ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਭਲਵਾਨ ਬਜਰੰਗ ਪੂਨੀਆ ਨਾਲ ਅਖਾੜੇ ਵਿੱਚ ਭਿੜ ਗਏ। ਦੋਵਾਂ ਨੇ ਅਖਾੜੇ ਵਿੱਚ ਕੁਸ਼ਤੀ ਲੜੀ। ਰਾਹੁਲ ਗਾਂਧੀ ਅੱਜ ਸਵੇਰੇ ਬਜਰੰਗ ਪੁਨੀਆ ਦੇ ਪਿੰਡ ਛਾਰਾ ਦੇ ਅਖਾੜੇ ‘ਚ ਪਹੁੰਚੇ ਸੀ। ਇਸ ਮੌਕੇ ਉਨ੍ਹਾਂ ਨੇ ਭਲਵਾਨਾਂ ਨਾਲ ਗੱਲਬਾਤ ਕੀਤੀ ਤੇ ਕੁਸ਼ਤੀ ਦੇ ਦਾਅ-ਪੇਚ ਸਿੱਖੇ।
ਦੱਸ ਦਈਏ ਕਿ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਤੇ ਪਹਿਲਵਾਨਾਂ ਵਿਚਾਲੇ ਹੋਏ ਵਿਵਾਦ ਦਰਮਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ ਬੁੱਧਵਾਰ ਸਵੇਰੇ ਹਰਿਆਣਾ ਦੇ ਬਜਰੰਗ ਪੁਨੀਆ ਦੇ ਪਿੰਡ ਛਾਰਾ ਦੇ ਅਖਾੜੇ ‘ਚ ਪਹੁੰਚੇ। ਇੱਥੇ ਉਨ੍ਹਾਂ ਨੇ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਨੇ ਬਜਰੰਗ ਪੂਨੀਆ ਨਾਲ ਕੁਸ਼ਤੀ ਖੇਡੀ ਤੇ ਉਸ ਤੋਂ ਦਾਅ-ਪੇਚ ਵੀ ਸਿੱਖੇ।
ਹਾਸਲ ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਕਰੀਬ ਢਾਈ ਘੰਟੇ ਅਖਾੜੇ ਵਿੱਚ ਰਹੇ। ਉਨ੍ਹਾਂ ਨੇ ਨਵੇਂ ਪਹਿਲਵਾਨਾਂ ਨਾਲ ਡਬਲਯੂਐਫਆਈ-ਪਹਿਲਵਾਨ ਵਿਵਾਦ ਬਾਰੇ ਗੱਲਬਾਤ ਕੀਤੀ। ਇਸ ਤੋਂ ਬਾਅਦ ਬਜਰੰਗ ਤੇ ਦੀਪਕ ਪੂਨੀਆ ਦੇ ਕੋਚ ਵਰਿੰਦਰ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਬਜਰੰਗ ਪੂਨੀਆ ਨੇ ਕਿਹਾ ਕਿ ਰਾਹੁਲ ਸਾਡੀ ਰੁਟੀਨ ਦੇਖਣ ਅਖਾੜੇ ‘ਚ ਆਏ ਸੀ ਕਿ ਇੱਕ ਖਿਡਾਰੀ ਦੀ ਜ਼ਿੰਦਗੀ ਕਿਵੇਂ ਦੀ ਹੁੰਦੀ ਹੈ। ਇੱਥੋਂ ਉਹ ਦਿੱਲੀ ਲਈ ਰਵਾਨਾ ਹੋ ਗਏ।
ਵਾਪਸ ਪਰਤਣ ਤੋਂ ਬਾਅਦ ਰਾਹੁਲ ਨੇ ਸਵਾਲ ਕੀਤਾ ਕਿ ਜੇਕਰ ਇਨ੍ਹਾਂ ਖਿਡਾਰਨਾਂ, ਭਾਰਤ ਦੀਆਂ ਧੀਆਂ ਨੂੰ ਆਪਣੇ ਅਖਾੜੇ ਦੀ ਲੜਾਈ ਛੱਡ ਕੇ ਸੜਕਾਂ ‘ਤੇ ਆਪਣੇ ਹੱਕਾਂ ਤੇ ਨਿਆਂ ਲਈ ਲੜਨਾ ਪਵੇ ਤਾਂ ਆਪਣੇ ਬੱਚਿਆਂ ਨੂੰ ਇਹ ਰਾਹ ਚੁਣਨ ਲਈ ਕੌਣ ਉਤਸ਼ਾਹਿਤ ਕਰੇਗਾ?
ਰਾਹੁਲ ਗਾਂਧੀ ਦਾ ਇਹ ਅਚਾਨਕ ਦੌਰਾ ਅਜਿਹੇ ਸਮੇਂ ਹੋਇਆ ਜਦੋਂ ਪਹਿਲਵਾਨ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਤੇ ਸਾਕਸ਼ੀ ਮਲਿਕ ਨੇ WFI ਨੂੰ ਲੈ ਕੇ ਮੋਰਚਾ ਖੋਲ੍ਹ ਦਿੱਤਾ ਹੈ। ਬ੍ਰਿਜ ਭੂਸ਼ਣ ਦੇ ਕਰੀਬੀ ਸੰਜੇ ਸਿੰਘ ਨੂੰ ਫੈਡਰੇਸ਼ਨ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਸੀ।