Home Desh ਲੱਦਾਖ ਚ ਲੈਂਡ ਸਲਾਈਡਿੰਗ ਵਿੱਚ ਸ਼ਹੀਦ ਹੋਏ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਮਨਕੋਟਿਆ...

ਲੱਦਾਖ ਚ ਲੈਂਡ ਸਲਾਈਡਿੰਗ ਵਿੱਚ ਸ਼ਹੀਦ ਹੋਏ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਮਨਕੋਟਿਆ ਦਾ ਅੱਜ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ

135
0

ਲੱਦਾਖ ਦੇ ਗਲਵਾਨ ਦੇ ਚਾਰਬਾਗ ਇਲਾਕੇ ਵਿੱਚ ਬੁੱਧਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ।

ਕੱਲ੍ਹ ਸਵੇਰੇ ਲੱਦਾਖ ਨਾਲ ਲੱਗਦੀ ਭਾਰਤ-ਚੀਨ ਸਰਹੱਦ ‘ਤੇ ਲੈਂਡ ਸਲਾਈਡਿੰਗ ਹੋਈ ਸੀ। ਇਸ ਹਾਦਸੇ ਵਿੱਚ ਪਠਾਨਕੋਟ ਦੇ ਰਹਿਣ ਵਾਲੇ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਸ਼ਹੀਦ ਹੋ ਗਏ। ਭਾਨੂ ਪ੍ਰਤਾਪ ਸਿੰਘ ਆਪਣੇ ਪਿੱਛੇ ਆਪਣੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਇੱਕ ਸਾਲ ਦੇ ਪੁੱਤਰ ਨੂੰ ਛੱਡ ਗਏ ਹਨ। ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਪਠਾਨਕੋਟ ਪਹੁੰਚੀ। ਜਿੱਥੇ ਪੂਰੇ ਫੌਜੀ ਸਨਮਾਨਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ।
ਕੱਲ੍ਹ ਲੱਦਾਖ ਨਾਲ ਲੱਗਦੀ ਭਾਰਤ-ਚੀਨ ਸਰਹੱਦ ‘ਤੇ ਅਚਾਨਕ ਲੈਂਡ ਸਲਾਈਡਿੰਗ ਕਾਰਨ ਫੌਜ ਦੀ ਇੱਕ ਗੱਡੀ ਪੱਥਰਾਂ ਦੀ ਲਪੇਟ ਵਿੱਚ ਆ ਗਈ। ਜਿਸ ਕਰਕੇ ਪਠਾਨਕੋਟ ਦੇ ਲੈਫਟੀਨੈਂਟ ਕਰਨਲ ਅਤੇ ਗੁਰਦਾਸਪੁਰ ਦੇ ਨਾਇਕ ਦਲਜੀਤ ਸਿੰਘ ਸ਼ਹੀਦ ਹੋ ਗਏ। ਨਾਲ ਹੀ ਤਿੰਨ ਅਧਿਕਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ, ਜੋ ਕਿ ਪਠਾਨਕੋਟ ਦੇ ਰਹਿਣ ਵਾਲੇ ਸਨ, ਉਨ੍ਹਾਂ ਦੀ ਦੇਹ ਅੱਜ ਪਠਾਨਕੋਟ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੀ ਤਾਂ ਉੱਥੇ ਮੌਜੂਦ ਹਰ ਕਿਸੇ ਦੀਆਂ ਅੱਖਾਂ ਨਮ ਸਨ।
ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਆਪਣੇ ਪਿੱਛੇ ਆਪਣੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਡੇਢ ਸਾਲ ਦੇ ਪੁੱਤਰ ਨੂੰ ਛੱਡ ਗਏ ਹਨ। ਉਨ੍ਹਾਂ ਦੀ ਮ੍ਰਿਤਕ ਦੇਹ ਦੇ ਨਾਲ ਸੀਨੀਅਰ ਫੌਜ ਅਧਿਕਾਰੀ ਵੀ ਉੱਥੇ ਪਹੁੰਚੇ ਹਨ, ਜਿੱਥੇ ਸ਼ਹੀਦ ਨੂੰ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮੌਕੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਵੱਲੋਂ ਸ਼ਰਧਾਂਜਲੀ ਵਜੋਂ ਫੁੱਲ ਵੀ ਭੇਟ ਕੀਤੇ ਗਏ।

