ਸੰਸਦ ਦਾ ਸਰਦ ਰੁੱਤ ਇਜਲਾਸ ਚੱਲ ਰਿਹਾ ਹੈ ਅਤੇ ਲੋਕ ਸਭਾ ਦੀ ਕਾਰਵਾਈ ਦੌਰਾਨ ਸੁਰੱਖਿਆ ਪ੍ਰਬੰਧਾਂ ਦੀਆਂ ਧੱਜੀਆਂ ਉਡਾਉਂਦਿਆਂ ਹੋਇਆਂ ਦੋ ਵਿਅਕਤੀਆਂ ਨੇ ਦਰਸ਼ਕ ਗੈਲਰੀ ਤੋਂ ਛਾਲ ਮਾਰ ਦਿੱਤੀ। ਇਸ ਦੌਰਾਨ ਇਨ੍ਹਾਂ ਨੇ ਸਮੋਕ ਸਟਿੱਕ ਜਲਾਈਆਂ, ਜਿਸ ਤੋਂ ਬਾਅਦ ਪੂਰੀ ਲੋਕ ਸਭਾ ‘ਚ ਧੂੰਆਂ-ਧੂੰਆਂ ਹੋ ਗਿਆ। ਹਾਲਾਂਕਿ ਬਾਅਦ ‘ਚ ਸੰਸਦ ਦੇ ਸੁਰੱਖਿਆ ਕਰਮਚਾਰੀਆਂ ਨੇ ਦੋਵਾਂ ਨੂੰ ਹਿਰਾਸਤ ‘ਚ ਲੈ ਲਿਆ ਅਤੇ ਸਮੋਕ ਸਟਿੱਕ ਕਾਬੂ ਕਰ ਲਈ।
ਦੋ ਮੁਲਜ਼ਮਾਂ ਵਿੱਚੋਂ ਇੱਕ ਦਾ ਨਾਂ ਸਾਗਰ ਹੈ, ਜਦੋਂ ਕਿ ਦੂਜੇ ਦਾ ਨਾਮ ਨੀਲਮ ਦੱਸਿਆ ਜਾ ਰਿਹਾ ਹੈ। ਇਹ ਆਪਣੇ ਜੁੱਤਿਆਂ ਵਿੱਚ ਸਮੋਕ ਕੈਂਡਲ ਲੁਕਾ ਕੇ ਲਿਆਏ ਸਨ। ਜਿਹੜਾ ਸਪਰੇਅ ਕੀਤਾ ਗਿਆ, ਉਸ ਵਿੱਚੋਂ ਬਾਰੂਦ ਦੀ ਬਦਬੂ ਆ ਰਹੀ ਸੀ। ਇਨ੍ਹਾਂ ਦੋ ਵਿਜ਼ਿਟਰਸ ਕੋਲ ਮੈਸੂਰ ਦੇ ਸੰਸਦ ਮੈਂਬਰ ਦਾ ਰੈਫਰੀ ਪਾਸ ਸੀ। ਦਿੱਲੀ ਪੁਲਿਸ ਦਾ ਐਂਟੀ ਟੈਰਰ ਯੂਨਿਟ ਸਪੈਸ਼ਲ ਸੈੱਲ ਸੰਸਦ ਦੇ ਅੰਦਰ ਹੰਗਾਮਾ ਕਰਨ ਵਾਲੇ ਲੋਕਾਂ ਤੋਂ ਪੁੱਛਗਿੱਛ ਕਰਨ ਪਹੁੰਚਿਆ ਹੈ। ਇਸ ਘਟਨਾ ਨਾਲ ਸਬੰਧਤ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।
ਸੰਸਦ ਮੈਂਬਰ ਮਨੋਜ ਕੋਟਕ ਅਤੇ ਮਲੂਕ ਨਾਗਰ ਨੇ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਫੜ ਲਿਆ ਸੀ, ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਮਲੂਕ ਨਗਰ ਨੇ ਦੱਸਿਆ, ”ਜਿੱਥੇ ਸਾਡੀਆਂ ਸੀਟਾਂ ਹਨ, ਉਸ ਤੋਂ ਥੋੜ੍ਹੀ ਜਿਹੀ ਉੱਤੇ ਹੀ ਇਕ ਦਰਸ਼ਕ ਗੈਲਰੀ ਹੈ, ਜਿੱਥੇ ਇਹ ਲੋਕ ਬੈਠੇ ਹੋਏ ਸਨ। ਇਸ ਸਮੇਂ ਜ਼ੀਰੋ ਆਵਰ (Zero hour) ਚੱਲ ਰਿਹਾ ਸੀ ਅਤੇ ਇਹ ਖਤਮ ਹੋਣ ਵਾਲਾ ਸੀ। ਅਚਾਨਕ ਧੜਾਮ ਦੀ ਆਵਾਜ਼ ਆਈ, ਅਜਿਹੇ ਵਿੱਚ ਮੈਨੂੰ ਲੱਗਿਆ ਕਿ ਕਿਸੇ ਦਾ ਪੈਰ ਤਿਲਕ ਗਿਆ ਹੈ ਅਤੇ ਉਹ ਡਿੱਗ ਗਿਆ ਹੈ। ਜਿਵੇਂ ਹੀ ਮੈਂ ਉੱਪਰ ਵੱਲ ਦੇਖਿਆ ਤਾਂ ਉੱਪਰੋਂ ਇੱਕ ਹੋਰ ਵਿਅਕਤੀ ਨੇ ਛਾਲ ਮਾਰੀ। ਉਸ ਤੋਂ ਬਾਅਦ ਮੈਂ ਸਮਝਿਆ ਗਿਆ ਕਿ ਇਨ੍ਹਾਂ ਲੋਕਾਂ ਦੀ ਨੀਅਤ ਠੀਕ ਨਹੀਂ ਹੈ।”
ਉਨ੍ਹਾਂ ਨੇ ਅੱਗੇ ਕਿਹਾ, “ਇਹ ਲੋਕ ਚੱਲਣ ਦੀ ਬਜਾਏ ਸੀਟਾਂ ਤੋਂ ਛਾਲ ਮਾਰ ਕੇ ਭੱਜ ਰਹੇ ਸਨ। ਜਦੋਂ ਅਸੀਂ 6-7 ਸੰਸਦ ਮੈਂਬਰ ਇਨ੍ਹਾਂ ਲੋਕਾਂ ਨੂੰ ਫੜਨ ਲਈ ਭੱਜੇ ਤਾਂ ਉਨ੍ਹਾਂ ਨੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਸਾਡੇ ਨੇੜੇ ਨਾ ਆਓ, ਤਾਨਾਸ਼ਾਹੀ ਨਹੀਂ ਚੱਲੇਗੀ। ਅਜਿਹੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਨੇੜੇ ਗਏ ਤਾਂ ਉਨ੍ਹਾਂ ਨੇ ਆਪਣਾ ਜੁੱਤਾ ਕੱਢ ਲਿਆ। ਜਦੋਂ ਅਸੀਂ ਉਸ ਨੂੰ ਫੜ ਕੇ ਕੁੱਟਣਾ ਸ਼ੁਰੂ ਕੀਤਾ ਤਾਂ ਉੱਥੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ।”