Home Desh ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ‘ਤੇ ਮੁੜ ਵਿਜੀਲੈਂਸ ਦੀ ਰੇਡ, ਆਮਦਨ ਤੋਂ ਵੱਧ...

ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ‘ਤੇ ਮੁੜ ਵਿਜੀਲੈਂਸ ਦੀ ਰੇਡ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਜਾਂਚ ਜਾਰੀ

76
0

ਪੰਜਾਬ ਵਿਜੀਲੈਂਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ‘ਤੇ ਰੇਡ ਕੀਤੀ ਜਾ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ‘ਤੇ ਪੰਜਾਬ ਵਿਜੀਲੈਂਸ ਵੱਲੋਂ ਰੇਡ ਕੀਤੀ ਜਾ ਰਹੀ ਹੈ। ਦੱਸ ਦਈਏ ਕਿ 25 ਜੂਨ ਨੂੰ ਪੰਜਾਬ ਵਿਜੀਲੈਂਸ ਨੇ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਵੱਖ-ਵੱਖ ਠਿਕਾਣਿਆਂ ‘ਤੇ ਰੇਡ ਕੀਤੀ ਗਈ।
ਸਭ ਤੋਂ ਪਹਿਲਾਂ ਬਿਕਰਮ ਮਜੀਠੀਆ ਨੂੰ ਉਨ੍ਹਾਂ ਦੀਆਂ ਬੇਨਾਮੀ ਜਾਇਦਾਦਾਂ ਦੀ ਪਛਾਣ ਲਈ ਸ਼ਿਮਲਾ ਲਿਜਾਇਆ ਗਿਆ। ਇਸ ਦੌਰਾਨ ਤਿੰਨ ਗੱਡੀਆਂ ਵਿੱਚ ਅੱਠ ਵਿਜੀਲੈਂਸ ਅਧਿਕਾਰੀ ਵੀ ਮੌਜੂਦ ਸਨ। ਟੀਮ ਮਜੀਠੀਆ ਨੂੰ ਜਾਇਦਾਦ ਦੀ ਪਛਾਣ ਕਰਨ ਲਈ ਮਸ਼ੋਬਰਾ ਦੇ ਨਾਲ ਡੇਹਰਾ ਗੋਲਫ ਗਰਾਊਂਡ ਵੀ ਲੈ ਕੇ ਗਈ ਸੀ।

ਗੋਰਖਪੁਰ ਸਰਈਆ ਡਿਸਟਿਲਰੀ ‘ਤੇ ਛਾਪਾ

ਮਜੀਠੀਆ ਦੀ ਗੋਰਖਪੁਰ ਸਰਈਆ ਡਿਸਟਿਲਰੀ, ਉਨ੍ਹਾਂ ਦੀ ਸਰਦਾਰ ਨਗਰ ਕੋਠੀ ਅਤੇ ਖੰਡ ਮਿੱਲ ‘ਤੇ ਵੀ ਜਾਂਚ ਟੀਮਾਂ ਵੱਲੋਂ ਛਾਪਾ ਮਾਰਿਆ। ਵਿਜੀਲੈਂਸ ਵੱਲੋਂ 540 ਕਰੋੜ ਰੁਪਏ ਦੀ ਗੈਰ-ਕਾਨੂੰਨੀ ਜਾਇਦਾਦ ਦੇ ਮਾਮਲੇ ਵਿੱਚ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ।

ਨਿਯਮਤ ਜ਼ਮਾਨਤ ਲਈ ਅਰਜ਼ੀ ਦਾਇਰ

ਮਜੀਠੀਆ ਦੀ ਲੀਗਲ ਟੀਮ ਨੇ ਹੁਣ ਉਨ੍ਹਾਂ ਨੂੰ ਜਮਾਨਤ ਤੇ ਜੇਲ੍ਹ ਤੋਂ ਬਾਹਰ ਲੈ ਕੇ ਆਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦੇ ਵਕੀਲਾਂ ਨੇ ਮੋਹਾਲੀ ਅਦਾਲਤ ਵਿੱਚ ਨਿਯਮਤ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਹੈ। ਅਦਾਲਤ ਨੇ ਇਸ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਮਾਮਲੇ ਦੀ ਸੁਣਵਾਈ 22 ਜੁਲਾਈ ਨੂੰ ਹੋਵੇਗੀ। ਉਹ ਇਸ ਸਮੇਂ ਨਵੀਂ ਨਾਭਾ ਜੇਲ੍ਹ ਵਿੱਚ ਬੰਦ ਹੈ।
ਵਕੀਲਾਂ ਨੇਕਿਹਾ ਹੈ ਕਿ ਮਜੀਠੀਆ ਨੂੰ ਜੇਲ੍ਹ ਮੈਨੂਅਲ ਮੁਤਾਬਕ ਔਰੇਂਜ ਕੈਟੀਗਰੀ ਦੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨੂੰ ਹੋਰ ਦੋਸ਼ੀ ਜਾਂ ਮੁਕੱਦਮਾ ਅਧੀਨ ਕੈਦੀਆਂ ਤੋਂ ਵੱਖਰਾ ਰੱਖਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਅਦਾਲਤ ਤੋਂ ਗ੍ਰਿਫ਼ਤਾਰੀ ਦੇ ਆਧਾਰਾਂ ਅਤੇ ਜੇਲ੍ਹ ਮੈਨੂਅਲ ਦੀ ਕਾਪੀ ਵੀ ਮੰਗੀ ਹੈ।

ਸੁਖਬੀਰ ਬਾਦਲ ਕਰਨਗੇ ਮਜੀਠੀਆ ਨਾਲ ਮੁਲਾਕਾਤ

ਬੀਤੇ ਕੱਲ੍ਹ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਨੇ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਸੀ। ਮਿਲੀ ਜਾਣਕਾਰੀ ਮੁਤਾਬਕ ਅੱਜ ਸੁਖਬੀਰ ਸਿੰਘ ਬਾਦਲ ਨਵੀਂ ਨਾਭਾ ਜੇਲ੍ਹ ਵਿੱਚ ਮਜੀਠੀਆ ਨੂੰ ਮਿਲਣ ਜਾਣਗੇ।

Previous articleGolden Temple ਨੂੰ ਫਿਰ ਬੰਬ ਨਾਲ ਉਡਾਉਣ ਦੀ ਧਮਕੀ, SGPC ਸਕੱਤਰ ਨੇ ਕੀਤੀ ਅਪੀਲ
Next articleBikram Majithia ਦੀ ਰਿਹਾਇਸ਼ ‘ਤੇ ਅੱਜ ਵੀ ਜਾਂਚ, ਆਗੂ ਦਾ ਵਕੀਲ ਵੀ ਮੌਕੇ ‘ਤੇ ਮੌਜੂਦ, ਭਾਰੀ ਪੁਲਿਸ ਬਲ ਤੈਨਾਤ

LEAVE A REPLY

Please enter your comment!
Please enter your name here