ਫਿਲਮ ਦੀ ਸ਼ੂਟਿੰਗ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਅਤੇ ਨਿਰਮਾਤਾਵਾਂ ਨੇ ਇਸ ‘ਤੇ ਕਰੋੜਾਂ ਰੁਪਏ ਖਰਚ ਕੀਤੇ ਹਨ।
ਦਿਲਜੀਤ ਦੌਸਾਂਝ ਦੀ ਅਪਕਮਿੰਗ ਫਿਲਮ ਸਰਦਾਰਜੀ 3 ਇਸ ਵੇਲ੍ਹੇ ਵਿਵਾਦਾਂ ਵਿੱਚ ਹੈ। ਵਿਵਾਦ ਦੀ ਵਜ੍ਹਾ ਵੀ ਜਿਆਦਾਤਰ ਲੋਕ ਜਾਣਦੇ ਹਨ। ਜਿਹੜੇ ਨਹੀਂ ਜਾਣਦੇ…ਉਨ੍ਹਾਂ ਨੂੰ ਅਸੀਂ ਦੱਸ ਦਿੰਦੇ ਹਾਂ ਕਿ ਇਹ ਸਾਰਾ ਵਿਵਾਦ ਫਿਲਮ ਵਿੱਚ ਕੰਮ ਕਰ ਰਹੀ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੂੰ ਲੈ ਕੇ ਭਖਿਆ ਹੋਇਆ ਹੈ। ਬੀਤੀ 22 ਅਪ੍ਰੈਲ ਨੂੰ ਜਦੋਂ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਉਸਦੀ ਔਕਾਤ ਵਿਖਾਈ ਤਾਂ ਹਥਿਆਰਾਂ ਨਾਲ ਹਮਲੇ ਤੋਂ ਇਲਾਵਾ ਹੋਰ ਕਈ ਪਾਬੰਦੀਆਂ ਵੀ ਲਗਾ ਦਿੱਤੀਆਂ।
ਸਰਕਾਰ ਦੇ ਇਸ ਫੈਸਲੇ ਦਾ ਪੂਰੇ ਦੇਸ਼ ਵਿੱਚ ਸਵਾਗਤ ਕੀਤਾ ਗਿਆ। ਜਿਸਤੋਂ ਬਾਅਦ ਬਾਲੀਵੁੱਡ ਅਤੇ ਪਾਲੀਵੁੱਡ ਨੇ ਵੀ ਪਾਕਿਸਤਾਨੀ ਕਲਾਕਾਰਾਂ ਦਾ ਬਾਈਕਾਟ ਕਰ ਦਿੱਤਾ। ਜਿਹੜੇ ਪਾਕਿ ਕਲਾਕਾਰਾਂ ਨੇ ਭਾਰਤ ਵਿੱਚ ਪ੍ਰੋਜੈਕਟ ਸਾਈਨ ਕੀਤੇ ਸਨ, ਉਨ੍ਹਾਂ ਦੇ ਸਾਰੇ ਕਰਾਰ ਕੈਂਸਲ ਕਰ ਦਿੱਤੇ ਗਏ। ਪਾਕਿਸਤਾਨ ਖਿਲਾਫ਼ ਲੋਕਾਂ ਵਿੱਚ ਗੁੱਸਾ ਇਸ ਹੱਦ ਤੱਕ ਸੀ ਕਿ ਉਨ੍ਹਾਂ ਨੇ ਉੱਥੋਂ ਦੇ ਕਲਾਕਾਰਾਂ ਵੱਲੋਂ ਜਿਹੜ੍ਹੀਆਂ ਭਾਰਤੀ ਫਿਲਮਾਂ ਵਿੱਚ ਕੰਮ ਕੀਤਾ ਗਿਆ ਸੀ, ਉਨ੍ਹਾਂ ਦਾ ਪੂਰੀ ਤਰ੍ਹਾਂ ਨਾਲ ਬਾਈਕਾਟ ਕਰ ਦਿੱਤਾ। ਇਸਦਾ ਅਸਰ ਉਨ੍ਹਾਂ ਫਿਲਮਾਂ ਤੇ ਵੀ ਪਿਆ, ਜਿਹੜੀਆਂ ਰਿਲੀਜ਼ ਹੋਣ ਕੰਢੇ ਖੜੀਆਂ ਸਨ।
ਦਿਲਜੀਤ ਦੇ ਖਿਲਾਫ਼ ਭੜਕਿਆ ਗੁੱਸਾ
ਇਨ੍ਹਾਂ ਫਿਲਮਾਂ ਵਿੱਚ ਇੱਕ ਫਿਲਮ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੌਸਾਂਝ ਦੀ ਵੀ ਹੈ। ਸਰਦਾਰ ਜੀ-3 ਨਾਂ ਦੀ ਇਹ ਫਿਲਮ ਕੱਲ੍ਹ ਭਾਰਤ ਤੋਂ ਇਲਾਵਾ ਪਾਕਿਸਤਾਨ ਸਮੇਤ ਹੋਰਨਾਂ ਕਈ ਦੇਸ਼ਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਹੁਣ ਆਮ ਲੋਕਾਂ ਦੇ ਨਾਲ-ਨਾਲ ਕੁਝ ਸੈਲੇਬਸ ਵੀ ਇਸਨੂੰ ਲੈ ਕੇ ਭਾਰੀ ਰੋਸ ਜਤਾ ਰਹੇ ਹਨ। ਇਨ੍ਹਾਂ ਵਿੱਚ ਸਭ ਤੋਂ ਅੱਗੇ ਪੰਜਾਬੀ ਗਾਇਕ ਮਿੱਕਾ ਸਿੰਘ ਦਾ ਨਾਂ ਸਭ ਤੋਂ ਉੱਤੇ ਹੈ। ਮਿੱਕਾ ਨੇ ਬੀਤੇ ਦਿਨ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਕੇ ਦਿਲਜੀਤ ਤੇ ਤਿੱਖਾ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੂੰ ‘ਫੇਕ ਸਿੰਗਰ’ ਤੱਕ ਕਹਿ ਦਿੱਤਾ ।
ਮੀਕਾ ਸਿੰਘ ਨੇ ਕਿਹਾ ਕਿ ਦਿਲਜੀਤ ਦੋਸਾਂਝ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਫਿਲਮ ਵਿੱਚੋਂ ਸਾਰੇ ਇਤਰਾਜ਼ਯੋਗ ਦ੍ਰਿਸ਼ ਹਟਾਉਣੇ ਚਾਹੀਦੇ ਹਨ। ਮੀਕਾ ਨੇ ਲਿਖਿਆ, “ਦੋਸਤੋ, ਮੈਂ ਸਮਝਦਾ ਹਾਂ ਕਿ ਅਸੀਂ ਸਾਰੇ ਜ਼ਿੰਦਗੀ ਵਿੱਚ ਗਲਤੀਆਂ ਕਰਦੇ ਹਾਂ, ਪਰ ਜਦੋਂ ਅਸੀਂ ਕਰਦੇ ਹਾਂ, ਤਾਂ ਸਿਰਫ਼ ਇੱਕ ਸ਼ਬਦ ਕਹਿਣਾ ਚਾਹੀਦਾ ਹੈ: ਸੌਰੀ। ਜੇਕਰ ਦਿਲਜੀਤ ਨੇ ਕੋਈ ਗਲਤੀ ਕੀਤੀ ਹੈ, ਤਾਂ ਅਸੀਂ ਸਾਰੇ ਮਾਫ਼ ਕਰਨ ਲਈ ਤਿਆਰ ਹਾਂ, ਪਰ ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਫਿਲਮ ਵਿੱਚੋਂ ਸਾਰੇ ਇਤਰਾਜ਼ਯੋਗ ਦ੍ਰਿਸ਼ ਹਟਾਉਣੇ ਚਾਹੀਦੇ ਹਨ। ਬੱਸ ਇੰਨਾ ਹੀ। ਕੋਈ ਨਫ਼ਰਤ ਨਹੀਂ। ਸਿਰਫ਼ ਸਤਿਕਾਰ। ਦੇਸ਼ ਪਹਿਲਾਂ।”


![Diljit-mika-guru-randhawa[1]](https://punjabprotv.com/Punjabi/wp-content/uploads/2025/06/Diljit-mika-guru-randhawa1-640x360.jpeg)






