Home Desh Amritsar: ਚੋਰਾਂ ਨੇ ਸ਼ਮਸ਼ਾਨ ਘਾਟ ਤੱਕ ਨਹੀਂ ਛੱਡੇ, ਅਸਥੀਆਂ ਤੱਕ ਕਰ ਲਈਆਂ...

Amritsar: ਚੋਰਾਂ ਨੇ ਸ਼ਮਸ਼ਾਨ ਘਾਟ ਤੱਕ ਨਹੀਂ ਛੱਡੇ, ਅਸਥੀਆਂ ਤੱਕ ਕਰ ਲਈਆਂ ਚੋਰੀ

13
0

ਅੰਮ੍ਰਿਤਸਰ ਦੇ ਨਜ਼ਦੀਕੀ ਪਿੰਡਾਂ ‘ਚ ਚੋਰੀਆਂ ਦੀਆਂ ਵਧਦੀਆਂ ਘਟਨਾਵਾਂ ਨੇ ਲੋਕਾਂ ‘ਚ ਭਾਰੀ ਡਰ ਤੇ ਗੁੱਸੇ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਹਾਲਾਤ ਇਸ ਕਦਰ ਗੰਭੀਰ ਹੋ ਚੁੱਕੇ ਹਨ ਕਿ ਹੁਣ ਚੋਰਾਂ ਨੇ ਸ਼ਮਸ਼ਾਨ ਘਾਟ ਵਰਗੀਆਂ ਥਾਵਾਂ ਨੂੰ ਵੀ ਨਹੀਂ ਛੱਡਿਆ। ਤਾਜ਼ਾ ਮਾਮਲੇ ‘ਚ ਕੱਥੂਨੰਗਲ ਦਾ ਹੈ, ਜਿੱਥੇ ਸ਼ਮਸ਼ਾਨ ਘਾਟ ਤੋਂ ਨਾ ਸਿਰਫ਼ ਲੋਹੇ ਦੇ ਗੇਟ, ਬਿਜਲੀ ਦੀਆਂ ਤਾਰਾਂ ਤੇ ਹੋਰ ਸਮਾਨ ਚੋਰੀ ਹੋਇਆ, ਸਗੋਂ ਇੱਕ ਪਰਿਵਾਰ ਦੀਆਂ ਅਸਥੀਆਂ ਵੀ ਗਾਇਬ ਹੋ ਗਈਆਂ, ਜਿਸ ਨਾਲ ਪਿੰਡ ਵਾਸੀਆਂ ‘ਚ ਗਹਿਰਾ ਦੁੱਖ ਤੇ ਰੋਸ ਹੈ।
ਪੀੜਤ ਪਰਿਵਾਰ ਦੇ ਮੈਂਬਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਹਨਾਂ ਨੇ ਆਪਣੀ ਮਾਤਾ ਦਾ ਸਸਕਾਰ ਕੀਤਾ ਸੀ ਤੇ ਰਿਵਾਜ ਅਨੁਸਾਰ ਅਸਥੀਆਂ ਇਕੱਠੀਆਂ ਕਰਕੇ ਇੱਕ ਥਾਂ ਤੇ ਸੰਭਾਲ ਕੇ ਰੱਖੀਆਂ ਸਨ। ਪਰ ਜਦੋਂ ਉਹ ਦੁਬਾਰਾ ਅਸਥੀਆਂ ਚੁੱਕਣ ਲਈ ਪਹੁੰਚੇ ਤਾਂ ਉਹ ਗਾਇਬ ਸਨ। ਉਨ੍ਹਾਂ ਕਿਹਾ ਕਿ ਇਹ ਘਟਨਾ ਸਿਰਫ਼ ਚੋਰੀ ਨਹੀਂ, ਸਗੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ, ਜਿਸ ਨੂੰ ਉਹ ਕਦੇ ਭੁੱਲ ਨਹੀਂ ਸਕਦੇ।
ਇਸ ਤੋਂ ਇਲਾਵਾ ਪਿੰਡ ਦੇ ਹੋਰ ਵਸਨੀਕਾਂ ਨੇ ਵੀ ਦੱਸਿਆ ਕਿ ਮੱਝਾਂ ਦੀ ਚੋਰੀ, ਘਰਾਂ ਦੇ ਸਮਾਨ ਦੀ ਚੋਰੀ ਤੇ ਸ਼ਮਸ਼ਾਨ ਘਾਟ ਤੋਂ ਲੋਹੇ ਦੇ ਗੇਟ ਤੱਕ ਉਖਾੜ ਕੇ ਲੈ ਜਾਣੀਆਂ ਵਰਗੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ। ਇੱਕ ਹੋਰ ਪੀੜਤ ਨੇ ਦੱਸਿਆ ਕਿ ਉਸ ਦੀਆਂ ਲੱਖਾਂ ਰੁਪਏ ਦੀਆਂ ਮੱਝਾਂ ਵੀ ਚੋਰੀ ਹੋ ਚੁੱਕੀਆਂ ਹਨ, ਪਰ ਅਜੇ ਤੱਕ ਕੋਈ ਪੱਕੀ ਕਾਰਵਾਈ ਨਹੀਂ ਹੋਈ।
