Home Desh MP Charanjit Channi ਜਲੰਧਰ ‘ਚੋਂ ਗਾਇਬ, ਚਮਕੌਰ ਸਾਹਿਬ ‘ਚ ਐਕਟਿਵ

MP Charanjit Channi ਜਲੰਧਰ ‘ਚੋਂ ਗਾਇਬ, ਚਮਕੌਰ ਸਾਹਿਬ ‘ਚ ਐਕਟਿਵ

44
0

ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ।

ਜਲੰਧਰ ਸੰਸਦੀ ਹਲਕੇ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਆਏ ਦਿਨ ਸੁਰਖੀਆਂ ਵਿੱਚ ਰਹਿੰਦੇ ਹਨ। ਇਨ੍ਹੀਂ ਦਿਨੀਂ ਉਹ ਰਾਜਨੀਤਿਕ ਅਤੇ ਜਨਤਕ ਭਾਵਨਾਵਾਂ ਦੇ ਘੇਰੇ ਚ ਹਨ। ਹਾਲਾਤ ਅਜਿਹੇ ਹਨ ਕਿ ਇਲਾਕੇ ਦੇ ਲੋਕ ਉਨ੍ਹਾਂ ਨੂੰ ਲਾਪਤਾ ਸੰਸਦ ਮੈਂਬਰ ਕਹਿ ਰਹੇ ਹਨ। ਦੱਸ ਦਈਏ ਕਿ ਜਲੰਧਰ ਦੇ ਸ਼ਾਹਕੋਟ, ਨਕੋਦਰ ਅਤੇ ਫਿਲੌਰ ਇਲਾਕੇ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ।
ਜਿੱਥੇ ਪੂਰੇ ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਜਲੰਧਰ ਵਿੱਚ ਵੀ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ, ਸੈਂਕੜੇ ਘਰ ਨੁਕਸਾਨੇ ਗਏ ਹਨ, ਲੋਕ ਸਰਕਾਰੀ ਮਦਦ ਦੀ ਉਡੀਕ ਕਰ ਰਹੇ ਹਨ ਪਰ ਉਨ੍ਹਾਂ ਦੇ ਸੰਸਦ ਮੈਂਬਰ ਖ਼ੁਦ ਕਿਤੇ ਹੋਰ ਆਪਣੀ ਸਰਗਰਮੀ ਵਿਖਾਉਂਦੇ ਵਿਖਾਈ ਦੇ ਰਹੇ ਹਨ। ਇਸ ਵੇਲੇ ਸਵਾਲ ਇਹ ਖੜ੍ਹੇ ਹੋ ਰਹੇ ਹਨ ਕਿ ਜਿਨ੍ਹਾਂ ਲੋਕਾਂ ਨੇ ਚੰਨੀ ਨੂੰ 2024 ਲੋਕ ਸਭਾ ਚੋਣਾਂ ਵਿੱਚ ਰਿਕਾਰਡ ਤੋੜ ਵੋਟਾਂ ਨਾਲ ਜਿੱਤਾਇਆ। ਉਹ ਅੱਜ ਜਲੰਧਰ ਹਲਕੇ ਦੇ ਲੋਕਾਂ ਦੀ ਸੁਧ ਕਿਉਂ ਨਹੀਂ ਲੈ ਰਹੇ।

ਫੋਟੋਆਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ

ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚੇ ਚੰਨੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਚਮਕੌਰ ਸਾਹਿਬ ਅਤੇ ਭਦੌੜ ਤੋਂ ਇਕੋ ਸਮੇਂ ਲੜੀਆਂ ਸਨ ਪਰ ਦੋਵਾਂ ਥਾਵਾਂ ਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਨਤਾ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਅਤੇ ਸਪੱਸ਼ਟ ਸੰਦੇਸ਼ ਦਿੱਤਾ ਕਿ ਮੁੱਖ ਮੰਤਰੀ ਹੋਣ ਦੇ ਬਾਵਜੂਦ ਉਨ੍ਹਾਂ ਦੀ ਕਾਰਜਸ਼ੈਲੀ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਹਾਲਾਤ ਦੇ ਬਾਵਜੂਦ ਚੰਨੀ ਦਾ ਚਮਕੌਰ ਸਾਹਿਬ ਹਲਕੇ ਨਾਲ ਲਗਾਅ ਖ਼ਤਮ ਨਹੀਂ ਹੋਇਆ ਹੈ। ਇਹੀ ਕਾਰਨ ਹੈ ਕਿ ਉਹ ਹਾਲ ਹੀ ਦੇ ਦਿਨਾਂ ਵਿਚ ਉਸੇ ਹਲਕੇ ਵਿਚ ਲਗਾਤਾਰ ਸਰਗਰਮ ਹਨ। ਉਨ੍ਹਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਉਹ ਬੋਰੀਆਂ ਵਿੱਚ ਮਿੱਟੀ ਭਰਦੇ, ਟਰੈਕਟਰ ਚਲਾਉਂਦੇ ਅਤੇ ਰਾਹਤ ਕਾਰਜਾਂ ਦਾ ਹਿੱਸਾ ਬਣਦੇ ਦਿਖਾਈ ਦੇ ਰਹੇ ਹਨ।

