਿਆ ਹੈ।
ਓਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਕਾਰ ਤੇ ਸਵਾਲ ਚੁੱਕੇ ਹਨ। ਵੜਿੰਗ ਨੇ ਕਿਹਾ ਕਿ ਸਰਕਾਰ ਪੁਲਿਸ ਰਾਹੀਂ ਪ੍ਰਤਾਪ ਬਾਜਵਾ ਨੂੰ ਦਬਾਉਣ ਦੀ ਕੋਸ਼ਿਸ ਕਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਬਾਜਵਾ ਤੋਂ ਇਨਪੁੱਟ ਲੈਂਦੇ ਅਤੇ ਆਪਣੀਆਂ ਏਜੰਸੀਆਂ ਨਾਲ ਮਾੜੇ ਅਨਸਰਾਂ ਖਿਲਾਫ਼ ਕਾਰਵਾਈ ਕਰਦੇ ਪਰ ਸਰਕਾਰ ਉਲਟਾ ਪ੍ਰਤਾਪ ਬਾਜਵਾ ਉੱਪਰ ਹੀ ਮਾਮਲਾ ਬਣਾ ਰਹੀ ਹੈ।
ਵੜਿੰਗ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੀ ਕਾਰਵਾਈ ਦੀ ਖਿਲਾਫ਼ ਕਾਂਗਰਸ ਕੋਰਟ ਦਾ ਦਰਵਾਜ਼ਾ ਖੜਕਾਏਗੀ। ਉਹਨਾਂ ਕਿਹਾ ਕਿ ਸਰਕਾਰ ਦੀ ਕਾਰਵਾਈ ਤੋਂ ਕਾਂਗਰਸੀ ਵਰਕਰ ਅਤੇ ਲੀਡਰ ਨਹੀਂ ਡਰਨਗੇ।
ਕੀ ਸੀ ਮਾਮਲਾ
ਦਰਅਸਲ ਕੁੱਝ ਦਿਨ ਪਹਿਲਾਂ ਬਾਜਵਾ ਨੇ ਮੀਡੀਆ ਵਿੱਚ ਇੱਕ ਬਿਆਨ ਦਿੱਤਾ ਸੀ। ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕੁੱਝ ਬੰਬ ਬਾਹਰੋ ਪੰਜਾਬ ਵਿੱਚ ਆਏ ਹਨ। ਜਿਨ੍ਹਾਂ ਵਿੱਚੋਂ ਕੁੱਝ ਤਾਂ ਚੱਲ ਗਏ ਹਨ ਪਰ ਕੁੱਝ ਅਜੇ ਵੀ ਚੱਲ ਵਾਲੀ ਸਥਿਤੀ ਵਿੱਚ ਹਨ। ਜਿਸ ਤੋਂ ਬਾਅਦ ਸਰਕਾਰ ਨੇ ਬਾਜਵਾ ਤੋਂ ਇਸ ਜਾਣਕਾਰੀ ਪਿਛਲਾ ਸੂਤਰ ਪੁੱਛਿਆ।
ਇਸ ਬਿਆਨ ਸਬੰਧੀ ਜਾਣਕਾਰੀ ਲੈਣ ਲਈ ਪੰਜਾਬ ਪੁਲਿਸ ਦੀ ਟੀਮ ਉਹਨਾਂ ਦੇ ਘਰ ਵੀ ਗਈ ਪਰ ਬਾਜਵਾ ਨੇ ਆਪਣੇ ਸੂਤਰਾਂ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ। ਬਾਜਵਾ ਨੇ ਕਿਹਾ ਕਿ ਉਹਨਾਂ ਦੇ ਸੂਤਰਾਂ ਖੁਫੀਆ ਏਜੰਸੀਆਂ ਵਿੱਚ ਵੀ ਹਨ ਅਤੇ ਪੰਜਾਬ ਵਿੱਚ ਵੀ।
ਇਸ ਮਗਰੋਂ ਸ਼ਾਮ ਵੇਲੇ ਪੁਲਿਸ ਨੇ ਮੁਹਾਲੀ ਵਿੱਚ ਬਾਜਵਾ ਖਿਲਾਫ਼ ਇੱਕ ਮਾਮਲਾ ਦਰਜ ਕਰ ਦਿੱਤਾ ਅਤੇ ਬਾਜਵਾ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ। ਜਿਸ ਦੇ ਲਈ ਦੁਪਿਹਰ 12 ਵਜੇ ਦਾ ਸਮਾਂ ਨਿਧਾਰਤ ਕੀਤਾ ਗਿਆ। ਪਰ ਬਾਜਵਾ ਨਿਧਾਰਤ ਸਮੇਂ ਪੁਲਿਸ ਅੱਗੇ ਨਹੀਂ ਪਹੁੰਚੇ। ਸੂਤਰਾਂ ਅਨੁਸਾਰ ਬਾਜਵਾ ਅਤੇ ਕਾਂਗਰਸ ਪਾਰਟੀ ਕੋਰਟ ਦਾ ਰੁਖ ਕਰ ਸਕਦੀ ਹੈ।