ਪਿੰਡ ਦੇ ਸਰਪੰਚ ਜਤਿੰਦਰ ਪਾਲ ਸਿੰਘ ਨੇ ਵੀ ਮੰਨਿਆ ਕਿ ਹਾਲਾਤ ਕਾਫੀ ਖ਼ਰਾਬ ਹਨ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਤੇ ਬੇਰੁਜ਼ਗਾਰੀ ਕਾਰਨ ਅਪਰਾਧ ਵੱਧ ਰਹੇ ਹਨ, ਪਰ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਸ਼ਮਸ਼ਾਨ ਘਾਟ ਚ ਨਸ਼ੇੜੀ ਲੋਕ ਵੀ ਆਉਂਦੇ ਹਨ, ਜੋ ਉਥੇ ਗੰਦਗੀ ਪਾਉਂਦੇ ਹਨ।
ਉੱਧਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਚੋਰੀਆਂ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁੱਝ ਮਾਮਲਿਆਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਤੇ ਜਲਦ ਹੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਫੋਰਸ ਦੀ ਕਮੀ ਦੇ ਬਾਵਜੂਦ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ।
ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਸ਼ਮਸ਼ਾਨ ਘਾਟ ਅਤੇ ਪਿੰਡਾਂ ‘ਚ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ। ਉਨ੍ਹਾਂ ਨੇ 24 ਘੰਟੇ ਨਿਗਰਾਨੀ ਲਈ ਕਰਮਚਾਰੀ ਤਾਇਨਾਤ ਕਰਨ, ਸੁਰੱਖਿਆ ਕੈਮਰੇ ਲਗਾਉਣ ਤੇ ਨਸ਼ੇ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
Previous articleਅਫਵਾਹਾਂ ਕਾਰਨ ਪੈਟਰੋਲ ਪੰਪਾਂ ‘ਤੇ ਭਾਰੀ ਭੀੜ, ਲੰਬੀਆਂ ਲਾਈਨਾਂ ‘ਚ ਖੜ੍ਹੇ ਲੋਕ; ਧੱਕਾ-ਮੁੱਕੀ ਦੇ ਮਾਹੌਲ ‘ਚ ਕਈ ਵਾਰ ਪੰਪ ਕਰਨੇ ਪਏ ਬੰਦ
Next articleTrump ਨੇ ਕੀਤਾ ਬਾਜ਼ਾਰ ਨੂੰ ਕੰਫਿਊਜ਼! ਖੁੱਲ੍ਹਦੇ ਹੀ ਕਰੈਸ਼ ਹੋਇਆ ਸਟਾਕ ਮਾਰਕੀਟ

LEAVE A REPLY

Please enter your comment!
Please enter your name here