ਚੰਨੀ ਨੂੰ ਜਲੰਧਰ ਵਿੱਚ ਸਰਗਰਮ ਰਹਿਣ ਦੀ ਅਪੀਲ

ਜਲੰਧਰ ਦੇ ਲੋਕ ਇਸ ਨੂੰ ‘ਡਰਾਮਾ’ ਦੱਸ ਰਹੇ ਹਨ। ਲੋਕ ਕਹਿੰਦੇ ਹਨ ਕਿ ਜਲੰਧਰ ਦੇ ਲੋਕਾਂ ਨੇ ਐੱਮ. ਪੀ. ਚੰਨੀ ਨੂੰ ਜਿਤਾਇਆ ਪਰ ਉਹ ਅਜੇ ਵੀ ਚਮਕੌਰ ਸਾਹਿਬ ਤੋਂ ਆਪਣੀ ਰਾਜਨੀਤੀ ਚਮਕਾਉਣ ਵਿਚ ਰੁੱਝੇ ਹੋਏ ਹਨ। ਵੋਟਰਾਂ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਚੰਨੀ ਨੇ ਹਰ ਸਮੇਂ ਲੋਕਾਂ ਨਾਲ ਖੜ੍ਹੇ ਰਹਿਣ ਦਾ ਵਾਅਦਾ ਕੀਤਾ ਸੀ ਪਰ ਅੱਜ ਜਦੋਂ ਲੋਕ ਮੁਸੀਬਤ ਵਿੱਚ ਹਨ ਤਾਂ ਉਹ ਗਾਇਬ ਹਨ। ਇੰਨਾ ਹੀ ਨਹੀਂ ਕਾਂਗਰਸੀ ਅਹੁਦੇਦਾਰ ਵੀ ਉਨ੍ਹਾਂ ਨੂੰ ਮਿਲਣ ਲਈ ਤਰਸ ਰਹੇ ਹਨ। ਜਨਤਾ ਦੀ ਨਾਰਾਜ਼ਗੀ ਨੂੰ ਵੇਖਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੈਪਟਨ ਸੰਦੀਪ ਸੰਧੂ ਨੇ ਆਪਣੇ ਵੱਲੋਂ ਜਾਰੀ ਕੀਤੇ ਇੱਕ ਤਾਜ਼ਾ ਪੱਤਰ ਵਿੱਚ ਸੰਸਦ ਮੈਂਬਰ ਚੰਨੀ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਅਤੇ ਉਨ੍ਹਾਂ ਨੂੰ ਹਾਈਕਮਾਨ ਦੇ ਫ਼ੈਸਲੇ ਅਨੁਸਾਰ ਆਪਣੇ ਸੰਸਦੀ ਹਲਕੇ ਜਲੰਧਰ ਵਿੱਚ ਸਰਗਰਮ ਰਹਿਣ ਦੀ ਅਪੀਲ ਕੀਤੀ।

ਇਹ ਹੁਕਮ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ਵੀ ਚੰਨੀ ਦੀ ਕਾਰਜਸ਼ੈਲੀ ਤੋਂ ਸੰਤੁਸ਼ਟ ਨਹੀਂ ਹੈ। ਕਾਂਗਰਸ ਦੇ ਅੰਦਰੂਨੀ ਸੂਤਰਾਂ ਦਾ ਮੰਨਣਾ ਹੈ ਕਿ ਜੇਕਰ ਸੰਸਦ ਮੈਂਬਰ ਦੀ ਇਹ ਕਾਰਜਸ਼ੈਲੀ ਜਾਰੀ ਰਹੀ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਜਲੰਧਰ ਵਿਚ ਸਿਆਸੀ ਨੁਕਸਾਨ ਝੱਲਣਾ ਪੈ ਸਕਦਾ ਹੈ। ਕਾਂਗਰਸ ਕਿਸ ਮੂੰਹ ਨਾਲ 9 ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਮੰਗਣ ਜਾਵੇਗੀ। ਭਾਵੇਂ ਹੀ ਪੱਤਰ ਜਾਰੀ ਹੋਣ ਤੋਂ ਬਾਅਦ ਸੰਸਦ ਮੈਂਬਰ ਚੰਨੀ ਨੇ ਨਕੋਦਰ ਅਤੇ ਸ਼ਾਹਕੋਟ ਹਲਕਿਆਂ ਦਾ ਹਵਾ-ਹਵਾਈ ਦੌਰਾ ਕਰ ਕੇ ਅਤੇ ਹੜ੍ਹਾਂ ਦੀ ਸਥਿਤੀ ਵਿੱਚ ਕੰਮ ਕਰਨ ਦੀ ਆਪਣੀ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕਰ ਕੇ ਇੱਕ ਰਸਮੀ ਕਾਰਵਾਈ ਕੀਤੀ ਹੈ।

ਜਲੰਧਰ ਤੋਂ ਚੰਨੀ ਨੂੰ ਮਿਲੀ ਸਿਆਸੀ ਸੰਜੀਵਨੀ

2022 ਵਿੱਚ ਕਰਾਰੀ ਹਾਰ ਤੋਂ ਬਾਅਦ ਚੰਨੀ ਦਾ ਸਿਆਸੀ ਕਰੀਅਰ ਲਗਭਗ ਖ਼ਤਮ ਮੰਨਿਆ ਜਾ ਰਿਹਾ ਸੀ ਪਰ ਜੂਨ 2024 ਵਿੱਚ ਜਲੰਧਰ ਦੇ ਲੋਕਾਂ ਨੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਚੁਣ ਕੇ ਇੱਕ ਨਵੀਂ ਸਿਆਸੀ ਸੰਜੀਵਨੀ ਦਿੱਤੀ। ਇਸ ਜਿੱਤ ਨੇ ਚੰਨੀ ਨੂੰ ਸਿਆਸੀ ਦ੍ਰਿਸ਼ ਵਿੱਚ ਮੁੜ ਸਥਾਪਿਤ ਕੀਤਾ। ਹੁਣ ਇਹ ਅਫ਼ਸੋਸ ਦੀ ਗੱਲ ਹੈ ਕਿ ਚੋਣ ਜਿੱਤਣ ਤੋਂ ਬਾਅਦ ਚੰਨੀ ਦਾ ਜਨਤਾ ਨਾਲ ਰਿਸ਼ਤਾ ਕਮਜ਼ੋਰ ਹੁੰਦਾ ਗਿਆ। ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਕਦੋਂ ਜਲੰਧਰ ਆਉਂਦੇ ਹਨ ਅਤੇ ਕਦੋਂ ਚਲੇ ਜਾਂਦੇ ਹਨ, ਉਹ ਕਿੱਥੇ ਰਹਿੰਦੇ ਹਨ। ਇਹ ਹੀ ਕਾਰਨ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਜਲੰਧਰ ਦੇ ਵੱਖ-ਵੱਖ ਹਿੱਸਿਆਂ ਵਿਚ ਐੱਮ. ਪੀ. ਲਾਪਤਾ ਦੇ ਪੋਸਟਰ ਲਗਾਏ ਗਏ ਸਨ।

ਹੜ੍ਹ ਦੀ ਮਾਰ ‘ਤੇ ਸੰਸਦ ਮੈਂਬਰ ਦੀ ਚੁੱਪੀ

ਜਲੰਧਰ ਵਿੱਚ ਆਏ ਹੜ੍ਹਾਂ ਦੇ ਹਾਲਾਤ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ। ਕਈ ਇਲਾਕਿਆਂ ਵਿਚ ਘਰ ਢਹਿ ਗਏ, ਲੋਕ ਬੇਘਰ ਹੋ ਗਏ ਅਤੇ ਰੋਜ਼ਾਨਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਅਜਿਹੀ ਸਥਿਤੀ ਵਿਚ ਸੰਸਦ ਮੈਂਬਰ ਦਾ ਫਰਜ਼ ਬਣਦਾ ਸੀ ਕਿ ਉਹ ਰਾਹਤ ਅਤੇ ਪੁਨਰਵਾਸ ਕਾਰਜਾਂ ਵਿਚ ਸਰਗਰਮ ਭੂਮਿਕਾ ਨਿਭਾਉਂਦੇ। ਪਰ ਚੰਨੀ ਦੀ ਚੁੱਪੀ ਅਤੇ ਗੈਰ-ਹਾਜ਼ਰੀ ਨੇ ਲੋਕਾਂ ਨੂੰ ਡੂੰਘੀ ਨਿਰਾਸ਼ਾ ਵਿਚ ਪਾ ਦਿੱਤਾ ਹੈ। ਜਲੰਧਰ ਦੇ ਕਈ ਪਿੰਡ ਵਾਸੀਆਂ ਦੇ ਨਾਲ-ਨਾਲ ਸ਼ਹਿਰੀ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਸੰਸਦ ਮੈਂਬਰ ਨੇ ਪ੍ਰਭਾਵਿਤ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਦਾ ਨਿੱਜੀ ਤੌਰ ਤੇ ਦੌਰਾ ਕੀਤਾ ਹੁੰਦਾ ਅਤੇ ਸਥਿਤੀ ਵੇਖੀ ਹੁੰਦੀ ਤਾਂ ਪ੍ਰਸ਼ਾਸਨ ਤੇ ਕੰਮ ਕਰਨ ਦਾ ਦਬਾਅ ਵਧ ਜਾਂਦਾ।
Previous articleਪੰਜਾਬ ‘ਚ ਵੱਡੇ ਪੱਧਰ ‘ਤੇ ਅਧਿਕਾਰੀਆਂ ਦੇ ਤਬਾਦਲੇ, ਜਾਣੋ ਸਰਕਾਰ ਨੇ ਕਿਉਂ ਲਿਆ ਫੈਸਲਾ?
Next articleHaryana ਦੇ CM Saini ਨੇ ਜਾਣਿਆ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ, ਫੋਰਟਿਸ ਹਸਪਤਾਲ ‘ਚ ਕੀਤੀ ਮੁਲਾਕਾਤ

LEAVE A REPLY

Please enter your comment!
Please enter your name here