ਜਲੰਧਰ : ਪੰਜਾਬ ’ਚ ਕਾਰਪੋਰੇਸ਼ਨ ਚੋਣਾਂ ਹੁਣ ਸੂਬਾ ਸਰਕਾਰ ਵਲੋਂ ਲੋਕ ਸਭਾ ਚੋਣਾਂ ਤੋਂ ਬਾਅਦ ਕਰਵਾਈਆਂ ਜਾਣਗੀਆਂ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਪੱਧਰ ’ਤੇ ਫ਼ੈਸਲਾ ਲਿਆ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਸੂਬੇ ਦੇ ਨਗਰ ਨਿਗਮ ਸ਼ਹਿਰਾਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਤੇ ਪਟਿਆਲਾ ’ਚ 7 ਜਨਵਰੀ ਨੂੰ ਕਾਰਪੋਰੇਸ਼ਨ ਚੋਣਾਂ ਕਰਵਾਉਣ ਦਾ ਫ਼ੈਸਲਾ ਕੀਤਾ ਸੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਇਸ ਸਬੰਧੀ ਤਿਆਰੀਆਂ ਕਰਨ ਲਈ ਕਿਹਾ ਗਿਆ ਸੀ। ਸਰਕਾਰੀ ਹਲਕਿਆਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦਲੀਲ ਹੈ ਕਿ ਕਿਉਂਕਿ ਹੁਣ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਇਸ ਲਈ ਆਮ ਆਦਮੀ ਪਾਰਟੀ ਨੂੰ ਕਾਰਪੋਰੇਸ਼ਨ ਚੋਣਾਂ ਵੱਲ ਜਾਣ ਦੀ ਬਜਾਏ ਆਪਣਾ ਧਿਆਨ ਲੋਕ ਸਭਾ ਚੋਣਾਂ ਜਿੱਤਣ ਵੱਲ ਲਾਉਣਾ ਚਾਹੀਦਾ ਹੈ।
‘ਆਪ’ ਸਰਕਾਰ ਵਲੋਂ ਕਾਰਪੋਰੇਸ਼ਨ ਚੋਣਾਂ ਹੁਣ ਲੋਕ ਸਭਾ ਚੋਣਾਂ ਤੋਂ ਬਾਅਦ ਜੂਨ/ਜੁਲਾਈ 2024 ’ਚ ਹੀ ਕਰਵਾਈਆਂ ਜਾਣਗੀਆਂ। ਪੰਜਾਬ ’ਚ ਕਾਰਪੋਰੇਸ਼ਨ ਚੋਣਾਂ ਪਿਛਲੇ 6-8 ਮਹੀਨਿਆਂ ਤੋਂ ਕਿਸੇ ਨਾ ਕਿਸੇ ਸਿਆਸੀ ਕਾਰਨ ਕਰ ਕੇ ਲਗਾਤਾਰ ਟਲਦੀਆਂ ਆ ਰਹੀਆਂ ਹਨ। ਇਨ੍ਹਾਂ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਪਿਛਲੇ 2 ਮਹੀਨਿਆਂ ਤੋਂ ਤਿਆਰੀਆਂ ਕਰ ਰਹੀਆਂ ਸਨ।
ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਵਲੋਂ ਵੀ ਡਾ. ਸੰਦੀਪ ਪਾਠਕ ਨੇ ਪਾਰਟੀ ਦੇ ਨੇਤਾਵਾਂ ਤੇ ਵਰਕਰਾਂ ਨਾਲ ਬੈਠਕਾਂ ਵੀ ਕੀਤੀਆਂ। ਮੁੱਖ ਮੰਤਰੀ ਨੇ ਆਪਣੇ ਨਜ਼ਦੀਕੀਆਂ ਨੂੰ ਵੀ ਹੁਣੇ ਤੋਂ ਲੋਕ ਸਭਾ ਚੋਣਾਂ ਦੀ ਤਿਆਰੀ ਵਾਸਤੇ ਡੱਟ ਜਾਣ ਲਈ ਕਿਹਾ ਹੈ। ਮੁੱਖ ਮੰਤਰੀ ਆਉਣ ਵਾਲੇ ਦਿਨਾਂ ’ਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਾਰੀਆਂ ਸੀਟਾਂ ’ਤੇ ਦੌਰੇ ਵੀ ਕਰਵਾ ਸਕਦੇ ਹਨ। ਇਸ ਵਿਚ ਕੁੱਝ ਰੈਲੀਆਂ ਅਤੇ ਵਾਲੰਟੀਅਰਾਂ ਨਾਲ ਕੁੱਝ ਬੈਠਕਾਂ ਵੀ ਸ਼ਾਮਲ ਹੋਣਗੀਆਂ। ਇਸ ਸਭ ਦਾ ਮਨੋਰਥ ਪਾਰਟੀ ਦੇ ਹੇਠਲੇ ਪੱਧਰ ਦੇ ਵਰਕਰਾਂ ਨੂੰ ਲੋਕ ਸਭਾ ਚੋਣਾਂ ਲਈ ਤਿਆਰ ਕਰਨਾ ਹੈ।