ਜਲੰਧਰ: ਪੰਜਾਬ ‘ਚ ਕੋਵਿਡ-19 ਦੇ ਨਵੇਂ ਵੇਰੀਐਂਟ ਦੀ ਦਸਤਕ ਦੇ ਨਾਲ ਹੀ ਡਾਕਟਰਾਂ ਨੇ ਸਾਵਧਾਨੀ ਰੱਖਣ ਦੀ ਸਲਾਹ ਦਿੱਤੀ ਹੈ। ਮਾਹਿਰਾਂ ਮੁਤਾਬਕ ਨਵਾਂ ਵੇਰੀਐਂਟ ਜੇ. ਐੱਨ. 1 ਪਹਿਲਾਂ ਵਾਲੇ ਵੇਰੀਐਂਟਸ ਦੇ ਮੁਕਾਬਲੇ ਤੇਜ਼ੀ ਨਾਲ ਫੈਲ ਸਕਦਾ ਹੈ ਪਰ ਇਸ ਤੋਂ ਘਬਰਾਉਣ ਦੀ ਲੋੜ ਨਹੀਂ। ਜੇ. ਐੱਨ. 1 ਵੇਰੀਐਂਟ ਓਮੀਕ੍ਰੋਨ ਦਾ ਹੀ ਰੂਪ ਹੈ ਅਤੇ ਇਸ ਦੇ ਲਈ ਕੋਵਿਡ-19 ਵਰਗੀਆਂ ਹੀ ਸਾਵਧਾਨੀਆਂ ਰੱਖਣ ਦੀ ਲੋੜ ਹੈ।
ਬੀਮਾਰਾਂ ਨੂੰ ਰੱਖਣੀਆਂ ਪੈਣਗੀਆਂ ਇਹ ਸਾਵਧਾਨੀਆਂ
ਡਾਕਟਰਾਂ ਦਾ ਕਹਿਣਾ ਹੈ ਕਿ ਸਰਦੀਆਂ ’ਚ ਖਾਂਸੀ ਤੇ ਜ਼ੁਕਾਮ ਹੋਣ ’ਤੇ ਇਸ ਵੇਰੀਐਂਟ ਤੋਂ ਬਚਣ ਲਈ ਸਾਫ਼-ਸਫ਼ਾਈ ਬਣਾਈ ਰੱਖਣੀ ਜ਼ਰੂਰੀ ਹੈ। ਪਹਿਲਾਂ ਵਾਂਗ ਵਾਰ-ਵਾਰ ਹੱਥ ਧੋਣੇ ਅਤੇ ਸਕੂਲ ਜਾਂ ਕੰਮ ਤੋਂ ਛੁੱਟੀ ਲੈ ਕੇ ਇਸ ਨੂੰ ਰੋਕਣ ਦੇ ਕਾਰਗਰ ਉਪਾਅ ਜਾਰੀ ਰੱਖਣੇ ਚਾਹੀਦੇ ਹਨ। ਬੱਚਿਆਂ ਤੇ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੰਦਿਆਂ ਡਾਕਟਰਾਂ ਨੇ ਕਿਹਾ ਹੈ ਕਿ ਇਸ ਤੋਂ ਇਲਾਵਾ ਸ਼ੂਗਰ, ਬ੍ਰੋਂਕਾਇਟਿਸ ਜਾਂ ਦਮੇ, ਦਿਲ ਤੇ ਕੈਂਸਰ ਦੇ ਮਰੀਜ਼ਾਂ ਨੂੰ ਘਰੋਂ ਬਾਹਰ ਨਿਕਲਣ ਵੇਲੇ ਵਾਧੂ ਸਾਵਧਾਨੀ ਰੱਖਣੀ ਚਾਹੀਦੀ ਹੈ। ਜੇ ਇਸ ਵਰਗ ਦੇ ਕਮਜ਼ੋਰ ਸਮੂਹਾਂ ਵਿਚੋਂ ਕਿਸੇ ਨੂੰ ਫਲੂ ਵਰਗੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਡਾਕਟਰ ਕੋਲ ਜਾਣਾ ਚਾਹੀਦਾ ਹੈ।