Home latest News WPL 2026 Final: RCB ਨੇ ਫਿਰ ਰਚਿਆ ਇਤਿਹਾਸ! ਦਿੱਲੀ ਨੂੰ ਹਰਾ ਕੇ...

WPL 2026 Final: RCB ਨੇ ਫਿਰ ਰਚਿਆ ਇਤਿਹਾਸ! ਦਿੱਲੀ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਜਿੱਤਿਆ ਖ਼ਿਤਾਬ

30
0

 ਮਹਿਲਾ ਪ੍ਰੀਮੀਅਰ ਲੀਗ (WPL) ਵਿੱਚ ਰੌਇਲ ਚੈਲੇਂਜਰਜ਼ ਬੈਂਗਲੁਰੂ (RCB) ਨੇ ਇੱਕ ਵਾਰ ਫਿਰ ਆਪਣੀ ਸਰਦਾਰੀ ਸਾਬਿਤ ਕਰ ਦਿੱਤੀ ਹੈ।

ਮਹਿਲਾ ਪ੍ਰੀਮੀਅਰ ਲੀਗ (WPL) ਵਿੱਚ ਰੌਇਲ ਚੈਲੇਂਜਰਜ਼ ਬੈਂਗਲੁਰੂ (RCB) ਨੇ ਇੱਕ ਵਾਰ ਫਿਰ ਆਪਣੀ ਸਰਦਾਰੀ ਸਾਬਿਤ ਕਰ ਦਿੱਤੀ ਹੈ। ਆਰ.ਸੀ.ਬੀ. ਨੇ ਲਗਾਤਾਰ ਦੂਜੀ ਵਾਰ ਮਹਿਲਾ ਪ੍ਰੀਮੀਅਰ ਲੀਗ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਵਡੋਦਰਾ ਵਿਖੇ ਖੇਡੇ ਗਏ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਆਰ.ਸੀ.ਬੀ. ਨੇ ਦਿੱਲੀ ਕੈਪੀਟਲਜ਼ ਨੂੰ 6 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ।
ਇਸ ਮੈਚ ਦੀ ਖਾਸ ਗੱਲ ਇਹ ਰਹੀ ਕਿ ਦਿੱਲੀ ਨੇ ਫਾਈਨਲ ਵਿੱਚ 203 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਸੀ, ਪਰ ਆਰ.ਸੀ.ਬੀ. ਦੀ ਕਪਤਾਨ ਸਮ੍ਰਿਤੀ ਮੰਧਾਨਾ ਅਤੇ ਜਾਰਜੀਆ ਵਾਲ ਦੇ ਸਾਹਮਣੇ ਇਹ ਪਹਾੜ ਵਰਗਾ ਸਕੋਰ ਵੀ ਛੋਟਾ ਸਾਬਿਤ ਹੋਇਆ। ਇਨ੍ਹਾਂ ਦੋਵਾਂ ਖਿਡਾਰਨਾਂ ਨੇ ਦੂਜੀ ਵਿਕਟ ਲਈ ਵਿਸਫੋਟਕ ਸੈਂਕੜੇ ਵਾਲੀ ਸਾਂਝੇਦਾਰੀ ਕਰਕੇ ਦਿੱਲੀ ਦਾ ਚੈਂਪੀਅਨ ਬਣਨ ਦਾ ਸੁਪਨਾ ਚਕਨਾਚੂਰ ਕਰ ਦਿੱਤਾ। ਅੰਤਿਮ ਓਵਰ ਵਿੱਚ ਰਾਧਾ ਯਾਦਵ ਨੇ ਦੋ ਸ਼ਾਨਦਾਰ ਚੌਕੇ ਮਾਰ ਕੇ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।

RCB ਦਾ ਬੱਲੇ ਨਾਲ ਕਮਾਲ

204 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਆਰ.ਸੀ.ਬੀ. ਦੀ ਸ਼ੁਰੂਆਤ ਕਾਫ਼ੀ ਖ਼ਰਾਬ ਰਹੀ। ਸਲਾਮੀ ਬੱਲੇਬਾਜ਼ ਗ੍ਰੇਸ ਹੈਰਿਸ ਸਿਰਫ਼ 9 ਦੌੜਾਂ ਬਣਾ ਕੇ ਜਲਦੀ ਆਊਟ ਹੋ ਗਈ। ਉਸ ਸਮੇਂ ਦਿੱਲੀ ਦੀ ਟੀਮ ਨੂੰ ਲੱਗ ਰਿਹਾ ਸੀ ਕਿ ਅੱਜ ਖ਼ਿਤਾਬ ਉਨ੍ਹਾਂ ਦੀ ਝੋਲੀ ਵਿੱਚ ਪਵੇਗਾ, ਪਰ ਮੰਧਾਨਾ ਅਤੇ ਵਾਲ ਨੇ ਉਨ੍ਹਾਂ ਦੀ ਇਸ ਉਮੀਦ ‘ਤੇ ਪਾਣੀ ਫੇਰ ਦਿੱਤਾ। ਦੋਵਾਂ ਨੇ, ਖਾਸ ਕਰਕੇ ਕਪਤਾਨ ਸਮ੍ਰਿਤੀ ਮੰਧਾਨਾ ਨੇ ਤੂਫ਼ਾਨੀ ਬੱਲੇਬਾਜ਼ੀ ਕਰਦਿਆਂ ਦਿੱਲੀ ਦੇ ਹੱਥੋਂ ਮੈਚ ਖੋਹ ਲਿਆ।
ਪਾਵਰਪਲੇਅ ਵਿੱਚ ਟੀਮ ਦਾ ਸਕੋਰ 59 ਦੌੜਾਂ ਤੱਕ ਪਹੁੰਚਾਇਆ ਅਤੇ ਇਸ ਤੋਂ ਬਾਅਦ ਦੂਜੀ ਵਿਕਟ ਲਈ ਸਿਰਫ਼ 29 ਗੇਂਦਾਂ ਵਿੱਚ 50 ਦੌੜਾਂ ਜੋੜ ਦਿੱਤੀਆਂ। 10 ਓਵਰਾਂ ਤੱਕ ਟੀਮ 100 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਗਈ ਸੀ ਅਤੇ ਦੋਵਾਂ ਨੇ ਮਹਿਜ਼ 58 ਗੇਂਦਾਂ ਵਿੱਚ ਸੈਂਕੜੇ ਵਾਲੀ ਸਾਂਝੇਦਾਰੀ ਕਰਕੇ ਦਿੱਲੀ ਦੇ ਹੌਸਲੇ ਪਸਤ ਕਰ ਦਿੱਤੇ।
ਜਾਰਜੀਆ ਵਾਲ ਨੇ 37 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਜਦੋਂ ਕਿ ਮੰਧਾਨਾ ਨੇ ਇਸ ਦੇ ਲਈ ਸਿਰਫ਼ 23 ਗੇਂਦਾਂ ਲਈਆਂ। ਮੰਧਾਨਾ ਨੇ 2 ਛੱਕਿਆਂ ਅਤੇ 5 ਚੌਕਿਆਂ ਦੀ ਮਦਦ ਨਾਲ ਆਪਣੀ ਹਾਫ-ਸੈਂਚੁਰੀ ਪੂਰੀ ਕੀਤੀ। ਦੋਵਾਂ ਨੇ ਮਿਲ ਕੇ 92 ਗੇਂਦਾਂ ਵਿੱਚ 165 ਦੌੜਾਂ ਦੀ ਵੱਡੀ ਪਾਰੀ ਖੇਡੀ। ਜਦੋਂ ਜਾਰਜੀਆ ਵਾਲ 79 ਦੌੜਾਂ ‘ਤੇ ਸੀ, ਤਾਂ ਉਹ ਮਿਨੂ ਦੀ ਗੇਂਦ ‘ਤੇ ਸ਼ੈਫਾਲੀ ਨੂੰ ਕੈਚ ਦੇ ਬੈਠੀ, ਪਰ ਉਦੋਂ ਤੱਕ ਉਹ ਆਰ.ਸੀ.ਬੀ. ਨੂੰ ਜਿੱਤ ਦੇ ਬਹੁਤ ਕਰੀਬ ਪਹੁੰਚਾ ਚੁੱਕੀ ਸੀ।

