ਜਲੰਧਰ ਪੁਲਿਸ ਨੇ ਯੂਟਿਊਬਰ ਰੋਜਰ ਸੰਧੂ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ।
ਜਲੰਧਰ ਪੁਲਿਸ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਵਿੱਚ ਤਾਇਨਾਤ ਇੱਕ ਫੌਜੀ ਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਉੱਪਰ 15-16 ਮਾਰਚ ਦੀ ਦਰਮਿਆਨੀ ਰਾਤ ਨੂੰ ਜਲੰਧਰ ਵਿੱਚ ਯੂਟਿਊਬਰ ਰੋਜਰ ਸੰਧੂ ਦੇ ਘਰ ‘ਤੇ ਗ੍ਰਨੇਡ ਸੁੱਟਣ ਵਾਲੇ ਇੱਕ ਮੁਲਜ਼ਮ ਨੂੰ ਸਿਖਲਾਈ ਦੇਣ ਦਾ ਇਲਜ਼ਾਮ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸਿਪਾਹੀ ਸੁੱਖ ਚਰਨ ਸਿੰਘ ਵਜੋਂ ਹੋਈ ਹੈ।
ਮੁਲਜ਼ਮ ਸੁੱਖ ਚਰਨ ਉਰਫ ਨਿੱਕਾ ਉਰਫ ਦੀਪੂ ਉਰਫ ਫੌਜੀ, ਜਿਸ ਦੀ ਉਮਰ ਕਰੀਬ 30 ਸਾਲ ਹੈ, ਮੁਕਤਸਰ ਸਾਹਿਬ ਜ਼ਿਲ੍ਹੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਇਸ ਸਮੇਂ ਰਾਜੌਰੀ ਵਿੱਚ 163 ਇਨਫੈਂਟਰੀ ਬ੍ਰਿਗੇਡ ਵਿੱਚ ਤਾਇਨਾਤ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਦਿਆਂ ਕਿ, “ਅਸੀਂ ਫੌਜ ਦੇ ਅਧਿਕਾਰੀਆਂ ਨੂੰ ਜਵਾਨ ਵਿਰੁੱਧ ਸਬੂਤਾਂ ਤੋਂ ਜਾਣੂ ਕਰਵਾਇਆ ਹੈ ਅਤੇ ਉਨ੍ਹਾਂ ਨੇ ਮੁਲਜ਼ਮ ਨੂੰ ਸਾਡੀ ਹਿਰਾਸਤ ਵਿੱਚ ਸੌਂਪ ਦਿੱਤਾ ਹੈ।”
ਇੰਸਟਾਗ੍ਰਾਮ ਤੇ ਹੋਈ ਦੋਸਤੀ
ਕਸ਼ਮੀਰ ਤੋਂ ਲਿਆਉਣ ਮਗਰੋਂ ਉਸਨੂੰ ਜਲੰਧਰ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਪੰਜ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਮੁੱਢਲੀ ਜਾਂਚ ਦੇ ਅਨੁਸਾਰ, ਜਵਾਨ ਦੀ ਇੰਸਟਾਗ੍ਰਾਮ ‘ਤੇ ਗ੍ਰਨੇਡ ਸੁੱਟਣ ਵਾਲੇ ਨੌਜਵਾਨ ਨਾਲ ਦੋਸਤੀ ਹੋ ਗਈ। ਉਸ ‘ਤੇ ਇੱਕ ਡਮੀ ਗ੍ਰਨੇਡ ਨਾਲ ਔਨਲਾਈਨ ਸਿਖਲਾਈ ਦੇਣ ਅਤੇ ਫਿਰ ਅਸਲੀ ਗ੍ਰਨੇਡ ਦੀ ਵਰਤੋਂ ਕਰਨ ਦਾ ਤਰੀਕਾ ਦਿਖਾਉਣ ਦਾ ਇਲਜ਼ਾਮ ਹੈ।
ਅਧਿਕਾਰੀ ਨੇ ਕਿਹਾ, “ਕਿਉਂਕਿ ਉਹ ਇੱਕ ਸਿਖਲਾਈ ਪ੍ਰਾਪਤ ਫੌਜੀ ਹੈ, ਇਸ ਲਈ ਉਹ ਅਜਿਹੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਵਰਤੋਂ ਵਿੱਚ ਮਾਹਰ ਸੀ। ਹਿਰਾਸਤ ਵਿੱਚ ਪੁੱਛਗਿੱਛ ਦੌਰਾਨ ਉਸਦੀ ਸ਼ਮੂਲੀਅਤ ਬਾਰੇ ਹੋਰ ਜਾਣਕਾਰੀ ਮਿਲੇਗੀ।” ਜ਼ਿਕਰਯੋਗ ਹੈ ਕਿ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਰੋਜਰ ਸੰਧੂ ‘ਤੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ।