ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅੰਦਰ ਕਾਟੋ ਕਲੇਸ਼ ਮੁੜ ਜੱਗ ਜਾਹਰ ਹੁੰਦਾ ਦਿਖਾਈ ਦੇ ਰਿਹਾ ਹੈ। ਕਾਂਗਰਸ ਹਾਈਕਮਾਨ ਅੱਗੇ ਦੋ ਵੱਡੀਆਂ ਮੁਸ਼ਕਲਾਂ ਹਨ ਇੱਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਗਠਜੋੜ ਅਤੇ ਦੂਸਰਾ ਨਵਜੋਤ ਸਿੰਘ ਸਿੱਧੂ ਦੇ ਪਾਰਟੀ ਦੇ ਲੀਡਰਾਂ ਪ੍ਰਤੀ ਤਲਖ ਤੇਵਰ। ਨਵਜੋਤ ਸਿੱਧੂ ਵੱਲੋਂ ਆਪਣੇ ਪੱਧਰ ‘ਤੇ ਕੀਤੀਆਂ ਜਾ ਰਹੀਆਂ ਰੈਲੀਆਂ ‘ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਾਫ਼ ਸਾਫ਼ ਸ਼ਬਦਾਂ ‘ਚ ਕਰਾਰਾ ਜਵਾਬ ਦੇ ਦਿੱਤਾ ਹੈ। ਰਾਜਾ ਵੜਿੰਗ ਨੇ ਕਿਹਾ, ‘ਕਿਸੇ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਕੋਈ ਕਮਜ਼ੋਰ ਨਹੀਂ ਹੈ।
ਕਈ ਵਾਰ ਜਿਸ ਨੂੰ ਕਮਜ਼ੋਰ ਸਮਝਦੇ ਹਾਂ, ਉਹ ਇਹੋ ਜਿਹਾ ਟੀਕਾ ਲਗਾਉਂਦਾ ਹੈ ਕਿ ਤੁਸੀਂ ਲੱਭਦਿਆਂ ਨਹੀਂ ਲੱਭਣਾ।’ ਵੜਿੰਗ ਨੇ ਇਹ ਚਿਤਾਵਨੀ ਉਦੋਂ ਦਿੱਤੀ ਹੈ ਜਦੋਂ ਨਵੇਂ ਸੂਬਾ ਇੰਚਾਰਜ ਦੇਵੇਂਦਰ ਯਾਦਵ ਪਾਰਟੀ ਦਾ ਕੰਮਕਾਜ ਦੇਖਣ ਲਈ ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ‘ਚ ਹਨ ਤੇ ਦੋ ਦਿਨ ਤੋਂ ਪਾਰਟੀ ਦੇ ਨੇਤਾ ਸਿੱਧੂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਰਾਜਾ ਵੜਿੰਗ ਨੇ ਕਿਹਾ, ‘ਸਿੱਧੂ ਕਦੀ 75:25 ਦੀ ਗੱਲ ਕਰਦੇ ਹਨ ਤੇ ਕਦੀ 80:20 ਦੀ। ਉਹ ਸਮਾਂ ਵੀ ਆਏਗਾ ਜਦੋਂ ਉਹ 90:10 (ਸੱਤਾ ਤੇ ਵਿਰੋਧੀ ਧਿਰ ਦੀ ਹਿੱਸੇਦਾਰੀ) ਦੀ ਗੱਲ ਕਰਨੀ ਸ਼ੁਰੂ ਕਰ ਦੇਣਗੇ। ਰਾਜਾ ਵੜਿੰਗ ਨੇ ਕਿਹਾ ਕਿ ਕਿਸੇ ਵੀ ਸੂਬੇ ਵਿੱਚ ਜੋ ਪਾਰਟੀ ਪ੍ਰਧਾਨ ਹੁੰਦਾ ਹੈ ਪਾਰਟੀ ਦੇ ਪ੍ਰੋਗਰਾਮ ਉਸ ਦੇ ਅਨੁਸਾਰ ਹੀ ਹੁੰਦੇ ਹਨ ਪਰ ਇੱਥੇ ਇਸ ਤਰ੍ਹਾਂ ਨਹੀਂ ਚੱਲ ਰਿਹਾ ਅਤੇ ਇਹ ਨਹੀਂ ਹੋਣਾ ਚਾਹੀਦਾ। ਪਰ ਫਿਰ ਵੀ ਮੇਰਾ ਦਿਲ ਬਹੁਤ ਵੱਡਾ ਹੈ, ਮੈਨੂੰ ਕਿਸੇ ਤੋਂ ਅਸਰੁੱਖਿਅਤ ਨਹੀਂ ਹਾਂ, ਕਈ ਲੋਕ ਅਜਿਹੇ ਹਨ ਕੱਦ ਵੱਡਾ ਉਨ੍ਹਾਂ ਦੇ ਦਿਲ ਬੜੇ ਛੋਟੇ ਹਨ। ਉਨ੍ਹਾਂ ਨੂੰ ਘਬਰਾਹਟ ਜਲਦੀ ਹੋ ਜਾਂਦੀ ਹੈ ਪਰ ਮੈਂ ਫਿਰ ਵੀ ਕਹਿਣਾ ਚਾਹੁੰਦਾ ਹਾਂ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਦੀ ਕੋਈ ਕੰਮ ਕਰੇ ਤਾਂ ਉਹ ਕੋਈ ਇਤਰਾਜ਼ ਨਹੀਂ ਪਰ ਕਾਂਗਰਸ ਪਾਰਟੀ ਦੇ ਵਿਰੁੱਧ ਕੰਮ ਕਰਨ ਵਾਲਿਆਂ ਨੂੰ ਲੈ ਕੇ ਕੋਈ ਮੰਚ ‘ਤੇ ਚੜ੍ਹਾ ਕੇ ਤੇ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਖ਼ਿਲਾਫ਼ ਗਾਲਾਂ ਕਢਾਏ ਉਹਦੇ ‘ਤੇ ਬਿਲਕੁਲ ਇਤਰਾਜ਼ ਹੈ ਅਤੇ ਜੇਕਰ ਅਜਿਹਾ ਹੋਏਗਾ 100% ਆਉਣ ਵਾਲੇ ਸਮੇਂ ‘ਤੇ ਕਾਰਵਾਈ ਹੋਵੇਗੀ। ਰਾਜਾ ਵੜਿੰਗ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀਆਂ ਕਾਰਵਾਈਆਂ ਬਾਰੇ ਪੰਜਾਬ ਕਾਂਗਰਸ ਇੰਚਾਰਜ ਨੂੰ ਜਾਣਕਾਰੀ ਦੇ ਦਿੱਤੀ ਹੈ। ਹੁਣ ਫ਼ੈਸਲਾ ਹਾਈ ਕਮਾਨ ਨੇ ਕਰਨਾ ਹੈ।