ਪਰਿਵਾਰ ਨੂੰ ਹੈ ਪੁੱਤਰ ਦੀ ਸ਼ਹਾਦਤ ‘ਤੇ ਮਾਣ

ਇਸ ਬਾਰੇ ਗੱਲ ਕਰਦਿਆਂ ਸ਼ਹੀਦ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ‘ਤੇ ਮਾਣ ਹੈ ਜੋ ਦੇਸ਼ ਲਈ ਸ਼ਹੀਦ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਫੌਨ ਕਰਕੇ ਇਸ ਹਾਦਸੇ ਬਾਰੇ ਸੂਚਨਾ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਨਾਲ ਜਾਣ ਨਾਲ ਪਰਿਵਾਰ ਨੂੰ ਤਾਂ ਨੁਕਸਾਨ ਹੋਇਆ ਹੀ ਹੈ ਨਾਲ ਹੀ ਉਨ੍ਹਾਂ ਦੀ ਯੂਨਿਟ ਅਤੇ ਦੇਸ਼ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ।
ਉੱਧਰ, ਇਸ ਬਾਰੇ ਗੱਲ ਕਰਦਿਆਂ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁਮਾਰ ਰਵਿੰਦਰ ਵਿੱਕੀ ਨੇ ਕਿਹਾ ਕਿ ਸ਼ਹੀਦ ਦੇ ਪਰਿਵਾਰ ਤੇ ਇਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਔਖੇ ਸਮੇਂ ਵਿੱਚ ਉਨ੍ਹਾਂ ਸੰਸਥਾ ਪਰਿਵਾਰ ਦੇ ਨਾਲ ਚੱਟਾਨ ਵਾਂਗ ਖੜੀ ਹੈ। ਸ਼ਹੀਦ ਪਰਿਵਾਰ ਨੂੰ ਉਨ੍ਹਾਂ ਵੱਲੋਂ ਆਪਣੇ ਪੱਧਰ ਤੇ ਹਰ ਸੰਭਵ ਮਦਦ ਮੁਹਇਆ ਕਰਵਾਈ ਜਾਵੇਗਾ।

ਮੁੱਖ ਮੰਤਰੀ ਨੇ ਦਿੱਤੀ ਸ਼ਰਧਾਜੰਲੀ

ਦੋਵਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਸ਼ਰਧਾਜੰਲੀ ਦਿੱਤੀ। ਉਨ੍ਹਾਂ ਨੇ ਸ਼ੇਅਰ ਕੀਤੀ ਗਈ ਪੋਸਟ ਵਿੱਚ ਲਿਖਿਆ – ਦੋਵਾਂ ਵੀਰ ਜਵਾਨਾਂ ਦੇ ਸ਼ਹੀਦ ਹੋਣ ਦੀ ਦੁਖਦਾਈ ਖਬਰ ਮਿਲੀ। ਨਾਲ ਹੀ ਉਨ੍ਹਾਂ ਨੇ ਦੋਵਾਂ ਪਰਿਵਾਰਾਂ ਪ੍ਰਤੀ ਹਮਦਰਦੀ ਜਤਾਈ ਤੇ ਨਾਲ ਹੀ ਜਖ਼ਮੀ ਹੋਏ ਜਵਾਨਾਂ ਦੇ ਛੇਤੀ ਠੀਕ ਹੋਣ ਦੀ ਵੀ ਕਾਮਨਾ ਕੀਤੀ।

ਕੱਲ ਵਾਪਰਿਆਂ ਸੀ ਦੁਖਦਾਈ ਹਾਦਸਾ

ਇਹ ਹਾਦਸਾ ਬੁੱਧਵਾਰ ਸਵੇਰੇ ਲਗਭਗ 11:30 ਵਜੇ ਵਾਪਰਿਆ ਜਦੋਂ ਦੁਰਬੁਕ ਤੋਂ ਚੋਂਗਤਾਸ਼ ਜਾ ਰਿਹਾ ਇੱਕ ਫੌਜੀ ਵਾਹਨ ਜ਼ਮੀਨ ਖਿਸਕਣ ਕਰਕੇ ਇਸ ਵਿੱਚ ਫਸ ਗਿਆ। ਇਸ ਵਿੱਚ 14 ਸਿੰਧ ਹਾਰਸ ਦੇ ਲੈਫਟੀਨੈਂਟ ਕਰਨਲ ਮਨਕੋਟੀਆ ਅਤੇ ਦਲਜੀਤ ਸਿੰਘ ਸ਼ਹੀਦ ਹੋ ਗਏ। ਜਦੋਂ ਕਿ ਮੇਜਰ ਮਯੰਕ ਸ਼ੁਭਮ (14 ਸਿੰਧ ਹਾਰਸ), ਮੇਜਰ ਅਮਿਤ ਦੀਕਸ਼ਿਤ ਅਤੇ ਕੈਪਟਨ ਗੌਰਵ (60 ਆਰਮਡ) ਜ਼ਖਮੀ ਹੋ ਗਏ ਹਨ। ਜ਼ਖਮੀਆਂ ਦਾ 153 ਜੀਐਚ, ਲੇਹ ਵਿੱਚ ਇਲਾਜ ਚੱਲ ਰਿਹਾ ਹੈ।
Previous articleSunam ‘ਚ ਸ਼ਹੀਦ ਊਧਮ ਸਿੰਘ ਨੂੰ ਸੀਐਮ ਮਾਨ ਅਤੇ ਕੇਜਰੀਵਾਲ ਨੇ ਭੇਟ ਕੀਤੇ ਸ਼ਰਧਾ ਦੇ ਫੁੱਲ
Next articleਭਾਰਤ WCL 2025 ਤੋਂ ਬਾਹਰ, ਪਾਕਿਸਤਾਨ ਨੂੰ ਫਾਈਨਲ ‘ਚ ਮਿਲੀ ਜਗ੍ਹਾ

LEAVE A REPLY

Please enter your comment!
Please enter your name here