ਆਖਰੀ ਓਵਰ ਦਾ ਰੋਮਾਂਚ

ਮੈਚ ਦੇ 19ਵੇਂ ਓਵਰ ਵਿੱਚ ਦਿੱਲੀ ਨੇ ਆਰ.ਸੀ.ਬੀ. ਨੂੰ ਮੁਸੀਬਤ ਵਿੱਚ ਪਾ ਦਿੱਤਾ ਸੀ। ਸ਼ਿਨੇਲੇ ਹੈਨਰੀ ਨੇ ਚੌਥੀ ਗੇਂਦ ‘ਤੇ ਸਮ੍ਰਿਤੀ ਮੰਧਾਨਾ ਨੂੰ 87 ਦੌੜਾਂ ਦੇ ਨਿੱਜੀ ਸਕੋਰ ‘ਤੇ ਬੋਲਡ ਕਰ ਦਿੱਤਾ। ਮੰਧਾਨਾ ਦੇ ਆਊਟ ਹੋਣ ਤੋਂ ਬਾਅਦ ਰਾਧਾ ਯਾਦਵ ਕ੍ਰੀਜ਼ ‘ਤੇ ਆਈ ਅਤੇ ਪਹਿਲੀ ਹੀ ਗੇਂਦ ‘ਤੇ ਮਿੰਨੂ ਮਾਨੀ ਨੇ ਰਾਧਾ ਯਾਦਵ ਦਾ ਕੈਚ ਛੱਡ ਦਿੱਤਾ, ਜੋ ਦਿੱਲੀ ਨੂੰ ਮਹਿੰਗਾ ਪਿਆ। ਆਖਰੀ ਓਵਰ ਵਿੱਚ ਜਿੱਤ ਲਈ 10 ਦੌੜਾਂ ਦੀ ਲੋੜ ਸੀ ਅਤੇ ਰਾਧਾ ਯਾਦਵ ਨੇ ਦੋ ਚੌਕੇ ਜੜ ਕੇ ਟੀਮ ਨੂੰ ਜੇਤੂ ਬਣਾਇਆ। ਇਸ ਹਾਰ ਨਾਲ ਦਿੱਲੀ ਦੀ ਟੀਮ ਲਗਾਤਾਰ ਚੌਥੀ ਵਾਰ ਆਈ.ਪੀ.ਐਲ. (ਮਹਿਲਾ) ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰ ਰਹੀ ਹੈ।

ਜੇਮੀਮਾ ਦੀ ਮਿਹਨਤ ਗਈ ਬੇਕਾਰ

ਮੰਧਾਨਾ ਅਤੇ ਵਾਲ ਦੀਆਂ ਪਾਰੀਆਂ ਨੇ ਦਿੱਲੀ ਦਾ ਦਿਲ ਤੋੜਿਆ, ਪਰ ਦਿੱਲੀ ਦੀ ਕਪਤਾਨ ਜੇਮੀਮਾ ਰੋਡ੍ਰਿਗਜ਼ ਨੇ ਵੀ ਇਸ ਖ਼ਿਤਾਬੀ ਜੰਗ ਵਿੱਚ ਆਪਣੀ ਪੂਰੀ ਤਾਕਤ ਝੋਂਕ ਦਿੱਤੀ ਸੀ। ਜੇਮੀਮਾ ਨੇ 32 ਗੇਂਦਾਂ ਵਿੱਚ ਸ਼ਾਨਦਾਰ ਅਰਧ ਸੈਂਕੜਾ ਜੜਿਆ। ਉਨ੍ਹਾਂ ਤੋਂ ਇਲਾਵਾ ਲੌਰਾ ਵੁਲਫਾਰਟ ਨੇ 44 ਦੌੜਾਂ ਅਤੇ ਸ਼ਿਨੇਲੇ ਨੇ 15 ਗੇਂਦਾਂ ਵਿੱਚ ਨਾਬਾਦ 35 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੀ ਬਦੌਲਤ ਹੀ ਦਿੱਲੀ ਨੇ ਫਾਈਨਲ ਦਾ ਸਭ ਤੋਂ ਵੱਡਾ ਸਕੋਰ ਖੜ੍ਹਾ ਕੀਤਾ, ਪਰ ਗੇਂਦਬਾਜ਼ਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਦਿੱਲੀ ਨੂੰ ਸਭ ਤੋਂ ਅਹਿਮ ਮੈਚ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ।
Previous articleJalandhar ‘ਚ ਮਿਲਿਆ ਕੱਟਿਆ ਹੋਇਆ ਸਿਰ, ਚਸ਼ਮਦੀਦ ਬੋਲਿਆ- ਕੁੱਤਾ ਖਾ ਰਿਹਾ ਸੀ ਦਿਮਾਗ, ਪੁਲਿਸ ਜਾਂਚ ਕਰ ਰਹੀ ਜਾਂਚ
Next article‘ਬਿੱਟੂ ਗੱਦਾਰ ਹੈ…’, Punjab Congress ਦਾ ਮੰਤਰੀ ‘ਤੇ ‘ਸੁਰੀਲਾ ਹਮਲਾ’, ਗਾਣਾ ਕੀਤਾ ਰੀਲੀਜ਼

LEAVE A REPLY

Please enter your comment!
Please enter your name here