ਆਸਟਰੇਲੀਆ ਦੀ ਲੇਬਰ ਪਾਰਟੀ ਨੇ ਉਨ੍ਹਾਂ ਨੂੰ ਉਪਰਲੇ ਸਦਨ ਲਈ ਆਪਣਾ ਨੁਮਾਇੰਦਾ ਬਣਾਇਆ।
ਪੀਏਯੂ ਦੀ ਸਾਬਕਾ ਵਿਦਿਆਰਥਣ ਡਾ.ਪਰਵਿੰਦਰ ਕੌਰ ਪੱਛਮੀ ਆਸਟਰੇਲੀਆ ਦੀ ਪਾਰਲੀਮੈਂਟ ਵਿੱਚ ਪਹਿਲੀ ਪੰਜਾਬੀ ਔਰਤ ਮੈਂਬਰ ਵਜੋਂ ਸਹੁੰ ਚੁੱਕਣਗੇ। ਨਵੇਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਹਯਾਤਪੁਰ ਰੁੜਕੀ ਵਿਖੇ ਕਸ਼ਮੀਰ ਸਿੰਘ ਦੇ ਘਰ ਜਨਮੀ ਡਾ. ਪਰਵਿੰਦਰ ਕੌਰ ਦੀ ਰੁਚੀ ਸ਼ੁਰੂ ਤੋਂ ਹੀ ਵਿਗਿਆਨਕ ਵਿਸ਼ਿਆਂ ਵਿੱਚ ਸੀ। ਉਸ ਨੇ 12ਵੀਂ ਤੋਂ ਬਾਅਦ ਲੁਧਿਆਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਬੀਐੱਸਸੀ ਅਤੇ ਐੱਮਐੱਸਸੀ ਪੀਏਯੂ. ਤੋਂ ਕਰਨ ਪਿੱਛੋਂ ਉਹ ਉਚੇਰੀ ਪੜ੍ਹਾਈ ਕਰਨ ਲਈ ਆਸਟਰੇਲੀਆ ਚਲੀ ਗਈ ਅਤੇ ਉੱਥੇ ਫਸਲਾਂ ਦੇ ਡੀਐੱਨਏ ਉੱਪਰ ਕੰਮ ਕੀਤਾ।
ਵਿਸ਼ੇਸ਼ ਤੌਰ ’ਤੇ ਪਸ਼ੂਆਂ ਦੇ ਚਾਰੇ ਵਿੱਚ ਬਣਨ ਵਾਲੀ ਮੀਥੇਨ ਗੈਸ ਸੰਬੰਧੀ ਕੀਤੇ ਕਾਰਜ ਲਈ ਉਨ੍ਹਾਂ ਨੂੰ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਸਨਮਾਨਿਤ ਕੀਤਾ। ਪੱਛਮੀ ਆਸਟਰੇਲੀਆ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰਦਿਆਂ ਉਨ੍ਹਾਂ ਸਮਾਜ ਦੀ ਭਲਾਈ ਨੂੰ ਆਪਣਾ ਮੁੱਖ ਮੰਤਵ ਬਣਾਇਆ।
ਇਸੇ ਦੇ ਸਿੱਟੇ ਵਜੋਂ ਆਸਟਰੇਲੀਆ ਦੀ ਲੇਬਰ ਪਾਰਟੀ ਨੇ ਉਨ੍ਹਾਂ ਨੂੰ ਉਪਰਲੇ ਸਦਨ ਲਈ ਆਪਣਾ ਨੁਮਾਇੰਦਾ ਬਣਾਇਆ। ਪੰਜਾਬੀ ਭਾਈਚਾਰੇ ਵਿੱਚ ਚੰਗੇ ਰਸੂਖ ਸਦਕਾ ਡਾ. ਪਰਵਿੰਦਰ ਕੌਰ ਵੱਡੀ ਜਿੱਤ ਨਾਲ ਆਸਟਰੇਲੀਆ ਦੀ ਸੰਸਦ ਦੀਆਂ ਬਰੂਹਾਂ ਤੱਕ ਪਹੁੰਚਣ ਵਾਲੇ ਪਹਿਲੇ ਔਰਤ ਪੰਜਾਬੀ ਮੈਂਬਰ ਬਣੇ ਹਨ। ਪੀਏਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਸਮੂਹ ਉੱਚ ਅਧਿਕਾਰੀਆਂ ਨੇ ਡਾ. ਪਰਵਿੰਦਰ ਦਾ ਆਸਟਰੇਲੀਆ ਦੀ ਸੰਸਦ ਲਈ ਚੁਣੇ ਜਾਣਾ ਬੇਹੱਦ ਸ਼ੁੱਭ ਕਾਰਜ ਮੰਨਿਆ ਅਤੇ ਅਗਲੇਰੀ ਸਫਲਤਾ ਲਈ ਵਧਾਈ ਦਿੱਤੀ।